

ਲਈਆਂ। ਘੋੜੇ ਪਛੱਡਾ ਮਾਰ ਕੇ, ਆਪਣੀਆਂ ਪਿਛਲੀਆਂ ਲੱਤਾਂ 'ਤੇ ਖੜੋ ਕੇ ਅਗਲੀਆਂ ਲੱਤਾਂ ਉਪਰ ਹਵਾ ਵਿੱਚ ਮਾਰਨ ਲੱਗ ਪਏ, ਤੇ ਫੇਰ ਧੜਾਮ ਕਰਕੇ ਥੱਲੇ ਢਹਿ ਪਏ। ਬੱਘੀ ਟੁੱਟ ਕੇ ਖੇਰੂੰ ਖੇਰੂੰ ਹੋ ਗਈ। ਰਫ਼ਲ ਵਿੱਚੋਂ ਗੋਲੀ ਤਿੱਖੀ ਵਾਜ ਨਾਲ ਦਿਸਹਦੇ ਕੋਲ ਮੰਡਲਾਂਦੇ ਬੱਦਲ ਵੱਲ ਚਲੀ ਗਈ। ਚੜ੍ਹਦੇ ਸੂਰਜ ਦੇ ਉਪਰਲੇ ਸਿਰੇ ਉੱਤੇ, ਗੁੱਸੇ ਵਿੱਚ ਤਣੀਆਂ ਭਵਾਂ ਵਰਗਾ ਇਹ ਬੱਦਲ ਸੀ। ਤ੍ਰੈ-ਨੱਕਾ ਆਪਣੇ ਭਾਰ ਸਿਰ ਨਾ ਰਹਿ ਸਕਿਆ, ਪਰ ਛਾਲ ਮਾਰ ਕੇ ਥੱਲੇ ਆਣ ਖੜੋਤਾ। ਫੇਰ ਉਹਨੇ ਕੁਝ ਸੰਭਲ ਕੇ ਰਫ਼ਲ ਨੀਵੀਂ ਕਰ ਕੇ ਲੋਕਾਂ ਵੱਲ ਤਾਣ ਲਈ।
"ਇਹ ਪੁਲਸੀਏ ਕਿਉਂ ਇੰਜ ਖੜੋਤੇ ਨੇ ?" ਉਹਨੇ ਦਾਂਤਜ਼ਿਚ ਨੂੰ ਚੀਕ ਕੇ ਪੁੱਛਿਆ।
ਮੀਤ੍ਰਿਆ ਦੇ ਸਾਥੀਆਂ ਨੇ ਆਪਣੀਆਂ ਕਮੀਜ਼ਾਂ ਦੇ ਥੱਲਿਓਂ ਅੱਖ ਪਲਕਾਰੇ ਵਿੱਚ ਹੀ ਆਟੋਮੈਟਿਕ ਪਿਸਤੌਲ ਕੱਢ ਲਏ । ਉਹਨਾਂ ਇਹ ਸਭ ਇੰਜ ਕੀਤਾ ਜਿਵੇਂ ਪਹਿਲਾਂ ਤੋਂ ਹੀ ਇਸ ਲਈ ਉਹ ਤਿਆਰ ਸਨ । ਬੰਦਿਆਂ ਤੇ ਜ਼ਨਾਨੀਆਂ ਦੀ ਇੱਕ ਟੁਕੜੀ ਨੇ ਪੁਲਸੀਆਂ ਵਾਲੀ ਟਮ-ਟਮ ਘੇਰ ਲਈ। ਪੁਲੀਸ ਸਾਰਜੰਟ ਨੇ ਆਪਣੀਆਂ ਬਾਹਵਾਂ ਖੰਭਾਂ ਵਾਂਗ ਚੌੜੀਆਂ ਫੈਲਾਈਆਂ ਤੇ ਫੇਰ ਜਗੀਰਦਾਰ ਦੁਆਲੇ ਕਸ ਕੇ ਉਹਨੂੰ ਹਿਲਣੋਂ ਜੁਲਣੋਂ ਰੋਕ ਲਿਆ।
ਇਸ ਪਿੱਛੋਂ ਬਿੰਦ ਕੁ ਲਈ ਚੁੱਪ ਰਹੀ ਤੇ ਫੇਰ ਪੀਲੇ ਤੇ ਗੰਭੀਰ ਮੀਤ੍ਰਿਆ ਨੇ ਜਗੀਰਦਾਰ ਨੂੰ ਆਖਿਆ, "ਜਿਹੜੀ ਭੁੱਖ ਤੇਰੇ ਲਈ ਕੰਮ ਕਰਦਿਆਂ ਮੈਂ ਝਾਗੀ ਸੀ, ਜਿਹੜੀ ਕੁੱਟ ਮੈਨੂੰ ਤੇਰੇ ਕੋਲੋ ਪਈ, ਤੇ ਉਹ ਗਾਲ੍ਹਾਂ ਜਿਹੜੀਆਂ ਮੈਨੂੰ ਤਨਖ਼ਾਹ ਵਜੋਂ ਮਿਲੀਆਂ ਇਹਨਾਂ ਸਭਨਾਂ ਦੀ ਤਲਾਫ਼ੀ ਲੈਣ ਮੈਂ ਤੇਰੇ ਕੋਲ ਨਹੀਂ ਆਇਆ। ਪਰ ਹੁਣੇ ਤੂੰ ਕੰਮ ਕਰਨ ਦੀਆਂ ਫੂਟਾਂ ਮਾਰ ਰਿਹਾ ਸੈਂ, ਸੋ ਤੂੰ ਆਪਣੇ ਮੂੰਹੋਂ ਆਪਣੇ ਲਈ ਸਜ਼ਾ ਤਜਵੀਜ਼ ਕਰ ਦਿੱਤੀ ਏ। ਆ ਹੁਣ, ਅੱਗੇ ਹੋ ਤੂੰ ਹੁਣ ਸਾਡੇ ਨਾਲ ਕੰਮ ਕਰੇਂਗਾ, ਤੇ ਜੇ ਤੈਨੂੰ ਨਹੀਂ ਆਂਦਾ, ਤਾਂ ਅਸੀਂ ਤੈਨੂੰ ਆਪ ਸਿਖਾ ਲਵਾਂਗੇ..."
