ਦਿਦੀਨਾ ਦੇ ਕਈ ਕਿੱਸੇ ਸੁਣਾਂਦੇ ਹੁੰਦੇ ਸਨ।
"ਹੋ ਸਕਦੈ,” ਮੀਤ੍ਰਿਆ ਨੇ ਤੰਗ ਹੋ ਕੇ ਆਪਣੇ ਆਪ ਨੂੰ ਕਿਹਾ।
ਤੇ ਫੇਰ ਇਹ ਫ਼ਿਕਰ ਟਲ ਗਿਆ, ਤੇ ਹੋਰ ਤਰ੍ਹਾਂ ਦੇ ਫ਼ਿਕਰਾਂ ਨੇ ਉਹਨੂੰ ਘੇਰ ਲਿਆ, ਹੋਰ ਮੁਸੀਬਤਾਂ, ਹੋਰ ਦਿਲ-ਟੁੱਟਣੀਆਂ ਤੇ ਉਹਨੇ ਏਸ ਬਾਰੇ ਫੇਰ ਕਦੇ ਨਾ ਸੋਚਿਆ।
4.
ਇੱਕ ਦਿਨ ਜਦੋਂ ਕਈ ਦਿਨਾਂ ਦੀ ਝੜੀ ਪਿੱਛੋਂ ਮੀਂਹ ਵਰੀ ਹੀ ਜਾ ਰਿਹਾ ਸੀ ਮੀਤ੍ਰਿਆ ਕੋਕੋਰ ਨੇ ਗ੍ਹੀਤਜਾ ਮਸ਼ੀਨ ਵਾਲੇ ਨੂੰ ਮਿਲਣ ਜਾਣ ਲਈ ਛੁੱਟੀ ਮੰਗੀ।
ਖੇਤਾਂ ਵਿੱਚ ਕੰਮ ਹੋ ਨਹੀਂ ਸੀ ਸਕਦਾ, ਡੰਗਰ ਵੀ ਚਰਾਣ ਲਈ ਨਹੀਂ ਸਨ ਕੱਢੇ ਜਾ ਸਕਦੇ। ਅੱਕੇ ਹੋਏ, ਵਿਹਲੇ ਨੌਕਰ ਛੱਤੇ ਵਿੱਚ ਮੱਖੀਆਂ ਵਾਂਗੂੰ ਘੂੰ-ਘੂੰ ਕਰ ਰਹੇ ਸਨ।
ਬੁੱਢੇ ਤ੍ਰਿਗਲੀਆ ਨੇ ਉਹਨੂੰ ਛੁੱਟੀ ਦੇ ਦਿੱਤੀ:
"ਤੂੰ ਓਥੇ ਜਾ ਸਕਨਾ ਏਂ, ਮੀਤ੍ਰਿਆ, ਦੋ-ਤਿੰਨ ਘੰਟਿਆਂ ਲਈ। ਪਰ ਕੋਸ਼ਿਸ਼ ਕਰੀਂ ਬਹੁਤ ਚਿਰਾਕਾ ਨਾ ਪਰਤੀ। ਕੀ ਪਤੈਂ ਮਾਲਕ ਨੂੰ ਸੁੱਝ ਪਏ ਤੇ ਉਹ ਸਾਨੂੰ ਸਭਨਾਂ ਨੂੰ ਬੁਲਾ ਕੇ ਹਾਜ਼ਰੀ ਲਾਣਾ ਚਾਹੇ। ਕਦੇ ਕਦਾਈਂ ਉਹ ਇੰਜ ਕਰਦਾ ਹੁੰਦੈ। ਤੇ ਜਿਹੜਾ ਉਸ ਵੇਲੇ ਗ਼ੈਰਹਾਜ਼ਰ ਹੋਏ ਉਹਨੂੰ ਓਦੋਂ ਤੱਕ ਰੋਟੀ ਨਹੀਂ ਜੁੜਦੀ ਜਦੋਂ ਤੱਕ ਫੇਰ ਸੂਰਜ ਚੜ੍ਹ ਕੇ ਧਰਤੀ ਸੁਕਾ ਨਹੀਂ ਦੇਂਦਾ । ਤ੍ਰੈ-ਨੱਕਾ ਸੋਚਦੈ ਜੇ ਝੜੀ ਲੱਗ ਜਾਂਦੀ ਏ ਤੇ ਇੰਜ ਸਭ ਕੁਝ ਪਾਣੀ ਵਿੱਚ ਡੁੱਬ ਜਾਂਦਾ ਏ-ਇਹ ਸਭ ਉਸੇ ਗ਼ੈਰ-ਹਾਜ਼ਰ ਹੋਣ ਵਾਲ਼ੇ ਦਾ ਈ ਕਸੂਰ ਏ!"
