"ਨਹੀਂ — ਇੰਜ ਨਹੀਂ ਰੁੱਸ ਬਹੀਦਾ। ਵਿੱਚੋਂ ਗੱਲ ਕੀ ਏ ?"
"ਸੁਣ, ਜੇ ਤੂੰ ਮੈਨੂੰ ਭਰਾ ਨਹੀਂ, ਸਮਝਦਾ, ਤਾਂ ਮੈਂ ਹੁਣੇ ਚੱਲਿਆ। ਏਸ ਝੜੀ ਸਦਕਾ ਪਲ ਕੁ ਵਿਹਲ ਮਿਲੀ ਸੀ, ਤੇ ਮੈਂ ਸੋਚਿਆ ਤੈਨੂੰ ਮਿਲ ਜਾਂ । ਓਧਰ ਤੇਰੀ ਮਸ਼ੀਨ ਦੋ ਬੋਰੀਆਂ ਪੀਹ ਲਏਗੀ, ਏਧਰ ਅਸੀਂ ਦੋਵੇਂ ਭਰਾ ਕੁਝ ਗੱਲਾਂ ਪੀਹ ਲਾਂਗੇ, ਕਿਉਂ ਇੰਜ ਨਹੀਂ ਹੋ ਸਕਦਾ ?"
"ਅੰਦਰ ਆ ਜਾ ਫੇਰ।"
"ਸਤਾਂਕਾ ਘਰੇ ਈ ਏ ?"
ਮਸ਼ੀਨ ਵਾਲਾ ਭਕ ਪਿਆ, "ਇਹ ਕਿਉਂ ਪੁੱਛਣਾ ਏਂ? ਕਿਉਂ ਭੁੱਖ ਲੱਗੀ ਆ।”
"ਨਹੀਂ, ਉਂਜ ਹੀ ਭੈਣਾਂ ਭਰਾਵਾਂ ਵਾਂਗ ਮਿਲਣਾ, ਉਹਦੇ ਨਾਲ ਹੱਥ ਮਿਲਾਣਾ ਚਾਹਦਾ ਸਾਂ ।"
ਗ੍ਹੀਤਜਾ ਨੇ ਸਿਰ ਫੇਰਦਿਆਂ ਕਿਹਾ, "ਤੈਨੂੰ ਮਖ਼ੌਲ ਸੁੱਝ ਰਹੇ ਨੇ-ਜੇ ਕਿਤੇ ਤੈਨੂੰ ਪਤਾ ਹੋਵੇ ਉਹਦੀ ਜਾਨ ਕਿਹੜੀ ਬਿਪਤਾ ਵਿੱਚ ਫਸੀ ਹੋਈ ਏ! ਅਸੀਂ ਏਸ ਕਮਰੇ ਵਿੱਚ ਬਦਲੀ ਕਰਨ ਲੱਗੇ ਆਂ। ਇਹਦੇ ਵਿੱਚ ਇੱਕ ਝਰੋਖਾ ਏ, ਜਿਸ 'ਚੋਂ ਮੈਂ ਪੂਰੀ ਤਾੜ ਰੱਖ ਸਕਦਾ ਆਂ। ਬੰਦੇ ਭੈੜੇ ਬੜੇ ਹੁੰਦੇ ਨੇ, ਮੁੰਡਿਆ! ਤੁਸੀਂ ਅੱਖ ਏਧਰ ਕੀਤੀ ਨਹੀਂ, ਤੇ ਉਹਨਾਂ ਧਾੜਾ ਮਾਰਿਆ ਨਹੀਂ ।"
