"ਓਏ ਗਭਰੀਟਾ, ਸ਼ੈਤਾਨਾ!" ਤ੍ਰਿਗਲੀਆ ਰੋਹ ਵਿੱਚ ਇੱਕ ਦਮ ਵਰ੍ਹਾ ਪਿਆ, "ਜੇ ਆਪਣੀ ਖ਼ੈਰ ਚਾਹਦਾ ਏਂ—ਤਾਂ ਜੋ ਮੂੰਹ 'ਚ ਆਏ, ਏਥੇ ਖੜੋ ਕੇ ਉਹੀ ਨਾ ਬਕੀ ਜਾ । ਹਰ ਕੋਈ ਇਹੀ ਸੋਚੇਗਾ ਜਿਵੇਂ ਤੂੰ ਸਕੂਲੇ ਪੜ੍ਹ ਆਇਆ ਏਂ।"
"ਏਦੂੰ ਉਲਟ ਮੇਰੇ ਕਰਮਾਂ ਵਿੱਚ ਸਕੂਲ ਕਿੱਥੋਂ? ਪਰ ਅਸੀਂ ਇਹ ਝੇੜਾ ਛੱਡੀਏ । ਮੈਂ ਚੱਲਿਆ ਵਾਂ, ਚਾਚਾ ਗਲੀਆ! ਤੂੰ ਹਾਲੀ ਤਿੰਨ ਸਿਗਰਟਾਂ ਨਹੀਂ ਫੂਕਣੀਆਂ, ਤੇ ਮੈਂ ਏਥੇ ਤੇਰੇ ਕੋਲ ਪੁੱਜਿਆ ਹੋਵਾਂਗਾ।"
"ਬੋਰੀ ਲੈ ਕੇ ਆਪਣਾ ਸਿਰ ਢਕ ਲੈ," ਬੁੱਢੇ ਆਦਮੀ ਨੇ ਸਲਾਹ ਦਿੱਤੀ, “ਇੱਕ ਘੋੜਾ ਵੀ ਲੈ ਜਾ, ਕੁਝ ਦਾਣੇ ਮਸ਼ੀਨ ਉੱਤੇ ਇਹਨੂੰ ਚਾਰ ਦਈਂ।"
"ਚੋਰੀ ਕੀਤਿਆਂ ਬਿਨਾਂ ਦਾਣੇ ਨਹੀਂ ਮਿਲਣੇ।... ਮੇਰੇ ਭਰਾ ਗ੍ਹੀਤਜਾ ਦੇ ਦਿਲ ਵਿੱਚ ਨਾ ਬੰਦੇ ਲਈ ਤਰਸ ਏ ਤੇ ਨਾ ਪਸ਼ੂ ਲਈ । ਉਹਦੇ ਸੂਮਪੁਣੇ ਨੇ ਉਹਨੂੰ ਇੰਜ ਦਾ ਬਣਾ ਦਿੱਤਾ ਏ, ਇੰਜ ਫੁੱਲ ਕੇ ਕੁੱਪਾ ਹੋਇਆ ਕਿ ਮਾਸ ਪਾਟਣ 'ਤੇ ਆਇਆ ਏ। ਉਹਦੇ ਜੋੜੇ ਪੈਸੇ ਕਿਸ ਅਰਥ, ਜੇ ਆਪ ਉਹ ਮੰਗਤਿਆਂ ਹਾਲ ਰਹਿੰਦਾ ਏ ? ਉਹ ਤਾਂ ਸਾਡੇ ਨਾਲੋਂ ਵੀ ਗਿਆ ਗੁਜ਼ਰਿਆ ਹੋਇਆ!"
"ਜਾਣਾ ਵੀ ਆ ਕਿ ਨਹੀਂ ?" ਤ੍ਰਿਗਲੀਆ ਨੇ ਅੱਕ ਕੇ ਕਿਹਾ, "ਤੱਕੋ, ਕਿਵੇਂ ਉਪਦੇਸ਼ ਕਰੀ ਜਾਂਦਾ ਏ - ਪਾਦਰੀ ਸਾਹਿਬ ਨਾ ਹੋਵੇ ਤਾਂ ?"