ਮੀਤ੍ਰਿਆ ਨੇ ਕੌੜੀ ਜਿਹੀ ਮੁਸਕਰਾਹਟ ਨਾਲ ਸਿਰ ਹਿਲਾਦਿਆਂ ਕਿਹਾ, "ਕੀ ਉਹ ਮੀਂਹਾਂ ਤੋਂ ਪਿੱਛੋਂ ਵੀ ਨਰਾਜ਼ ਹੁੰਦੈ ?"
"ਜ਼ਰੂਰ, ਜਦੋਂ ਇਹਨਾਂ 'ਚੋਂ ਨਿਰੀ ਬਿਪਤਾ ਤੇ ਉਦਾਸੀ ਹੀ ਨਿੱਕਲਦੀ ਏ, ਜਿਵੇਂ ਹੁਣ ।"
"ਤਾਂ ਤੇ ਫੇਰ ਇੱਕ ਦਿਨ ਉਹਨੂੰ ਹਲਕ ਕੁੱਦ ਪਏਗਾ ਕਿ ਉਹ ਉੱਪਰ ਵਸਦੇ ਦੇਵਤਿਆਂ ਨੂੰ ਵੀ ਗੋਲੀ ਮਾਰ ਦਏ,” ਮੀਤ੍ਰਿਆ ਗੁਟਕਿਆ। "
ਮੈਨੂੰ ਤਾਂ ਉਹਨੂੰ ਇੰਜ ਕਰਦਿਆਂ ਤੱਕ ਕੇ ਵੀ ਉੱਕਾ ਹੈਰਾਨੀ ਨਹੀਂ ਹੋਣੀ! ਉਹ ਗਿਰਜੇ ਘੱਟ ਵੱਧ ਹੀ ਜਾਂਦੈ । ਪਰ ਇੱਕ ਸਲਾਹ ਦਿਆਂ, ਤੂੰ ਮੁੰਡਿਆ ਆਪਣੀ ਜ਼ਬਾਨ ਜ਼ਰਾ ਕਾਬੂ ਵਿੱਚ ਰੱਖ, ਜੇ ਕਿਤੇ ਉਹਦੇ ਕੰਨੀਂ ਪੈ ਗਿਆ।"
"ਜੇ ਉਹ ਸੁਣ ਵੀ ਲਏ, ਚਾਚਾ ਗਲੀਆ! ਤਾਂ ਵੀ ਉਹਨੂੰ ਗੁੱਸਾ ਕਰਨ ਦੀ ਕੋਈ ਲੋੜ ਨਹੀਂ। ਜਿਹੜਾ ਵੀ ਇਹ ਝੜੀ ਲਾਉਂਦਾ ਏ, ਜਿਹੜੀ ਸਾਨੂੰ ਓਥੇ ਹੀ ਉੱਲੀ ਲਾ ਛੱਡਦੀ ਏ ਜਿੱਥੇ ਅਸੀਂ ਖਲੋਤੇ ਹੋਈਏ, ਤੇ ਜਿਹੜਾ ਗੜੇਮਾਰ ਕਰਦਾ ਤੇ ਝੱਖੜ ਝੁਲਾਂਦੈ, ਜੋ ਕੋਈ ਵੀ ਉਹ ਵੇ - ਕੌਣ ਨਹੀਂ ਉਹਨੂੰ ਗੋਲੀ ਮਾਰਨਾ ਚਾਹੁੰਦਾ? ਤੇ ਕਾਲ, ਵਬਾ, ਤੇ ਧਿੰਗੋਜ਼ੋਰੀਆਂ ਤਾਂ ਇੱਕ ਪਾਸੇ... ਉਹ ਮਾੜਿਆਂ ਉੱਤੇ ਤਕੜਿਆਂ ਨੂੰ ਜ਼ੁਲਮ ਢਾਹੀ ਜਾਣ ਦੇਂਦਾ ਏ।"