ਤੱਕਿਆ ਈ ਨਾ ?"
ਇੱਕ ਹੋਰ ਨੌਕਰ ਨੇ ਇੱਕ ਦਿਨ ਉਹਨੂੰ ਪੁੱਛਿਆ, "ਕਿਉਂ ਭਈ, ਮੁੰਡਿਆ, ਘੁੱਟ -ਕੁ ਸ਼ਰਾਬ ਪੀਣੀ ਚਾਹੇਂਗਾ ?"
"ਨਹੀਂ, ਉੱਕਾ ਨਹੀਂ। ਪਾਣੀ ਮੇਰੇ ਲਈ ਦਰਿਆ ਵਿੱਚ ਬੜਾ ਏ, ਤੇ ਕਦੇ ਕਦਾਈਂ ਗੰਢਾ ਖਾ ਕੇ ਮੈਂ ਗੁਜ਼ਰ ਕਰ ਲੈਨਾ ਆਂ।"
“ਓਏ, ਤੂੰ ਤੇ ਸ਼ੈਤਾਨ ਦੇ ਵੀ ਕੰਨ ਕੁਤਰਨਾ ਏਂ!"
"ਹਾਂ, ਜਾਪਦੈ ਮੈਂ ਤੇ ਉਹ ਇੱਕੋ ਟੱਬਰ 'ਚੋਂ ਆਂ ।"
ਸਾਰੇ ਨੌਕਰ ਉਹਦੇ ਜਵਾਬਾਂ ਉੱਤੇ ਹੱਸ ਪਏ।
"ਨਿਤਜ਼ਾ, ਮੁਖ਼ਤਾਰ, ਦਾ ਖਿਆਲ ਰੱਖੀਂ। ਜੇ ਉਹਨੇ ਤੇਰੀਆਂ ਗੱਲਾਂ ਮਾਲਕ ਦੇ ਕੰਨੀਂ ਜਾ ਪਾਈਆਂ.."
"ਹਾਂ - ਫੇਰ ਮੇਰੀ ਕੁਰਸੀ ਖੁੱਸ ਜਾਊ।"
ਉਹ ਸਾਰੇ ਇੱਕ ਵਾਰ ਫੇਰ ਜ਼ੋਰ ਦੀ ਹੱਸ ਪਏ।
"ਮੈਨੂੰ ਕੁਰਸੀ ਦਾ ਏਨਾ ਡਰ ਨਹੀਂ, ਜਿੰਨਾ ਕੁਟਾਪੇ ਦਾ ।"
"ਇਹ ਸੱਚ ਏ,” ਮੀਤ੍ਰਿਆ ਨੇ ਜੋ ਹੁਣ ਤੱਕ ਤੱਕਿਆ ਸੀ ਆਪਣੇ ਮਨ ਵਿੱਚ ਲਿਆਦਿਆਂ ਸੋਚਿਆ, "ਤ੍ਰੈ-ਨੱਕੇ ਦੀ ਮਾਰ ਦੇ ਸਾਹਮਣੇ ਮੁਖ਼ਤਾਰ ਦੀਆਂ ਸਵੇਰੇ ਮਾਰੀਆਂ ਬੈਂਤਾਂ ਤਾਂ ਲਾਡ ਜਾਪਦੀਆਂ ਨੇ।" ਉਹਨੇ ਕਿਓਰਨੀਆ ਕੋਚਵਾਨ ਨੂੰ ਪਈ ਕੁੱਟ ਆਪਣੀਆਂ ਅੱਖਾਂ ਨਾਲ ਤੱਕੀ ਸੀ। ਕਿਓਰਨੀਆ ਤਪਦਿਕ ਦਾ ਮਾਰਿਆ, ਮੱਧਰਾ ਕਾਲ਼ਾ ਜਿਹਾ ਬੰਦਾ ਸੀ। ਤ੍ਰੈ-ਨੱਕੇ ਦੇ ਪਹਿਲੇ ਵਾਰ ਨੇ ਉਹਨੂੰ ਖੱਬੇ ਪਾਸੇ ਡੇਗ ਲਿਆ। ਫੇਰ ਸੱਜੇ ਹੱਥ ਦੇ ਇੱਕ ਵਾਰ ਨਾਲ ਉਹਨੂੰ ਝੱਟ ਸਿੱਧਿਆਂ ਕਰ ਲਿਆ। ਤੇ ਫੇਰ ਉਹਦੇ ਮੂੰਹ ਉੱਤੇ ਘਸੁੰਨ ਮਾਰ ਕੇ ਉਹਨੇ ਉਹਨੂੰ ਪਿੱਠ ਪਰਨੇ ਪਾ ਲਿਆ, ਤੇ ਉਹ ਉਹਨੂੰ ਠੁੱਡੇ ਮਾਰਨੋਂ ਓਦੋਂ ਹਟਿਆ ਜਦੋਂ ਉਹਦੇ ਬੂਟ ਲਹੂ ਵਿੱਚ ਲਿੱਬੜ ਕੇ ਤਿਲਕਣ ਲੱਗ ਪਏ ਸਨ। ਫੇਰ ਅੱਕ ਕੇ ਉਹਨੇ ਉਹਨੂੰ ਛੱਡ ਦਿੱਤਾ।
ਇਹ ਸੀ ਜਿਸ ਤੋਂ ਮੀਤ੍ਰਿਆ ਥਰ-ਥਰ ਕੰਬਦਾ ਸੀ, ਤੇ ਏਸੇ ਕਰਕੇ ਹੀ ਉਹ ਸਾਰਾ ਦਿਨ ਇਲਣੀ ਹੋਇਆ, ਖੁੱਲ੍ਹੀ ਅੱਖੀਂ ਤੇ ਚੇਤੰਨ ਕੰਨੀਂ ਕੰਮ ਕਰਦਾ ਰਹਿੰਦਾ । ਉਹ ਨਿੱਕੀ ਤੋਂ ਨਿੱਕੀ ਚੀਜ਼ ਦਾ ਵੀ ਪੂਰਾ ਧਿਆਨ ਕਰਦਾ। ਹਲ ਵਿੱਚ, ਬਹਾਰ ਦੀ ਬਿਆਈ ਵਿੱਚ ਜਾਂ ਪਿੱਛੋਂ ਫ਼ਸਲਾਂ ਦੀ ਕਟਾਈ ਵਿੱਚ, ਉਹ ਹਰ ਵੇਲ਼ੇ ਤੇ ਹਰ ਥਾਂ ਸਭ ਤੋਂ ਮੋਹਰੀ ਹੁੰਦਾ।
ਤ੍ਰੈ-ਨੱਕਾ ਚੰਗੀ ਤਰ੍ਹਾਂ ਉਹਨੂੰ ਦੂਰੋਂ ਹੀ ਪਰਖਦਾ। ਪਹਿਲਾਂ ਪਹਿਲ ਉਹਨੂੰ ਉਹਦੇ ਛੁਹਲੇ ਹੱਥ ਪੈਰ ਮਾਰਨੇ ਦੂਰਬੀਨ ਵਿੱਚੋਂ ਦਿਸੇ ਸਨ। ਫੇਰ ਉਹ ਆਪਣੇ ਬੁਰਜ ਵਿੱਚੋਂ ਉੱਤਰ ਕੇ ਉਹਦੇ ਸਾਹਮਣੇ ਦਾ ਖੜੋਤਾ ਸੀ । ਮੀਤ੍ਰਿਆ ਨੂੰ ਕੰਨ ਖੁਰਕਣ ਦੀ ਵਿਹਲ ਨਹੀਂ ਸੀ। ਉਹ ਕਿਸੇ ਕੰਮ ਲਈ ਨੱਸ ਕੇ ਹੋਰ ਕਿਧਰੇ ਚਲਿਆ ਗਿਆ।
ਅਸਮਾਨ ਵਿੱਚ ਹਵਾ ਨੇ ਪਤਝੜ ਦੇ ਬੱਦਲ ਉਡਾਣੇ ਸ਼ੁਰੂ ਕਰ ਦਿੱਤੇ ਸਨ। ਡੰਗਰਾਂ ਦੇ ਢਾਰੇ ਵਿੱਚ ਕੰਮ ਸੀ- ਉਹਨਾਂ ਵਿਰਲਾਂ ਨੂੰ ਪੂਰਨਾ ਜਿਨ੍ਹਾਂ ਵਿੱਚੋਂ ਠੰਢ ਅੰਦਰ ਆਉਂਦੀ ਸੀ। ਭਰ ਸਿਆਲੇ ਵਿੱਚ ਤਾਂ ਏਦੂੰ ਕਿਤੇ ਵੱਧ ਮੁਸੀਬਤ ਹੋਣੀ ਸੀ। ਉਹਨੂੰ ਮਾਲ ਦਾ ਬੜਾ