

ਮੁੰਡਾ ਏਂ।"
“ਮਾਲਕ, ਮੈਂ ਤਾਂ ਸਿਰਫ਼ ਇੱਕ ਗਰੀਬ ਮੁੰਡਾ ਵਾਂ।"
ਮਾਲਕ ਦੀ ਵਾਜ ਵਧੇਰੇ ਨਰਮ ਹੁੰਦੀ ਗਈ। "ਤੈਨੂੰ ਇਹ ਪਤਾ ਈ ਹੋਣਾ ਏਂ ਕਿ ਜਦੋਂ ਤੂੰ ਬੇਗੁਨਾਹ ਸਾਬਤ ਹੋ ਗਿਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਸੀ । ਤੇਰੇ ਵਰਗਾ ਚੰਗਾ ਨੌਕਰ ਗੁਆ ਕੇ ਮੈਨੂੰ ਬੜਾ ਅਫ਼ਸੋਸ ਹੋਣਾ ਸੀ, ਮਾਦਾਮ ਨੇ ਵੀ ਤੇਰੀ ਖ਼ਾਤਰ ਮੇਰੇ ਅੱਗੇ ਤਰਲਾ ਪਾਇਆ ਸੀ।” ਮੀਤ੍ਰਿਆ ਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਉਹਨੇ ਕਿਹਾ, "ਤੂੰ ਹੁਣ ਜਾ ਸਕਦਾ ਏਂ। ਨਹੀਂ... ਇੱਕ ਮਿੰਟ ਠਹਿਰ। ਮੈਂ ਸ਼ਕੈਤ ਸੁਣੀ ਏਂ ਕਿ ਤੇਰੀ ਜ਼ਬਾਨ ਤੇਰੇ ਵਸ 'ਚ ਨਹੀਂ । ਜੋ ਮੂੰਹ 'ਚ ਆਏ ਤੂੰ ਬੋਲ ਦੇਨਾ ਏਂ ।"
"ਮੈਂ ਕੀ ਕਹਿ ਸਕਦਾ ਵਾਂ, ਮਾਲਕ ? ਮੈਂ ਤੇ ਕਦੇ ਕਿਸੇ ਨਾਲ ਕਲਾਮ ਨਹੀਂ ਕੀਤਾ। ਮੈਂ ਤੇ ਚੱਤੇ ਪਹਿਰ ਕੰਮ-ਕਾਜ ਦੇ ਫ਼ਿਕਰਾਂ ਵਿੱਚ ਗ਼ਰਕ ਰਹਿਨਾਂ ਵਾਂ..."
"ਤਾਂ ਫੇਰ ਠੀਕ, ਪਵਿੱਤਰ ਅੰਜੀਲ 'ਚੋਂ ਕਹਾਵਤ ਏ..."
"ਮੈਨੂੰ ਏਸ ਬਾਰੇ ਕੁਝ ਨਹੀਂ ਪਤਾ..." ਮੀਤ੍ਰਿਆ ਨੇ ਕਿਹਾ।
"ਜਦੋਂ ਮਾਲਕ ਬੋਲ ਰਿਹਾ ਹੋਵੇ, ਤੈਨੂੰ ਚੁੱਪ ਰਹਿਣਾ ਚਾਹੀਦਾ ਏ। ਮੈਂ ਆਖ ਰਿਹਾ ਸਾਂ, ਪਵਿੱਤਰ ਅੰਜੀਲ 'ਚੋਂ ਕਹਾਵਤ ਏ, 'ਉਹਦੇ ਜਿਦੇ ਕੰਨ ਹੋਣ, ਉਹਨੂੰ ਸੁਣਨ ਦਿਓ।' ਪਤਾ ਲੱਗਾ ਈ ?” ਮੀਤ੍ਰਿਆ ਨੇ ਆਪਣਾ ਸਿਰ ਦੁਚਿੱਤੀ ਜਹੀ ਵਿੱਚ ਹਿਲਾਇਆ।"ਅੰਜੀਲ ਦੀ ਇਹ ਗੱਲ ਤੂੰ ਪੱਲੇ ਬੰਨ੍ਹ ਲੈ । ਸੁਣਿਆਂ ਈ ?”
