

ਚੰਗਾ ਕਾਮਾ ਏ।"
"ਪਰ ਜੇ ਉਹਦੇ ਚਾਲੇ ਠੀਕ ਰਹਿਣ ਤਾਂ ! ਹਜ਼ੂਰ, ਪਰ ਮੈਨੂੰ ਤਾਂ ਡਰ ਏ ਮਤੇ ਉਹ ਕੋਈ ਵਾਧੀ ਘਾਟੀ ਨਾ ਕਰ ਬੈਠੇ ।"
"ਹਾਲੀ ਤੱਕ ਮੈਨੂੰ ਏਸ ਸੂਲ ਦੇ ਮੂੰਹ ਤਿੱਖੇ ਤਾਂ ਨਹੀਂ ਜਾਪੇ।"
"ਉਹਦੀ ਜ਼ਬਾਨ ਬੜੀ ਲੰਮੀ ਜੇ, ਮਹਾਰਾਜ ।"
ਤ੍ਰੈ-ਨੱਕੇ ਨੇ ਇੰਜ ਗਹੁ ਨਾਲ ਮਸ਼ੀਨ ਵਾਲੇ ਵੱਲ ਤੱਕਿਆ ਜਿਵੇਂ ਉਹ ਪਹਿਲੀ ਵਾਰੀ ਉਹਨੂੰ ਵੇਖ ਰਿਹਾ ਹੋਵੇ, "ਕੋਈ ਗੱਲ ਨਹੀਂ, ਫੇਰ ਗ੍ਹੀਤਜਾ ਉਹਦੀ ਜ਼ਬਾਨ ਛੋਟੀ ਕਰ ਦਏਗਾ।"
"ਉਹ ਬੜਾ ਆਕੜਿਆ ਹੋਇਐ।"
"ਜੇ ਉਹ ਆਕੜਿਆ ਹੋਇਐ, ਤਾਂ ਅਸੀਂ ਉਹਦੀ ਆਕੜ ਮੱਠੀ ਕਰ ਲਵਾਂਗੇ।" ਮਾਲਕ ਕ੍ਰਿਸਤੀਆ ਨੇ ਆਪਣਾ ਸਿਰ ਨੀਵਾਂ ਕੀਤਾ, ਉਹਦੇ ਮੂੰਹ ਉੱਤੇ ਸ਼ੱਕ ਜਿਹਾ ਸੀ। ਤ੍ਰੈ- ਨੱਕਾ ਬੋਲੀ ਗਿਆ, "ਉਹਨੂੰ ਹੱਥੋਂ ਗੁਆਣ ਦਾ ਮੈਨੂੰ ਅਫ਼ਸੋਸ ਹੋਏਗਾ, ਪਰ ਮੈਂ ਏਸ ਮਾਮਲੇ ਨੂੰ ਖਟਾਈ 'ਚ ਪਿਆ ਵੀ ਨਹੀਂ ਰਹਿਣ ਦੇਣਾ ਚਾਹਦਾ। ਮੈਂ ਪੂਰੀ ਤਫ਼ਤੀਸ਼ ਕਰਾਂਗਾ। ਮਜ਼ਾ ਆਏ ਜੇ ਅਸੀਂ ਇਸ ਸਾਰੇ ਮਾਮਲੇ ਦੀ ਤਹਿ ਵਿੱਚ ਕੋਈ ਅਜਿਹਾ ਲੱਭ ਲਈਏ, ਜਿਦ੍ਹੇ ਉੱਤੇ ਕਿਸੇ ਨੂੰ ਕਦੇ ਵੀ ਸ਼ੱਕ ਨਹੀਂ ਸੀ ਹੋ ਸਕਦਾ, ਕੋਈ ਏਸ ਸਾਰੀ ਸਾਜ਼ਸ਼ ਦਾ ਆਗੂ । ਤੂੰ ਕਹਿ ਰਿਹਾ ਸੈਂ ਉਹ ਆਪਣੇ ਕੱਪੜਿਆਂ ਬਾਰੇ ਫੂਟਾਂ ਮਾਰ ਰਿਹਾ ਸੀ?”
