

ਅੱਗੇ ਨਿਵਾਣ ਸੀ, ਓਥੇ ਪੁੱਜ ਕੇ ਇਹ ਹਲ ਏਥੇ ਖੜੋਤੇ ਲੋਕਾਂ ਨੂੰ ਦਿਸਣੋਂ ਹਟ ਗਿਆ। ਫੇਰ ਸੌ ਗਜ਼ਾਂ ਦੀ ਵਿਥ 'ਤੇ ਇਹ ਸੱਜੇ ਬੰਨੇਂ ਨਜ਼ਰ ਆਇਆ। ਵਾਪਸੀ ਉੱਤੇ ਇਹ ਕਈ ਵਾਰ ਖੜੋਤਾ। ਮਾਲਕ ਕ੍ਰਿਸਤੀਆ ਕਈ ਵਾਰ ਹੰਭਲਾ ਮਾਰ ਕੇ ਉੱਠਦਾ, ਪਰ ਫੇਰ ਢਹਿ-ਢਹਿ ਪੈਂਦਾ। ਗਰੈਗੋਰੀ ਆਲੀਓਰ ਹਰ ਵਾਰੀ, ਤਿੱਖਾ ਤੇ ਮੋੜਿਆ ਨਾ ਜਾ ਸਕਣ ਵਾਲਾ ਹੁਕਮ ਦੇ ਕੇ ਉਹਨੂੰ ਉਤਾਂਹ ਉੱਠਣ ਲਈ ਮਜ਼ਬੂਰ ਕਰ ਦੇਂਦਾ। ਕਦੇ ਮਾਲਕ ਕ੍ਰਿਸਤੀਆ ਗੋਡਿਆਂ ਭਾਰ ਉੱਠਦਾ, ਕਦੇ ਚਾਰੇ ਲੱਤਾਂ ਬਾਹਵਾਂ ਦੇ ਭਾਰ, ਤੇ ਅਖ਼ੀਰ ਸਿੱਧਾ ਖੜੇ ਜਾਂਦਾ।
ਦਸ ਕਦਮਾਂ ਪਿੱਛੋਂ ਉਹ ਫੇਰ ਡਿੱਗ ਪਿਆ.... ਗ੍ਹੀਤਜਾ ਨੇ ਆਪਣਾ ਸਿਰ ਫੜਿਆ ਹੋਇਆ ਸੀ, ਜਿਵੇਂ ਕਿਤੇ ਇਹ ਉਹਦੀ ਵਿਤੋਂ ਵੱਧ ਭਾਰਾ ਸੀ। ਉਹ ਵੀ ਗੋਡਿਆਂ ਪਰਨੇ ਡਿੱਗ-ਡਿੱਗ ਪੈਂਦਾ ਤੇ ਬੜੇ ਜਤਨਾਂ ਨਾਲ ਫੇਰ ਉੱਠਦਾ। ਜਦੋਂ ਉਹ ਓਥੇ ਪੁੱਜੇ ਜਿੱਥੋਂ ਉਹ ਤੁਰੇ ਸਨ, ਤਾਂ ਉਹਨਾਂ ਦੀ ਫਟਕੜੀ ਫੁੱਲ ਹੋ ਚੁੱਕੀ ਸੀ । ਤ੍ਰੈ-ਨੱਕੇ ਦੇ ਹੱਥ ਛਾਲੇ-ਛਾਲੇ ਹੋਏ ਪਏ ਸਨ।
"ਕਾਤਲ ! ਬੰਦੇ-ਖਾਣੇ।" ਉਹ ਚੀਕਿਆ, "ਮੈਨੂੰ ਕੱਲਿਆਂ ਛੱਡ ਦਿਓ! ਮੈਂ ਤੁਹਾਨੂੰ ਸਭ ਨੂੰ ਓਥੇ ਜੇਲ੍ਹਾਂ ਵਿੱਚ ਸੜਵਾਵਾਂਗਾ। ਤੁਹਾਡੀ ਅਸਲ ਥਾਂ ਉਹੀ ਏ।"
