

ਨਾਲ ਨਹੀਂ ਸੀ ਬੋਲਿਆ। ਮਸ਼ੀਨ ਵਾਲਾ ਹਨੇਰੇ ਵਿੱਚ ਨੀਝ ਲਾ ਕੇ ਵੇਖ ਰਿਹਾ ਸੀ, ਉਹਦੇ ਕੰਨ ਖੜੇ ਸਨ। ਉਹਦੀ ਆਸ ਸੀ ਕਿ ਕੋਈ ਚੰਗਾ ਇਤਫ਼ਾਕ ਇੱਕ ਵਾਰੀ ਫੇਰ ਉਹਦੀ ਮਦਦ ਕਰੇਗਾ। ਤੇ ਜਿੱਥੇ ਇਹ ਸਾਰੇ ਚੱਲੇ ਸਨ, ਓਥੇ ਪਹਿਲਾਂ ਮਾਲਕ ਕ੍ਰਿਸਤੀਆ ਤੇ ਪੁਲੀਸ ਖੜੋਤੀ ਹੋਵੇਗੀ। ਉਹ ਕਿਸੇ ਵੱਲ ਨਾਲ ਪੁਲੀਸ ਸਾਰਜੰਟ ਦਾਂਤਜ਼ਿਚ ਨੂੰ ਓਸ ਦਿਨ ਪਿੰਡੋਂ ਬਾਹਰ ਲੈ ਗਏ ਸਨ, ਪਰ ਉਹਨੂੰ ਝੱਟ ਹੀ ਇਹਨਾਂ ਦੀ ਚਾਲ ਦਾ ਪਤਾ ਲੱਗਾ ਜਾਏਗਾ। ਚਲੋ ਜੇ ਕੋਈ ਹਰਕਤ ਉਹਨਾਂ ਪੰਛੀਵਾੜੇ ਵਿੱਚ ਕਰ ਵੀ ਲਈ, ਅਖ਼ੀਰ ਫ਼ੈਸਲਾ ਤਾਂ ਅਧਿਕਾਰੀਆਂ ਦੇ ਹੱਥ ਹੀ ਸੀ, ਤੇ ਭਾਵੇਂ ਇਹਨਾਂ ਨੂੰ ਜਚੇ ਜਾਂ ਨਾ, ਉਹ ਹਾਲੀ ਪੂਰਾ ਸੂਰਾ ਚੁਣਿਆਂ ਅਧਿਕਾਰੀ ਸੀ।
ਇਹ ਸੱਚ ਸੀ ਕਿ ਢੱਠੀ-ਕੰਢੀ ਵਿੱਚ ਲੋਕਾਂ ਨੂੰ ਜ਼ਮੀਨ ਵੰਡ ਕੇ ਦੇਣ ਦਾ ਕਾਨੂੰਨ ਐਵੇਂ-ਕੈਵੇਂ ਹੀ ਲਾਗੂ ਕੀਤਾ ਗਿਆ ਸੀ, ਤੇ ਪੰਛੀਵਾੜੇ ਦੇ ਜਗੀਰ ਨੂੰ ਹਾਲੀ ਕਿਸੇ ਹੱਥ ਨਹੀਂ ਸੀ ਲਾਇਆ। ਪਰ ਏਸ ਬੇਨੇਮੀ ਲਈ ਸਿਰਫ਼ ਮਾਲਕ ਕ੍ਰਿਸਤੀਆ ਹੀ ਜ਼ਿੰਮੇਵਾਰ ਸੀ। ਹੁਣ ਵਕਤ ਆਇਆ ਸੀ ਕਿ ਉਹ ਸਭਨਾਂ ਸਾਹਮਣੇ ਦੱਸ ਦਏ ਕਿ ਉਹ ਕਿਸ ਮਿੱਟੀ ਦਾ ਬਣਿਆਂ ਹੋਇਆ ਸੀ। ਹੁਣ ਜਾਂ ਫੇਰ ਕਦੇ ਵੀ ਨਹੀਂ। ਇਹ ਪੱਕੀ ਏ। ਉਹ ਇਹਨਾਂ ਬਾਗ਼ੀਆਂ ਤੇ ਗ਼ਦਾਰਾਂ ਦੇ ਖ਼ਿਲਾਫ਼ ਪੁਲਿਸ, ਫ਼ੌਜ ਤੇ ਤੋਪਖ਼ਾਨਾ ਮੰਗਵਾਏਗਾ। 1907 ਦੀ ਬਗ਼ਾਵਤ ਪਿੱਛੋਂ ਜੋ ਸਬਕ ਇਹਨਾਂ ਕਮੀਨਿਆਂ ਨੂੰ ਮਿਲਿਆ ਸੀ, ਉਹ ਇਹ ਭੁੱਲੇ ਤਾਂ ਨਹੀਂ ਹੋਣੇ। ਹੁਣ ਫੇਰ ਉਹੀ ਦੁਹਰਾਇਆ ਜਾਏਗਾ। ਮੇਰੇ ਤੇ ਮਾਲਕ ਕ੍ਰਿਸਤੀਆ ਨੂੰ ਪਰਮੇਸ਼ਰ ਅੰਗ-ਸੰਗ ਸਹਾਈ ਹੋਏਗਾ, ਤੇ ਅਸੀਂ ਏਸ ਬਿਪਤਾ ਨੂੰ ਚੜ੍ਹਦੀਆਂ ਕਲਾਂ ਵਿੱਚ ਪਾਰ ਕਰ ਲਵਾਂਗੇ।