"ਹਾਂ ਜੀ, ਫੂਟਾਂ ਮਾਰਦਾ ਤੇ ਹੱਸਦਾ।" ਮਸ਼ੀਨ ਵਾਲਾ ਚਲਿਆ ਗਿਆ । ਰਾਹ ਵਿੱਚ ਉਹਨੇ ਸੋਚਿਆ ਕਿ ਉਹਨੇ ਨਾਟਕ ਚੰਗਾ ਖੇਡ ਲਿਆ ਸੀ, ਤੇ ਏਨੀ ਕਾਮਯਾਬੀ ਨਾਲ ਆਪਣੀ ਚਾਲ ਚੱਲਣ ਲਈ ਉਹਨੇ ਆਪਣੇ ਆਪ ਨੂੰ ਵਧਾਈ ਦਿੱਤੀ, "ਕੱਲਾ ਨਹੀਂ ਮੈਂ ਉਹਨੂੰ ਹਰਾ ਸਕਦਾ,” ਉਹਨੇ ਆਪਣੇ ਦਿਲ ਨਾਲ ਦਲੀਲ ਕੀਤੀ, "ਸੋ ਹੋਰਨਾਂ ਕੋਲੋਂ ਹੀ ਉਹਨੂੰ ਮਾਤ ਪੁਆ ਲਵਾਂ!"
ਬੁੱਧਵਾਰ ਗ੍ਹੀਤਜਾ ਕੋਠੀ ਗਿਆ ਸੀ । ਅਗਲੇ ਦਿਨ, ਵੀਰਵਾਰ ਨੂੰ ਦੁਪਹਿਰ ਵੇਲ਼ੇ ਪੁਲੀਸ ਦਾ ਸਾਰਜੰਟ ਗਾਰਨਿਆਤਜ਼ਾ ਆਪਣੀ ਦੋ ਕਾਲੇ ਘੋੜਿਆਂ ਵਾਲੀ ਪੀਲੀ ਬੱਘੀ ਵਿੱਚ ਪਸ਼ੂ-ਖੰਡ ਕੋਲ ਜਾ ਕੇ ਰੁਕਿਆ, ਤੇ ਉਹਨੇ ਮੀਤ੍ਰਿਆ ਨੂੰ ਬੁਲਵਾਇਆ। ਉਹਨੇ ਉਹਨੂੰ ਬੱਘੀ ਵਿੱਚ ਬਹਿ ਜਾਣ ਦਾ ਹੁਕਮ ਦਿੱਤਾ।
"ਕਿਉਂ ?" ਮੁੰਡੇ ਨੇ ਕਾਨੂੰਨ ਦੇ ਨੁਮਾਇੰਦੇ ਵੱਲ ਕੁਝ ਸ਼ੱਕ ਨਾਲ ਤੱਕਦਿਆਂ ਪੁੱਛਿਆ।
"ਤੈਨੂੰ ਹੁਣੇ ਪਤਾ ਲੱਗ ਜਾਏਗਾ।"
"ਮੇਰੇ ਲਈ ਕੋਈ ਚਿੱਠੀ ਏ ?"
"ਅੱਧਾ ਤੂੰ ਆਪੇ ਬੁੱਝ ਲਿਆ ਏ, ਤੇ ਬਾਕੀ ਦਾ ਜਦੋਂ ਥਾਣੇ ਪੁਜਾਂਗੇ ਤੈਨੂੰ ਆਪ ਪਤਾ ਲੱਗ ਜਾਏਗਾ।"
ਮੀਤ੍ਰਿਆ ਦੀਆਂ ਅੱਖਾਂ ਅੱਗੇ ਹਨੇਰ ਛਾ ਗਿਆ। ਉਹਨੂੰ ਲੱਗਾ ਕਿ ਉਹਦੇ ਵਰਗੇ