

ਨਾਲ ਆਣ ਰਲੇ।
ਹੌਲੀ-ਹੌਲੀ ਢਾਂਡਰੀਆਂ ਬੁਝਦੀਆਂ ਗਈਆਂ ਤੇ ਪਹੁ-ਫੁਟਾਲੇ ਤੋਂ ਕੁਝ ਚਿਰ ਪਹਿਲਾਂ ਜਦੋਂ ਕੁਝ ਚੁੱਪ ਹੋਈ ਤਾਂ ਸਾਰਿਆਂ ਦੀ ਅੱਖ ਲੱਗ ਗਈ। ਸਿਰਫ਼ ਗ੍ਹੀਤਜਾ ਨੂੰ ਹੀ ਨੀਂਦਰ ਨਹੀਂ ਸੀ ਆ ਰਹੀ। ਉਹ ਓਦੋਂ ਦਾ ਹੀ ਡੂੰਘੇ ਫ਼ਿਕਰਾਂ ਵਿੱਚ ਡੁੱਬਿਆ ਹੋਇਆ ਸੀ ਹੁਣ ਉਹਦਾ ਕੀ ਹਾਲ ਹੋਏਗਾ ? ਤੇ ਭਾਵੇਂ ਜਿੰਨਾ ਮਰਜ਼ੀ ਉਹ ਸੋਚਦਾ, ਉਹਨੂੰ ਕੁਝ ਨਹੀਂ ਸੀ ਸੁਝਾਈ ਦੇ ਰਿਹਾ। ਸਿਰਫ਼ ਉਹਨੂੰ ਆਪਣੇ ਉੱਤੇ ਤਰਸ ਆ ਰਿਹਾ ਸੀ, ਬੜਾ ਤਰਸ...
ਸਵੇਰ ਦੀ ਧੁੰਦ ਵਿੱਚ, ਮੱਘਾਂ ਦੀਆਂ ਕੈਂ-ਕੈਂ ਕਰਦੀਆਂ ਤੇ ਕਤਾਰ ਵਿੱਚ ਏਧਰ ਓਧਰ ਹਿੱਲਦੀਆਂ ਡਾਰਾਂ ਅਸਮਾਨ ਵਿੱਚੋਂ ਲੰਘੀਆਂ । ਮੱਕਈ ਦੇ ਟਾਂਡਿਆਂ ਉੱਤੇ, ਆਪਣੇ ਸਾਥੀਆਂ ਕੋਲ ਮੀਤ੍ਰਿਆ ਲੇਟਿਆ ਹੋਇਆ ਸੀ । ਉਹਨੂੰ ਏਸ ਵੇਲੇ ਓਸ ਪਤਝੜ ਦਾ ਚੇਤਾ ਆ ਰਿਹਾ ਸੀ, ਜਦੋਂ ਉਹ ਚਾਚਾ ਤ੍ਰਿਗਲੀਆ ਦੇ ਢਾਰੇ ਵਿੱਚ ਮਾਂਦਾ ਪਿਆ ਰਿਹਾ ਸੀ, ਤੇ ਕਿਤਜ਼ਾ ਉਹਦੇ ਦੁਆਲੇ ਭੌਂਦੀ, ਆਪਣੀਆਂ ਜੜੀਆਂ ਬੂਟੀਆਂ ਤੇ ਟੂਣੇ ਟਾਮਣ ਨਾਲ ਉਹਨੂੰ ਰਾਜ਼ੀ ਕਰਨ ਦੇ ਜਤਨ ਕਰਦੀ ਰਹੀ ਸੀ।
ਅਖ਼ੀਰ ਪੂਰਬ ਵਿੱਚ ਲਾਲੀ ਖਿੰਡ ਗਈ, ਇੱਕ ਸੁਹਣੀ ਸਵੇਰ ਦਾ ਚੜਾ। ਪੰਛੀਵਾੜੇ ਦੇ ਮੈਦਾਨ ਦੇ ਇਹ ਅਸਧਾਰਨ ਪਰਾਹੁਣੇ ਇੱਕ ਵਾਰ ਫੇਰ ਇਕੱਠੇ ਹੋਏ, ਤੇ ਓਸ ਐਲਾਨ ਨੂੰ ਉਡੀਕਣ ਲੱਗੇ, ਜਿਸ ਨੂੰ ਸੁਣਨ ਲਈ ਉਹ ਏਥੇ ਆਏ ਸਨ । ਗ਼ਰੀਬ ਲੋਕਾਂ ਦੀ ਭੀੜ, ਲਾਮ ਕਾਰਨ ਵਿਧਵਾ ਹੋਈਆਂ ਜ਼ਨਾਨੀਆਂ ਤੇ ਯਤੀਮ ਬਣੇ ਬਾਲ - ਇਹ ਸਭ ਏਸ ਜਗੀਰ ਦੇ ਮਾਲਕ ਬਣਨ ਲੱਗੇ ਸਨ। ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਇੱਕ ਰਜਿਸਟਰ ਵਿੱਚ ਚਾੜ੍ਹੇ ਜਾਣੇ ਸਨ, ਹਰ ਇੱਕ ਦਾ ਨਾਂ ਤੇ ਅੱਗੇ ਉਹਦੀ ਲੋੜ। ਫੇਰ ਵੱਖੋ-ਵੱਖਰੀਆਂ ਪੈਲੀਆਂ ਤੋਂ ਨਿਸ਼ਾਨ ਲਾਣ ਲਈ ਸਿਆੜ ਕੱਢੇ ਜਾਂਦੇ ਸਨ। ਜਿਹੜੇ ਪੀੜ੍ਹੀਆਂ ਤੋਂ ਇਸ ਜ਼ਮੀਨ ਉੱਤੇ ਜਗੀਰਦਾਰ ਦੇ ਲਾਭ ਲਈ ਆਪਣਾ ਲਹੂ ਮੁੜ੍ਹਕਾ ਇੱਕ ਕਰਦੇ ਰਹੇ ਸਨ, ਤੇ ਜਿਨ੍ਹਾਂ ਲਈ ਇਹ ਮਿਲਖ ਏਨੀ ਦੇਰ ਵਰਜੀ ਤੇ ਅਪਹੁੰਚ ਰਹੀ ਸੀ, ਉਹ ਹੁਣ ਇਹਦੇ ਮਾਲਕ ਬਣਨ ਲੱਗੇ ਸਨ।
"ਸਾਡੇ ਏਸ ਰਜਿਸਟਰ ਨਾਲ ਨਿਆਂ ਦਾ ਇੱਕ ਨਵਾਂ ਜੁਗ ਸ਼ੁਰੂ ਹੁੰਦਾ ਏ। ਇਹ ਜੁਗ ਛੇਤੀ ਹੀ ਵਧੇ ਫੁਲੇਗਾ," ਮੀਤ੍ਰਿਆ ਦੇ ਸਾਥੀ ਭੀੜ ਵਿੱਚ ਖਲੋਤੇ ਲੋਕਾਂ ਨੂੰ ਦੱਸ ਰਹੇ ਸਨ।
ਰਾਤ ਭਰ ਦੀਆਂ ਸੋਚਾਂ ਵਿਚਾਰਾਂ ਪਿੱਛੋਂ, ਕੁਝ ਜਣਿਆਂ ਨੂੰ ਗ੍ਹੀਤਜਾ ਉੱਤੇ ਏਨਾ ਗੁੱਸਾ ਚੜ੍ਹ ਗਿਆ ਕਿ ਉਹ ਉਹਨੂੰ ਬਦਲਾ ਲੈਣ ਦੀਆਂ ਧਮਕੀਆਂ ਦੇਣ ਲੱਗ ਪਏ। ਪਰ ਜਦੋਂ ਯਤੀਮ ਬੱਚਿਆਂ ਦੀ ਫ਼ਹਿਰਿਸਤ ਲਿਖੀ ਜਾਣ ਲੱਗੀ, ਤੇ ਨਿਸ਼ਾਨ ਲਾਣ ਲਈ ਹਲ ਜੋਏ ਜਾਣ ਲੱਗੇ ਤਾਂ ਸਭਨਾਂ ਨੂੰ ਇਹ ਧਮਕੀਆਂ ਵਿਸਰ ਗਈਆਂ।
ਏਸ ਬਿੰਦ, ਇੱਕ ਬੱਘੀ ਤੇ ਵਾਹੋਦਾਹੀ ਦੌੜਦੇ ਘੋੜਿਆਂ ਦੀ ਵਾਜ ਸੁਣਾਈ ਦਿੱਤੀ। ਓਥੇ ਖੜੋਤੀ ਭੀੜ ਕੁਝ ਬੇਚੈਨ ਜਹੀ ਹੋ ਕੇ ਏਧਰ-ਓਧਰ ਹਿੱਲੀ। ਹਰ ਕੋਈ ਅੱਡੀਆਂ ਚੁੱਕ- ਚੁੱਕ ਕੇ ਵੱਧ ਤੋਂ ਵੱਧ ਵੇਖਣ ਦਾ ਜਤਨ ਕਰ ਰਿਹਾ ਸੀ। ਕੁਝ ਬੁੱਢੇ ਕਿਸਾਨ ਡਰ ਕੇ ਰਤਾ