ਪੰਛੀਵਾੜੇ ਵੱਲੋਂ ਸਿਲ੍ਹੀ-ਸਿਲ੍ਹੀ ਪੌਣ ਵਗ ਰਹੀ ਸੀ ਤੇ ਗ੍ਹੀਤਜਾ ਨੂੰ ਪਾਲ਼ਾ ਲੱਗਣ ਲੱਗ ਪਿਆ। ਉਹਨੂੰ ਯਾਦ ਆਇਆ ਸੀ ਕਿ ਉਹਨੇ ਰਾਤ ਦੀ ਰੋਟੀ ਵੀ ਨਹੀਂ ਸੀ ਖਾਧੀ ਹੋਈ , ਤੇ ਉਹਨੂੰ ਇੱਕਦਮ ਭੁੱਖ ਲੱਗ ਗਈ।
ਜਿਉਂ ਹੀ ਇਹ ਜੱਥਾ ਪੰਛੀਵਾੜੇ ਪੁੱਜਿਆ, ਲੋਕਾਂ ਨੇ ਅੱਗਾਂ ਬਾਲ ਲਈਆਂ ਤੇ ਢਾਂਡਰੀਆਂ ਦੁਆਲੇ ਪਿੜ ਬਣਾ ਬਣਾ ਕੇ ਗਰਮਾਂ-ਗਰਮ ਬਹਿਸਾਂ ਵਿੱਚ ਰੁੱਝ ਗਏ। ਕਦੇ ਏਥੇ, ਕਦੇ ਓਥੇ, ਵਿੱਚ ਵਿਚਾਲਿਓਂ ਗੀਤਜ਼ਾ ਨੂੰ ਕੱਢੀਆਂ ਜਾ ਰਹੀਆਂ ਗਾਲ੍ਹਾਂ ਉਹਦੇ ਕੰਨੀਂ ਪੈਂਦੀਆਂ। ਪਰ ਉਹਨੂੰ ਇੱਕ ਗੱਲ ਤਸੱਲੀ ਦੇ ਰਹੀ ਸੀ ਕਿ ਉਹ ਨਾਲ-ਨਾਲ ਹੀ ਤ੍ਰੈ-ਨੱਕੇ ਨੂੰ ਵੀ ਓਸੇ ਤਰ੍ਹਾਂ ਗਾਲ੍ਹਾਂ ਕੱਢੀ ਜਾ ਰਹੇ ਸਨ, ਤੇ ਉਹਨੂੰ ਬੜੀਆਂ ਬਦਦੁਆਵਾਂ ਦੇ ਰਹੇ ਸਨ। ਚਾਚਾ ਤ੍ਰਿਗਲੀਆ ਤੇ ਕਿਤਜ਼ਾ ਕਾਹਲੀ-ਕਾਹਲੀ ਬਿਸਤਰੇ ਵਿੱਚੋਂ ਨਿੱਕਲ ਕੇ ਆਪਣੇ ਮੀਤ੍ਰਿਆ ਨੂੰ ਮਿਲਣ ਤੇ ਜੱਫੀ ਵਿੱਚ ਲੈਣ ਆ ਗਏ ਸਨ, ਉਹ ਉਹਦੇ ਸਾਰੇ ਪਿੰਡੇ ਉੱਤੇ ਪਿਆਰ ਨਾਲ ਹੱਥ ਫੇਰਦੇ ਤੇ ਉਹਨੂੰ ਆਪਣੀ ਹਿੱਕ ਨਾਲ ਘੁੱਟਦੇ ਰਹੇ । ਉਹ ਉਹਨੂੰ ਆਪਣਾ ਪਿਆਰਾ ਪੁੱਤਰ ਸਮਝਦੇ ਸਨ, ਜਿਹੜਾ ਏਨੇ ਵਰ੍ਹੇ ਕਿਤੇ ਗਾਇਬ ਰਿਹਾ ਸੀ, ਜਿਸ ਬਾਰੇ ਕੋਈ ਕਹਿੰਦੇ ਸਨ ਕਿ ਉਹ ਮਰ ਗਿਆ ਏ, ਤੇ ਹੁਣ ਜਿਹੜਾ ਆਪਣੀ ਜੰਮਣ-ਭੋਂ ਉੱਤੇ ਰਾਜ਼ੀ- ਬਾਜ਼ੀ ਪਰਤ ਆਇਆ ਸੀ। ਕੋਠੀ ਦੇ ਸਾਰੇ ਨੌਕਰ ਤੇ ਕਾਮੇ, ਜਿਨ੍ਹਾਂ ਪੈਲੀ ਨੂੰ ਦੋਹਰ ਲਾਈ ਸ਼ੁਰੂ ਕੀਤੀ ਹੋਈ ਸੀ ਤੇ ਬਹਾਰ ਦੀ ਬਿਆਨੀ ਦੀ ਤਿਆਰੀ ਕਰ ਰਹੇ ਸਨ, ਉਹ ਸਾਰੇ ਵੀ ਉਹਨਾਂ