ਆਨਾ 'ਸੁਸਤ-ਮਾਲ' ਉਹਦੇ ਨੇੜੇ ਆ ਗਈ ਤੇ ਪਲ ਦੀ ਪਲ ਉਹਨੂੰ ਚੰਗੀ ਤਰ੍ਹਾਂ ਵੇਖ ਕੇ, ਉਹਨੇ ਆਪਣਾ ਸਿਰ ਪਿਛਾਂਹ ਕੀਤਾ ਤੇ ਆਪਣੇ ਮਹੀਨ ਬੁੱਲ੍ਹਾਂ ਵਿੱਚੋਂ ਇੰਜ ਬੋਲੀ, ਜਿਵੇਂ ਕਿਸੇ ਬੱਚੇ ਨਾਲ ਰੋਸਾ ਕਰ ਰਹੀ ਹੋਵੇ, "ਮੇਰੇ ਘਰ ਵਾਲੇ ਨੂੰ ਬਘਿਆੜ ਖਾ ਗਏ ਸਨ। ਤੂੰ ਵੀ ਤੇ ਇੱਕ ਬਘਿਆੜ ਈ ਏਂ। ਵਰ੍ਹਿਆਂ ਤੋਂ ਸਾਨੂੰ ਚੂੰਡ ਰਿਹਾ ਏਂ। ਅਸੀਂ ਉਹਨਾਂ ਬਘਿਆੜਾਂ ਨੂੰ ਤੇ ਨਹੀਂ ਫੜ ਸਕੇ, ਪਰ ਤੂੰ ਸਾਡੇ ਕਾਬੂ ਆ ਗਿਆ ਏਂ। ਜੋ ਜੋ ਆਪਣੀ ਪਲੀਤ ਉਮਰ ਵਿੱਚ ਤੂੰ ਖਾਧਾ ਏ, ਉਹ ਸਭ ਹੁਣ ਅਸੀਂ ਕੁੱਟ-ਕੁੱਟ ਕੇ ਤੇਰੇ ਵਿੱਚੋਂ ਕਢਵਾ ਲੈਣਾ ਏਂ।"
ਕੋਚਵਾਨ ਕਿਓਰਨੀਆਂ ਨੇ ਆਪਣੇ ਪੁਰਾਣੇ ਮਾਲਕ ਨੂੰ ਟਿਚਕਰ ਤੇ ਵੈਰ ਭਰੀ ਨਜ਼ਰ ਨਾਲ ਵੇਖਿਆ। ਫੇਰ ਉਹਨੇ ਉਹਦੇ ਮੂੰਹ ਉੱਤੇ ਥੁੱਕਿਆ ਤੇ ਮਾਣ ਨਾਲ ਪਿਛਾਂਹ ਪਰਤ ਗਿਆ।
ਹਲ ਫੇਰ ਤੁਰ ਪਿਆ, ਹੋਰ ਹਲ ਵੀ ਨਾਲ ਹੋ ਪਏ।
ਮੀਤ੍ਰਿਆ ਨੇ ਆਪ ਵੀ ਬੜੇ ਚੰਗੇ ਸਿਆੜ ਕੱਢੇ। ਜਦੋਂ ਉਹ ਮੁੜਿਆ ਤਾਂ ਉਹਦਾ ਸਿਰ ਨੰਗਾ ਤੇ ਕਮੀਜ਼ ਗਲਮੇਂ ਤੋਂ ਖੁੱਲ੍ਹੀ ਹੋਈ ਸੀ । ਪਤਝੜ ਦੇ ਮੁੱਢਲੇ ਦਿਨਾਂ ਦੀ ਠੰਢੀ ਪੌਣ ਉਹਦੇ ਮੂੰਹ ਦੇ ਵਾਲਾਂ ਨਾਲ ਲਾਡ ਕਰਦੀ ਵਗ ਰਹੀ ਸੀ।
ਉਹ ਪਸ਼ੂ-ਖੱਡ ਕੋਲ ਰੁਕਿਆ ਹੀ ਸੀ ਕਿ ਨਾਸਤਾਸੀਆ ਓਸ ਨਾਲ ਜਾ ਚੰਬੜੀ। ਉਹਨੇ ਬਾਲ ਆਪਣੀ ਸੱਜੀ ਬਾਂਹ ਵਿੱਚ ਸਾਂਭੀ ਰੱਖਿਆ ਤੇ ਖੱਬੀ ਬਾਂਹ ਮੀਤ੍ਰਿਆ ਦੇ ਗਲ ਦੁਆਲੇ ਕਸ ਕੇ ਆਪਣਾ ਮੂੰਹ ਓਸ ਨਾਲ ਜੋੜ ਦਿੱਤਾ, ਜਿਸ ਨੂੰ ਮਿਲਣ ਲਈ ਉਹ ਏਨਿਆਂ ਚਿਰਾਂ ਤੋਂ ਸਹਿਕ ਰਹੀ ਸੀ । ਤੇ ਉਹ ਉੱਚੀ-ਉੱਚੀ ਬੜੇ ਲੰਮੇ ਡਸਕੋਰੇ ਭਰਦੀ ਰਹੀ।
ਦੂਜਿਆਂ ਸਾਹਮਣੇ ਮੀਤ੍ਰਿਆ ਨੇ ਆਪਣੇ ਆਪ 'ਤੇ ਕਾਬੂ ਪਾਇਆ। ਉਹਨੇ ਤਾਸੇ