ਮੀਤ੍ਰਿਆ ਸਿਰ ਉੱਤੇ ਬੋਰੀ ਲੈ ਕੇ ਮਧਰੇ ਜਿਹੇ ਬਦਾਮੀ ਘੋੜੇ ਉੱਤੇ ਬਿਨ ਕਾਠੀਉਂ ਚੜ੍ਹ ਪਿਆ। ਗ੍ਹੀਤਜਾ ਦੀ ਮਸ਼ੀਨ ਤੱਕ ਪੁੱਜਦਿਆਂ ਉਹਨੂੰ ਕੋਈ ਬਹੁਤਾ ਚਿਰ ਨਾ ਲੱਗਾ। ਢਾਰੇ ਥੱਲੇ ਖੜੋਤੇ ਸੱਤ ਜਾਂ ਅੱਠ ਰੇੜ੍ਹੇ ਆਪਣੀ ਆਪਣੀ ਵਾਰੀ ਉਡੀਕ ਰਹੇ ਸਨ । ਦਰਜਨ ਕੁ ਜੱਟਾਂ ਦੀ ਢਾਣੀ, ਆਪਣੀਆਂ ਪੱਸ਼ਮੀ ਟੋਪੀਆਂ ਪਿਛਾਂਹ ਮੋੜੀ, ਮੀਂਹ ਦੀ ਮਾਰ ਤੋਂ ਬਚਣ ਲਈ ਏਧਰ-ਓਧਰ ਨੱਸ ਭੱਜ ਰਹੀ ਸੀ।
ਮੀਤ੍ਰਿਆ ਨੇ ਆਪਣਾ ਘੋੜਾ ਅਸਤਬਲ ਵਿੱਚ ਬੰਨ੍ਹਿਆਂ, ਉਹਦੇ ਕੰਨ ਖਿੱਚੇ, ਨਾਸਾਂ ਮਲੀਆਂ ਤੇ ਗਰਦਨ ਉੱਤੇ ਦੋਸਤਾਨਾ ਥਾਪੜੀ ਦੇ ਕੇ ਮਸ਼ੀਨ ਦੇ ਬੂਹੇ ਵੱਲ ਛੇਤੀ ਨਾਲ ਵਧਿਆ। ਇੰਜਣ ਰੋਹ ਵਿੱਚ ਆਏ ਘੋੜੇ ਵਾਂਗ ਘਰਕ ਰਿਹਾ ਸੀ, ਤੇ ਇੱਕ ਨਾਲੀ ਜਿਹੀ ਵਿੱਚੋਂ ਧੂਏਂ ਦੇ ਬੱਦਲ ਬਾਹਰ ਸੁੱਟ ਕੇ ਅਸਮਾਨ ਉਤਲੇ ਨੀਵੇਂ ਤਰਦੇ ਬੱਦਲਾਂ ਵਿੱਚ ਰਲਾ ਰਿਹਾ ਸੀ।
ਬਰੂਹਾਂ ਉੱਤੇ ਹੀ ਮੀਤ੍ਰਿਆ ਆਪਣੇ ਭਰਾ ਦੀ ਵੱਡੀ ਸਾਰੀ ਗੋਗੜ ਨਾਲ ਜਾ ਟਕਰਾਇਆ। ਗ੍ਹੀਤਜਾ ਨੇ ਲਾਲ ਸੂਹੇ ਛੱਪਰਾਂ ਵਾਲੀਆਂ ਆਪਣੀਆਂ ਅੱਖਾਂ ਉਚੇਚੀਆਂ ਟੱਡ ਲਈਆਂ।
"ਤੈਨੂੰ ਏਥੇ ਔਣ ਲਈ ਕਿਸ ਆਖਿਆ ਸੀ ? ਮੈਨੂੰ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ। ਇਹ ਸਾਰੇ ਵੇਖੇ ਨੀ, ਸਭੇ ਮੇਰੀ ਹੀ ਜਾਨ ਨੂੰ ਰੋਂਦੇ ਪਏ ਨੇ ।"
ਮੀਤ੍ਰਿਆ ਰੋਹ ਵਿੱਚ ਆ ਕੇ ਖੜੋ ਗਿਆ, ਤੇ ਮਸ਼ੀਨ ਵਾਲੇ ਨੂੰ ਗਹੁ ਨਾਲ ਤੱਕਣ ਲੱਗਾ, 'ਚੰਗਾ, ਫੇਰ ਤੇਰੀ ਮਰਜ਼ੀ। ਮੈਂ ਹੁਣੇ ਚਲਾ ਜਾਨਾਂ ਆਂ- ਤੇ ਫੇਰ ਵਰ੍ਹੇ ਪਿੱਛੋਂ ਪਰਤਾਂਗਾ।"