ਭੀੜ ਦੇ ਇੱਕ ਖੂੰਝੇ ਵਿੱਚੋਂ ਇੱਕ ਬੜੀ ਹੈਰਾਨ ਪਰ ਚੀਕਦੀ ਵਾਜ ਸੁਣਾਈ ਦਿੱਤੀ, "ਹੈਂ, ਇਹ ਹਿੰਮਤ!"
ਮੀਤ੍ਰਿਆ ਨੇ ਪਰਤ ਕੇ ਓਧਰ ਵੇਖਿਆ, ਉਹਦਾ ਭਰਾ ਗ੍ਹੀਤਜਾ ਸੀ। ਉਹ ਏਸ ਵੇਲੇ ਓਸ ਕੰਡਿਆਲੇ ਵਰਗਾ ਲੱਗ ਰਿਹਾ ਸੀ ਜਿਦ੍ਹੇ ਕੰਡੇ ਝੜ ਗਏ ਹੋਣ। "ਤੇ ਤੂੰ, ਤੂੰ ਬਲਦਾਂ ਦੇ ਅੱਗੇ ਹੋ, ਤੇ ਜਗੀਰਦਾਰ ਹਲ ਸਾਂਭੇਗਾ। ਆਓ, ਤੇ ਅਸੀਂ ਤੱਕੀਏ ਹੁਣ ਕਿਵੇਂ ਨੱਚਦੇ ਓ ਤੁਸੀ ।"
ਤ੍ਰੈ-ਨੱਕੇ ਦੇ ਨੱਕ ਵਿੱਚੋਂ ਝੱਗ ਨਿੱਕਲ ਰਹੀ ਸੀ। ਗ੍ਹੀਤਜਾ ਗੋਡਿਆਂ ਪਰਨੇ ਢਹਿ ਪਿਆ ਸੀ।
ਖੁਸ਼ੀ ਤੇ ਜੋਸ਼ ਨਾਲ ਪਾਗਲ ਲੋਕਾਂ ਦੀ ਭੀੜ ਪੁਲਸੀਆਂ ਨੂੰ ਪਿੱਛੇ-ਪਿੱਛੇ ਧੱਕਦੀ ਅਗਾਂਹ ਵਧੀ ਜਾ ਰਹੀ ਸੀ । ਗਰੇਗਰੀ ਆਲੀਓਰ ਦੀ ਅਗਵਾਈ ਥੱਲੇ ਪਹਿਲਾਂ ਹਲ ਤੁਰ ਪਿਆ। ਉਹਦੇ ਕੱਢੇ ਸਿਆੜ ਭੋਂ ਦੀ ਬਰਾਬਰ ਤੇ ਹੱਕੀ ਵੰਡ ਦੇ ਨਿਸ਼ਾਨ ਲਾਈ ਜਾ ਰਹੇ ਸਨ । ਇਹ ਹਲ਼ ਝਾੜੀਆਂ ਕੋਲੋਂ ਵਲਾ ਮਾਰਦਾ, ਖੜਦਾ ਤੇ ਫੇਰ ਤੁਰ ਪੈਂਦਾ, ਹੌਲੀ-ਹੌਲੀ ਪਰ ਬੜੀ ਯਕੀਨੀ ਚਾਲ ਨਾਲ ਚਮਕਦੇ ਦਿਸਹੱਦੇ ਵੱਲ ਵਧੀ ਜਾ ਰਿਹਾ ਸੀ।