ਉਹ ਆਪਣੇ ਦੇਸ਼ ਦੀ ਵੱਡੀ ਪਾਰਲੀਮੈਂਟ ਦੀ ਪ੍ਰਧਾਨ ਮੰਡਲੀ ਦਾ ਮੀਤ-ਪ੍ਰਧਾਨ ਤੇ ਰੂਮਾਨੀਆਂ ਦੀ ਲੋਕ ਜਮਹੂਰੀ ਰੀਪਬਲਿਕ ਦੇ ਲੇਖਕ ਸੰਘ ਦਾ ਪ੍ਰਧਾਨ ਹੈ। ਏਸ ਤਰ੍ਹਾਂ ਆਪਣੇ ਲੋਕਾਂ ਦੀ ਸਮਾਜੀ ਜ਼ਿੰਦਗੀ ਤੇ ਆਪਣੇ ਸਾਹਿਤ ਦੋਵਾਂ ਲਈ ਉਹ ਅਣਥੱਕ ਘਾਲਾਂ ਘਾਲਦਾ ਰਹਿੰਦਾ ਹੈ। ਜ਼ਿੰਦਗੀ ਨਾਲ ਭਰਪੂਰ ਪਿਆਰ ਕਰਦਿਆਂ, ਜ਼ਿੰਦਗੀ ਦੀ ਜੋ ਵੀ ਸੋਹਣੀ ਚੰਗੀ ਦੇਣ ਹੈ ਉਹਦੇ ਲਈ ਆਪਣੀ ਹਰ ਕਿਰਤ ਵਿੱਚ ਉਤਸ਼ਾਹੀ ਪ੍ਰਸ਼ੰਸਾ ਪ੍ਰਗਟਾਂਦਿਆਂ, ਮੀਹਾਈਲ ਸਾਦੋਵਿਆਨੋ ਅਮਨ ਦੇ ਰਾਖਿਆਂ ਦੀ ਪਹਿਲੀ ਕਤਾਰ ਵਿੱਚ ਡਟ ਕੇ ਖੜੋਤਾ ਹੋਇਆ ਹੈ। ਉਹ ਰੁਮਾਨੀਆਂ ਦੀ ਅਮਨ ਕੌਂਸਲ ਦਾ ਪ੍ਰਧਾਨ ਤੇ ਸੰਸਾਰ ਅਮਨ ਕੌਂਸਲ ਦਾ ਮੈਂਬਰ ਹੈ।
ਉਹਦਾ ਇਹ ਨਾਵਲ "ਮੀਤ੍ਰਿਆ ਕੋਕੋਰ" 1949 ਵਿੱਚ ਪ੍ਰਕਾਸ਼ਿਤ ਹੋਇਆ ਸੀ। ਪਿੱਛੋਂ ਇਹਦੇ ਤੋਂ ਫ਼ਿਲਮ ਤੇ ਥੀਏਟਰ ਲਈ ਨਾਟਕ ਵੀ ਬਣਾਏ ਗਏ। ਇਸ ਨਾਵਲ ਦੇ ਅਨੁਵਾਦ ਦੁਨੀਆਂ ਦੀਆਂ ਅਨੇਕਾਂ ਬੋਲੀਆਂ ਵਿੱਚ ਛਪ ਚੁੱਕੇ ਹਨ। ਸੰਸਾਰ ਦੇ ਅਮਨ ਸੰਗਰਾਮ ਲਈ ਇਹ ਨਾਵਲ ਅਮੁੱਲੀ ਦੇਣ ਸਮਝਿਆ ਗਿਆ ਹੈ, ਤੇ ਏਸ ਲਈ ਇਹਨੂੰ ਅਮਨ ਦਾ ਕੌਮਾਂਤਰੀ ਇਨਾਮ ਸੰਸਾਰ ਅਮਨ ਕੌਂਸਲ ਵੱਲੋਂ ਮਿਲ ਚੁੱਕਿਆ ਹੈ।
ਹੁਣ ਸਾਦੋਵਿਆਨੋ ਆਪਣੇ ਜੀਵਨ ਭਰ ਦੀ ਰਚਨਾਤਮਕ ਸਰਗਰਮੀ ਦੀ ਚੋਟੀ ਉੱਤੇ ਪੁੱਜ ਕੇ, ਅੱਸੀਵੇਂ ਵਰ੍ਹੇ ਦੇ ਨੇੜੇ ਅੱਪੜਦਿਆਂ, ਮਨੁੱਖਤਾ ਦੇ ਖੁਸ਼ਹਾਲ ਭਵਿੱਖ ਵਿੱਚ ਅਟੁੱਟ ਭਰੋਸੇ ਨਾਲ ਧੜਕਦਿਆਂ, ਰੂਮਾਨੀਆਂ ਤੇ ਸੰਸਾਰ-ਸਾਹਿਤ ਦੇ ਭੰਡਾਰ ਨੂੰ ਆਪਣੀਆਂ ਸ਼ਾਨਦਾਰ ਕਿਰਤਾਂ ਨਾਲ ਅਮੀਰ ਕਰੀ ਜਾ ਰਿਹਾ ਹੈ। ਉਹ ਆਪਣੇ ਦੇਸ਼ ਦੇ ਨਵੀਂ ਪੀੜ੍ਹੀ ਦੇ ਲੇਖਕਾਂ ਦੀ ਨਿੱਤ ਸਹਾਇਤਾ ਕਰਦਾ ਰਿਹਾ ਹੈ, ਤੇ ਉਹਨਾਂ ਲਈ ਉਹਦੇ ਦਿਲ ਵਿੱਚ ਬੜਾ ਪਿਆਰ ਹੈ। ਨਵੀਂ ਪੀੜ੍ਹੀ ਦੇ ਲੇਖਕ ਉਹਨੂੰ ਆਪਣੇ ਲਈ ਚਾਨਣ-ਮੁਨਾਰਾ ਸਮਝਦੇ ਹਨ।
1 ਜਨਵਰੀ, 1959.
ਨਵਤੇਜ ਸਿੰਘ