

ਮੀਤ੍ਰਿਆ ਅੱਧਨੰਗਾ ਜਿਹਾ ਹੋਣ ਕਰਕੇ ਸ਼ਰਮਾ ਰਿਹਾ ਸੀ । ਮਾਦਾਮ ਦਿਦੀਨਾ ਵੀ ਬੱਘੀ ਵਿੱਚ ਹੀ ਸੀ। ਉਹ ਇਹ ਸਾਰੀ ਝਾਤੀ ਤੱਕ ਕੇ ਮੁਸਕਰਾਂਦੀ ਰਹੀ ਸੀ, ਤੇ ਹੁਣ ਉਹ ਮੁੰਡੇ ਦੀਆਂ ਅੱਖਾਂ ਵਿੱਚ ਖੁਸ਼ੀ ਦਾ ਕੋਈ ਅੰਸ਼ ਟੋਲਣ ਦਾ ਜਤਨ ਕਰ ਰਹੀ ਸੀ, ਐਨ ਦੰਦੀ 'ਤੇ ਪੁੱਜ ਕੇ ਬਚਾਏ ਜਾਣ ਦੀ ਖੁਸ਼ੀ । ਪਰ ਜਦੋਂ ਉਹਨੂੰ ਉਹਦੀਆਂ ਸੋਹਣੀਆਂ ਬਾਦਾਮ-ਵੰਨੀਆਂ ਅੱਖਾਂ ਵਿੱਚੋਂ ਡਰਾਉਣਾ ਤੇ ਨਫ਼ਰਤ ਨਾਲ ਚਮਕਦਾ ਲਿਸ਼ਕਾਰਾ ਵੱਜਾ ਤਾਂ ਉਹਦੀ ਕੰਗਰੋੜ ਨੂੰ ਇੱਕ ਦੁਖਦਾਈ ਕੰਬਣੀ ਚੀਰ ਗਈ। ਮੀਤ੍ਰਿਆ ਨੇ ਉਹਦੀਆਂ ਨਜ਼ਰਾਂ ਬਚਾ ਕੇ, ਬੇਮਲੂਮਾ ਜਿਹਾ ਸੁਣੀਂਦਾ ਸ਼ੁਕਰੀਏ ਦਾ ਲਫ਼ਜ਼ ਕਿਹਾ, ਫੇਰ ਰਾਹ ਦੀ ਧੂੜ ਉੱਤੇ ਲਹੂ ਥੱਕ ਕੇ ਆਪਣੀ ਕਮੀਜ਼ ਪਾਈ, ਤੇ ਉੱਤੇ ਤ੍ਰਿਗਲੀਆ ਕੋਲ ਜਾ ਬੈਠਾ ।
6.
ਤ੍ਰੈ-ਨੱਕੇ ਨੇ ਮੀਤ੍ਰਿਆ ਨੂੰ ਆਪਣੇ ਬੁਰਜ ਵਿੱਚ ਬੁਲਾਇਆ। "ਜਾ," ਤ੍ਰਿਗਲੀਆ ਨੇ ਉਹਨੂੰ ਹੱਲਾਸ਼ੇਰੀ ਦਿੱਤੀ, "ਸੁਣ ਆ, ਉਹ ਤੈਨੂੰ ਕੀ ਕਹਿਣਾ ਚਾਹਦਾ ਏ, ਤੇ ਸੰਭਲ ਕੇ ਰਹੀਂ।”
ਮੁੰਡੇ ਨੇ ਡੂੰਘਾ ਸਾਹ ਭਰਿਆ ਤੇ ਚਲਿਆ ਗਿਆ ।
ਮਾਲਕ ਕ੍ਰਿਸਤੀਆ ਬਾਹੀਆਂ ਵਾਲੀ ਕੁਰਸੀ ਵਿੱਚ ਆਪਣੀ ਦੂਰਬੀਨ ਲੈ ਕੇ ਬੈਠਾ ਹੋਇਆ ਸੀ। ਉਹਦੀ ਪਹੁੰਚ ਵਿੱਚ ਈ ਬੰਦੂਕ ਬਾਰੀ ਦੀ ਸਿੱਲ੍ਹ ਨਾਲ ਅੜੀ ਹੋਈ ਸੀ । ਉਹ ਆਪਣੇ ਏਸ ਨੌਜਵਾਨ ਨੌਕਰ ਵੱਲ ਏਨੀ ਦੇਰ ਤੱਕਦਾ ਰਿਹਾ ਕਿ ਲੱਗਾ ਉਹਦਾ ਇਹ ਤੱਕਣਾ ਕਦੇ ਵੀ ਮੁੱਕਣ ਨਹੀਂ ਲੱਗਾ। ਪਰ ਇੱਕ ਵਾਰੀ ਵੀ ਉਹਦੀਆਂ ਅੱਖਾਂ ਨਾਲ ਉਹ ਆਪਣੀਆਂ ਅੱਖਾਂ ਨਾ ਰਲਾ ਸਕਿਆ।
"ਓਇ ਮੀਤ੍ਰਿਆ, ਮੇਰੇ ਵੱਲ ਤੱਕ। ਤੈਨੂੰ ਸੁਣਦਾ ਨਹੀਂ ?"
"ਮੈਨੂੰ ਚੰਗਾ ਭਲਾ ਸੁਣਦਾ ਏ।"
“ਤਾਂ ਫੇਰ ਮੇਰੇ ਵੱਲ ਤੱਕ।”
"ਮੈਂ ਤੁਹਾਡੇ ਵੱਲ ਤੱਕ ਰਿਹਾ ਵਾਂ ।"
"ਪੁਲਿਸ ਕੋਲ ਜੋ ਜੋ ਤੇਰੇ ਨਾਲ ਬੀਤੀ, ਉਹ ਸਭ ਮੈਨੂੰ ਦੱਸ।"
"ਤੁਸੀਂ ਕੀ ਚਾਂਹਦੇ ਓ, ਜਿਹੜਾ ਮੈਂ ਤੁਹਾਨੂੰ ਦੱਸਾਂ?"
"ਕੀ ਤੈਨੂੰ ਬੜੀ ਪੀੜ ਹੋਈ ਸੀ ?"
"ਨਹੀਂ, ਮੈਨੂੰ ਬੜਾ ਮਜ਼ਾ ਆਇਆ ਸੀ।"
ਤ੍ਰੈ-ਨੱਕੇ ਨੇ ਤਿਉੜੀ ਪਾ ਲਈ, "ਇੰਜ ਮੇਰੇ ਨਾਲ ਬੋਲਣਾ ਕਿੱਥੋਂ ਸਿੱਖਿਆ ਈ ? ਇੰਜ ਖੂੰਜਿਆਂ ਵਿੱਚ ਨਾ ਝਾਕੀ ਜਾ, ਉਤਾਂਹ ਮੇਰੇ ਵੱਲ ਤੱਕ।"
"ਮੈਂ ਖੁਸ਼ ਹੋਇਆ ਸਾਂ ਜਦੋਂ ਮੈਂ ਸੋਚਿਆ ਕਿ ਏਦੂੰ ਵੱਧ ਬੁਰੀ ਵੀ ਮੇਰੇ ਨਾਲ ਹੋ ਸਕਦੀ ਸੀ।"
"ਹੂੰ, ਠੀਕ!” ਮਾਲਕ ਕ੍ਰਿਸਤੀਆ ਨੇ ਕੁਝ ਚਮਕ ਕੇ ਕਿਹਾ, "ਤੂੰ ਬੜਾ ਸਿਆਣਾ