

ਇਹਦੀਆਂ ਮੁਸ਼ਕਾਂ ਕਸ ਦੇ। ਇਹ ਮੁੰਡਾ ਮੇਰੇ ਸਬਰ ਦੀਆਂ ਹੱਦਾਂ ਤੋਂ ਬਾਹਰਾ ਹੁੰਦਾ ਜਾਂਦਾ ਏ... ।” ਮੀਤ੍ਰਿਆ ਦੀਆਂ ਮੁਸ਼ਕਾਂ ਕਸ ਦਿੱਤੀਆਂ ਗਈਆਂ, "ਚੰਗਾ, ਹੁਣ ਕੀ ਸਲਾਹ ਈ, ਕੁਝ ਬਕੇਂਗਾ ?"
"ਮੈਂ ਕੁਝ ਨਹੀਂ ਕਹਿਣਾ।"
ਦੋਵੇਂ ਪੁਲਸੀਏ ਉਹਨੂੰ ਮੁਕਿਆਂ ਤੇ ਠੁੱਡਿਆਂ ਨਾਲ ਮਾਰਦੇ ਮੁੜ੍ਹਕੋ-ਮੁੜ੍ਹਕੀ ਹੋ ਗਏ।
ਮੀਤ੍ਰਿਆ ਦੂਹਰਾ ਹੋਇਆ, ਠੋਡੀ ਛਾਤੀ ਉੱਤੇ ਡਿੱਗੀ, ਤੇ ਕੰਬੀ ਜਾ ਰਿਹਾ ਸੀ । ਉਹ ਆਪਣੇ ਸੰਘ ਵਿੱਚ ਉਤੋਂ-ੜਿਤੀ ਜੁੜ ਰਹੀਆਂ ਚੀਕਾਂ ਤੇ ਡਸਕੋਰਿਆਂ ਨੂੰ ਦਬਾਣ ਦਾ ਜਤਨ ਕਰ ਰਿਹਾ ਸੀ।
"ਇਹਦੇ ਮੁੰਡਪੁਣੇ ਵੱਲ ਤੱਕੋ। ਕੁਝ ਵੀ ਇਕਬਾਲ ਨਹੀਂ ਕਰਦਾ!' ਪੁਲੀਸ ਸਾਰਜੰਟ ਹੈਰਾਨ ਸੀ। "ਨੰਗਿਆਂ ਕਰੋ ਇਹਨੂੰ ਤੇ ਭਿੱਜਿਆ ਰੱਸਾ ਲਿਆਉ... ।”
ਆਰੋਆਂ ਨੇ ਉਹਦੀਆਂ ਮੁਸ਼ਕਾਂ ਖੋਲ੍ਹੀਆਂ ਤੇ ਉਹਦੀ ਕਮੀਜ਼ ਫਾੜ ਕੇ ਲਾਹ ਦਿੱਤੀ। ਫੇਰ ਉਹ ਅਲਮਾਰੀ ਵਿੱਚੋਂ ਰੱਸਾ ਲੈਣ ਲਈ ਚਲਿਆ ਗਿਆ। ਮੁੰਡਾ ਉਹਨਾਂ ਨੂੰ ਇਹ ਸਭ ਕੁਝ ਇੰਜ ਕਰੀ ਜਾਣ ਦੇਂਦਾ ਸੀ ਜਿਵੇਂ ਉਹ ਕੋਈ ਲੋਥ ਸੀ। ਪਰ ਜਦੋਂ ਸੰਤਰੀ ਨੇ ਬੂਹਾ ਖੋਲ੍ਹਿਆ ਤੇ ਉਹ ਰੱਸਾ ਭਿਉਣ ਲਈ ਖੂਹੀ ਕੋਲ ਲਿਜਾਣ ਲੱਗਾ ਤਾਂ ਮੀਤ੍ਰਿਆ ਇੱਕ ਦਮ ਅਗਾਂਹ ਨੂੰ ਕੁੱਦਿਆ, ਸਿਰ ਅਗਾਂਹ ਕੱਢ ਕੇ ਉਹਨੇ ਅਜਿਹੀ ਧੁਸ ਸਿਪਾਹੀ ਨੂੰ ਮਾਰੀ ਕਿ ਉਹ ਚੌਫਾਲ ਡਿੱਗ ਪਿਆ। ਫੇਰ ਉਹ ਫੁਰਤੀ ਨਾਲ ਉਹਦੇ ਉੱਤੋਂ ਦੀ ਟੱਪ ਕੇ ਸਹੇ ਵਾਂਗ ਨੱਸ ਪਿਆ।