"ਹਾਂ, ਮਾਲਕ, ਮੈਂ ਸੁਣ ਲਿਆ ਏ।"
"ਬੜਾ ਚੰਗਾ ਏ ਫੇਰ, ਮੈਂ ਤੁਹਾਡੀ ਸਭਨਾਂ ਦੀ ਤਲਬ ਵਧਾ ਰਿਹਾ ਹਾਂ।" ਮੁੰਡੇ ਨੇ ਕੋਈ ਜਵਾਬ ਨਾ ਦਿੱਤਾ, "ਤੇ ਅਹਿ ਨੇ ਵੀਹ ਫ਼ਰਾਂਕ ਤੇਰੇ ਲਈ। ਆਪਣੇ ਲਈ ਕੁਝ ਤੰਬਾਕੂ ਤੇ ਕੁਝ ਚੂਇਕਾ ਸ਼ਰਾਬ ਲੈ ਲਈ । ਇਹ ਨਿਆਮਤਾਂ ਭੋਗਣ ਲਈ ਹੀ ਬਣੀਆਂ ਨੇ, ਤੇ ਕਦੇ ਕਦਾਈਂ ਮੈਂ ਤੈਨੂੰ ਇਹਨਾਂ ਲਈ ਖੁੱਲ੍ਹ ਦੇ ਦਿਆਂਗਾ।"
ਮੀਤ੍ਰਿਆ ਬੁਰਜ ਵਿੱਚੋਂ ਦੰਦ ਕਰੀਚਦਾ, ਆਪਣੀ ਮੁੱਠੀ ਵਿੱਚ ਵੀਹ ਫ਼ਰਾਂਕ ਦਾ ਨੋਟ ਮਰੁੰਡਦਾ ਥੱਲੇ ਉੱਤਰ ਆਇਆ।
ਜਦੋਂ ਉਹ ਅਸਤਬਲ ਵਿੱਚ ਪੁੱਜਾ, ਜਿੱਥੇ ਚਾਚਾ ਤ੍ਰਿਗਲੀਆ ਉਹਦੀ ਉਡੀਕ ਕਰ ਰਿਹਾ ਸੀ, ਤਾਂ ਉਹਨੇ ਇਹ ਨੋਟ ਥੱਲੇ ਪੈਰਾਂ ਵਿੱਚ ਸੁੱਟ ਪਾਇਆ, ਉਸ ਉੱਤੇ ਥੁੱਕਿਆ, ਤੇ ਇਹਨੂੰ ਜੁੱਤੀ ਥੱਲੇ ਮਿੱਧਦਾ ਰਿਹਾ। ਫੇਰ ਅਜਿਹੀਆਂ ਬੁਗਜ਼ ਭਰੀਆਂ ਗਾਲ੍ਹਾਂ ਉਹਨੇ ਵਾਹੋ-ਦਾਹੀ ਦਿੱਤੀਆਂ ਕਿ ਬੁੱਢਾ ਆਦਮੀ ਸੁਣ ਕੇ ਹੈਰਾਨ ਹੋ ਗਿਆ।
"ਹੋਇਆ ਕੀ ਏ ?” ਉਹਨੇ ਪੁੱਛਿਆ।
ਮੀਤ੍ਰਿਆ ਘਿਰਣਾ ਦੇ ਵੇਗ ਵਿੱਚ ਹੁੰਗਿਆ।
"ਮੁੰਡਿਆ, ਆਪਣੇ ਵੱਸ ਵਿੱਚ ਹੋ,” ਤ੍ਰਿਗਲੀਆ ਨੇ ਉਹਨੂੰ ਠੰਢਿਆਂ ਕਰਨ ਦਾ ਜਤਨ ਕਰਦਿਆਂ ਕਿਹਾ, "ਕੀ ਚਾਹਦਾ ਸੀ ਉਹ ਤੇਰੇ ਕੋਲੋਂ? ਕੀ ਕਿਹਾ ਏ ਓਨੇ ਤੈਨੂੰ ?"
"ਰੱਬੀ ਸੱਚਾਈ।” ਇੱਕ ਗੇਲੀ 'ਤੇ ਬਹਿ ਕੇ ਮੁੰਡੇ ਨੇ ਥਥਲਾਂਦਿਆਂ ਕਿਹਾ।