

ਖਿਸਕ ਜਾਣ ਦੇਂਦਾ ਏ।"
ਮੀਤ੍ਰਿਆ ਨਾਸਤਾਸੀਆ ਵੱਲ ਤੱਕ ਕੇ ਮੁਸਕਰਾਇਆ। ਉਹਨੇ ਗਿਰੀਆਂ ਲੈ ਕੇ ਆਪਣੇ ਝੱਗੇ ਥੱਲੇ ਲੁਕਾ ਲਈਆਂ, ਰੋਟੀ ਦੇ ਟੁਕੜੇ ਵਿੱਚੋਂ ਦੋ ਬੁਰਕੀਆਂ ਖਾਧੀਆਂ, ਬਾਕੀ ਦੀ ਰੋਟੀ ਉਹਨੇ ਆਪਣੇ ਘੋੜੇ ਲਈ ਰੱਖ ਲਈ।
"ਤੁਸੀਂ ਸਾਰੇ ਸੁਖੀ ਰਹੋ, ਸਾਰੇ ਹੀ,” ਉਹਨੇ ਉੱਠਦਿਆਂ ਕਿਹਾ।
ਗ੍ਹੀਤਜਾ ਨੇ ਉੱਤੋਂ ਉੱਤੋਂ ਹੈਰਾਨ ਹੋ ਕੇ ਕਿਹਾ, "ਏਡੀ ਛੇਤੀ ਤੁਰ ਚੱਲਿਆ ਏਂ?”
ਮੀਤ੍ਰਿਆ ਨੇ ਅੱਗੋਂ ਕੁਝ ਨਾ ਕਿਹਾ, ਸਿਰਫ਼ ਆਪਣਾ ਸਿਰ ਰਤਾ ਪਿਛਾਂਹ ਨੂੰ ਛੱਡਿਆ, ਤੇ ਚਲਿਆ ਗਿਆ । ਨਾਸਤਾਸੀਆ, ਆਪਣੇ ਆਪ ਵਿੱਚ ਮੁਸਕਰਾਂਦੀ, ਸਤਾਂਕਾ ਕੋਲ ਚਲੀ ਗਈ। ਮਸ਼ੀਨ ਵਾਲਾ ਵੀ ਉਹਨਾਂ ਵਿੱਚ ਜਾ ਰਲਿਆ। ਉਹ ਆਪਣੇ ਭਰਾ ਨੂੰ ਕੋਸਦਾ ਰਿਹਾ। ਜ਼ਨਾਨੀ ਨੇ ਉਹਦੇ ਵੱਲ ਨਾ ਤੱਕਿਆ। ਉਹ ਆਪਣੇ ਖਸਮ ਦੇ ਗੁੱਸੇ ਉੱਤੇ ਖੁਸ਼ ਸੀ, ਤੇ ਜਿਹੜਾ ਕੱਪੜਾ ਉਹ ਉਣ ਰਹੀ ਸੀ ਉਹਨੂੰ ਹੌਲੀ ਜਿਹੀ ਕਹਿਣ ਲੱਗੀ, "ਮੈਂ ਠੀਕ ਸਾਂ। ਜਿਸ ਬੰਦੇ ਨੂੰ ਮੇਚ ਸੌਖਾ ਨਾ ਆਏ ਉਹ ਨਿੱਤ ਪੈਰੋਂ ਵਾਹਣਾ ਹੀ ਰਹਿੰਦਾ ਏ, ਤੇ ਲੜਾਕੇ ਕੁੱਤੇ ਦੇ ਕੰਨ ਨਿੱਤ ਪਾਟੇ ਹੀ ਰਹਿੰਦੇ ਨੇ..."
5.