ਮੀਤ੍ਰਿਆ ਹੈਰਾਨ ਸੀ, "ਸਗੋਂ ਉਹ ਤੇ ਕਹਿੰਦੇ ਨੇ ਲੁੱਟਦਾ ਤੂੰ ਏਂ । ਉਹਨਾਂ ਨੂੰ ਦਾਣੇ ਦੇ ਤੋਲ ਮੂਜਬ ਆਟੇ ਦਾ ਹਿੱਸਾ ਕਦੇ ਵੀ ਨਹੀਂ ਮਿਲਿਆ—ਤੇ ਉਹ ਕਹਿੰਦੇ ਨੇ ਸਾਨੂੰ ਕੋਈ ਸੁਰ ਪਤਾ ਨਹੀਂ ਲੱਗਦਾ ਕਿ ਕਿਵੇਂ ਤੂੰ ਇਹ ਘਪਲਾ ਮਾਰ ਲੈਨਾ ਏਂ।"
"ਕੌਣ ਬਕਦਾ ਏ ਇੰਜ ?" ਮਸ਼ੀਨ ਵਾਲੇ ਨੇ ਕਾਹਲੀ-ਕਾਹਲੀ ਕਿਹਾ, "ਤੂੰ ਨਾ ਇਹਨਾਂ ਕਮੀਨਿਆਂ ਦੀਆਂ ਗੱਲਾਂ ਵਿੱਚ ਆਇਆ ਕਰ ।"
"ਇਵੇਂ ਹੀ ਹੋਣਾ ਏਂ, ਪਰ ਜਿਹੜਾ ਦਾਣਾ ਤੂੰ ਵਾਧੂ ਮਾਰ ਲੈਨਾ ਏਂ, ਉਸ ਵਿੱਚੋਂ ਇੱਕ ਦੋ ਮੁੱਠਾਂ ਮੈਨੂੰ ਆਪਣੇ ਘੋੜੇ ਲਈ ਲੋੜ ਨੇ।"
"ਕੀ ਤੂੰ ਘੋੜੇ ਉੱਤੇ ਚੜ੍ਹ ਕੇ ਆਇਆ ਏਂ ? ਮੇਰੇ ਕੋਲ ਕੋਈ ਨਹੀਂ ਦਾਣਾ ਵਾਣਾ। ਮੈਂ ਨਹੀਂ ਦੇਣਾ ਤੈਨੂੰ ਕੁਝ। ਤੇਰਾ ਮਾਲਕ ਉਹਨੂੰ ਆਪ ਖਾਣ ਨੂੰ ਦਏਗਾ, ਉਹਦੇ ਆਰ ਬੁਖਾਰ ਭਰੇ ਪਏ ਨੇ ।"
"ਛੱਡ ਪਰ੍ਹਾਂ ਗ੍ਹੀਤਜਾ, ਇੰਜ ਥੋੜ੍ਹ ਦਿਲੇ ਨਹੀਂ ਬਣੀਂਦਾ।" ਮੀਤ੍ਰਿਆ ਆਪਣੀ ਵਾਜ ਨੂੰ ਰਤਾ ਸੁਖਾਵਿਆਂ ਬਣਾਂਦਾ ਬੋਲੀ ਗਿਆ, "ਇਹ ਘੋੜਾ ਵਿਚਾਰਾ ਵੀ ਆਖ਼ਰ ਰੱਬ ਦਾ ਜੀਅ ਏ, ਇਹ ਵੀ ਮੇਰੇ ਵਾਂਗ ਕੰਮ ਕਰਦਾ ਏ । ਠੀਕ ਏ, ਇਹ ਮੇਰਾ ਨਹੀਂ, ਪਰ ਮੈਨੂੰ ਇਸ 'ਤੇ ਤਰਸ ਤਾਂ ਆਉਂਦਾ ਏ।"
"ਮੈਨੂੰ ਕੀ ਲੱਗੇ ਤੇਰੇ ਤਰਸ ਨਾਲ ਜਦੋਂ ਜਿਣਸ ਕਹਿੰਦੀ ਹੋਏ ਮੈਨੂੰ ਹੱਥ ਨਾ ਲਾ।" ਮਸ਼ੀਨ ਵਾਲਾ ਤਾੜ ਰੱਖਣ ਲਈ ਭੱਜ ਕੇ ਉਸ ਨਿੱਕੇ ਜਿਹੇ ਝਰੋਖੇ ਵੱਲ ਹੋਇਆ,