ਗਾਰਨਿਆਤਜ਼ਾ ਜਦੋਂ ਅਗਾਂਹ ਵਧਿਆ ਤਾਂ ਬਰੂਹਾਂ ਨਾਲ ਠੇਡਾ ਖਾ ਕੇ ਡਿੱਗੇ ਹੋਏ ਸੰਤਰੀ ਉੱਤੇ ਹੀ ਧੜਾ ਕਰਕੇ ਢਹਿ ਪਿਆ।
ਐਨ ਉਸੇ ਬਿੰਦ ਜਦੋਂ ਮੀਤ੍ਰਿਆ ਖਾਲੀ ਪਾਰ ਕਰ ਕੇ ਵੱਡੀ ਸੜਕ ਉੱਤੇ ਚੜ੍ਹਿਆ, ਉਹਨੂੰ ਕੋਠੀ ਤੋਂ ਆਈ ਵੱਡੀ ਬੱਘੀ ਦਿਸੀ। ਬੱਘੀ ਇੱਕਦਮ ਉਹਦੇ ਕੋਲ ਆ ਕੇ ਖੜੋ ਗਈ। ਅੱਗੇ ਕੋਚਵਾਨ ਦੀ ਥਾਂ ਚਾਚਾ ਤ੍ਰਿਗਲੀਆ ਬੈਠਾ ਹੋਇਆ ਸੀ । ਪਿੱਛੇ ਬੈਠਾ ਮਾਲਕ ਕ੍ਰਿਸਤੀਆ ਉੱਚਾ ਉੱਠ ਕੇ ਏਸ ਅਜੀਬ ਉਧੜ ਗੁਧੜੀ ਸ਼ਕਲ ਨੂੰ ਵੇਖ ਰਿਹਾ ਸੀ: ਲੱਕ ਤੀਕ ਨੰਗਾ, ਲਹੂ-ਚੋਂਦੀ ਪਿੱਠ, ਲੱਥੀਆਂ ਹੋਈਆਂ ਅੱਖਾਂ।
ਤ੍ਰੈ-ਨੱਕੇ ਨੇ ਉੱਚੀ-ਉੱਚੀ ਗੱਜਣਾ ਸ਼ੁਰੂ ਕੀਤਾ, 'ਬਸ ਕਰ ਛੱਡ ਦੇ ਉਹਨੂੰ, ਗਾਰਨਿਆਤਜ਼ਾ ! ਏਨਾ ਕਾਫ਼ੀ ਏ।"
"ਮੈਂ ਤਫ਼ਤੀਸ਼ ਕਰ ਰਿਹਾ ਸਾਂ, ਹਜ਼ੂਰ," ਹਫ਼ੇ ਹੋਏ ਗਾਰਨਿਆਤਜ਼ਾ ਨੇ ਕਿਹਾ, "ਉਹ ਮੰਨਣ 'ਚ ਈ ਨਹੀਂ ਆਉਂਦਾ।"
"ਪਰ ਉਹ ਮੰਨੇ ਕੀ! ਕਿਸੇ ਬੰਦੂਕ ਨਹੀਂ ਚੁਰਾਈ। ਬੰਦੂਕ ਤੇ ਮਿਸਤਰੀ ਸਾਫ਼ ਕਰਨ ਲਈ ਲੈ ਗਿਆ ਸੀ । ਜਾਓ ਤੇ ਉਹਨੂੰ ਉਹਦੀ ਕਮੀਜ਼ ਤੇ ਕੋਟ ਮੋੜ ਦਿਓ। ਤੇ ਏਥੇ ਤ੍ਰਿਗਲੀਏ ਦੇ ਨਾਲ ਬਹਿ ਜਾਣ ਦਿਉ ਸੂ।"