ਸਤੰਬਰ ਦੇ ਸ਼ੁਰੂ ਦੇ ਨੇੜੇ ਹੀ ਮੀਂਹ ਬੰਦ ਹੋ ਗਏ ਤੇ ਦਿਨ ਕੁਝ ਚਮਕਣ ਲੱਗੇ।
ਕੋਠੀ ਦੇ ਕਈ ਨੌਕਰ, ਮੀਤ੍ਰਿਆ ਵੀ ਉਹਨਾਂ ਦੇ ਵਿੱਚ ਹੀ ਸੀ, ਪਸ਼ੂ-ਖੰਡ ਦੇ ਨੇੜੇ ਪੱਧਰ ਮੈਦਾਨ ਦੇ ਸਿਰੇ ਉੱਤੇ ਕੰਮ ਲੱਗੇ ਹੋਏ ਸਨ । ਉਹ ਕਣਕ ਦੀ ਬਿਆਈ ਕਰਕੇ ਕਾਹਲ ਵਿੱਚ ਸਨ, ਕਿਉਂਕਿ ਪਤਝੜ ਦੀ ਰੁੱਤੇ ਜਿਹੜੇ ਖੇਤ ਉਹਨਾਂ ਵਾਹਣੇ ਸਨ ਉਹਨਾਂ ਲਈ ਮੀਂਹਾਂ ਨੇ ਬੜੀ ਪਛੇਤ ਕਰ ਦਿੱਤੀ ਸੀ । ਹੁਣ ਰਾਤਾਂ ਨਿੰਮਲ ਹੁੰਦੀਆਂ ਸਨ, ਤੇ ਨੀਲਮ ਵਰਗੇ ਅਸਮਾਨ ਵਿੱਚ ਨਿੱਕੇ-ਨਿੱਕੇ ਅਨੇਕਾਂ ਤਾਰੇ ਬਲ ਪੈਂਦੇ ਸਨ, ਤੇ ਕਿਤੇ-ਕਿਤੇ ਅਸਮਾਨ ਉੱਤੇ ਇੰਜ ਲੱਗਦਾ ਸੀ ਜਿਵੇਂ ਅੱਗ ਦੇ ਫੁੱਲ ਖਿੜੇ ਹੋਣ । ਬੰਦੇ ਬੁਝੀਆਂ ਲੱਕੜਾਂ ਤੇ ਗੋਹਿਆਂ ਦੀ ਅੱਗ ਦੇ ਨੇੜੇ ਸੌਂਦੇ ਸਨ, ਵਿੱਚੋਂ ਹੌਲੀ-ਹੌਲੀ ਧੂੰਆਂ ਉੱਠਦਾ ਰਹਿੰਦਾ ਸੀ। ਜਿਹੜੇ ਉਹਨਾਂ ਵਿੱਚੋਂ ਬਹੁਤੇ ਬਿਰਧ ਸਨ, ਉਹ ਪੁਰਾਣੇ ਵੇਲਿਆਂ ਦੇ ਕਿੱਸੇ ਛੁਹ ਲੈਂਦੇ: ਜਦੋਂ ਗਿਊਰਗਿਊ ਦਾ ਸ਼ਹਿਰ ਇੱਕ ਤੁਰਕੀ ਸ਼ਹਿਰ ਹੁੰਦਾ ਸੀ, ਤੇ ਜਦੋਂ ਡੈਨਿਊਬ ਦਰਿਆ ਤੋਂ ਪਾਰ ਵਿਚਾਰੇ ਈਸਾਈਆਂ ਉੱਤੇ ਕਾਫ਼ਰ ਧਾਵੇ ਬੋਲਦੇ ਰਹਿੰਦੇ ਸਨ, ਉਹਨਾਂ ਦੇ ਘਰ ਲੂੰਹਦੇ ਤੇ ਉਹਨਾਂ ਨੂੰ ਲੁੱਟਦੇ ਰਹਿੰਦੇ ਸਨ।
ਇੱਕ ਪੁਰਾਣਾ ਕੋਟ ਵਲ੍ਹੇਟੀ ਤੇ ਇੱਕ ਅਰਕ ਦੇ ਆਸਰੇ ਆਪਣਾ ਆਪ ਉੱਚਾ ਕਰੀ, ਮੀਤ੍ਰਿਆ ਸੁਣ ਰਿਹਾ ਸੀ। ਕਦੇ-ਕਦੇ ਉਹਦਾ ਸਿਰ ਪਿਛਾਂਹ ਖਿਸਕ ਕੇ ਉਸ ਥੋੜ੍ਹੇ ਜਿਹੇ ਨਾੜ ਉੱਤੇ ਡਿੱਗ ਪੈਂਦਾ ਜਿਹੜਾ ਜੋੜ-ਜਾੜ ਕੇ ਉਹਨੇ ਸਰ੍ਹਾਣੀ ਰੱਖਿਆ ਹੋਇਆ ਸੀ।
“ਗ਼ਰੀਬਾਂ ਦੀ ਹੀ ਨਿੱਤ ਸ਼ਾਮਤ ਆਈ ਰਹਿੰਦੀ ਏ!” ਉਹ ਸੋਚ ਰਿਹਾ ਸੀ, "ਇੱਕ ਵੇਲਾ ਸੀ ਕਿ ਤੁਰਕ ਉਹਨਾਂ ਨੂੰ ਪਲੇਗ ਤੋਂ ਵੱਧ ਹੋ ਕੇ ਟੱਕਰੇ ਹੋਏ ਸਨ; ਤੇ ਫੇਰ