ਮੀਤ੍ਰਿਆ ਕੋਕੋਰ
1.
ਲਿਜ਼ਾ ਦਰਿਆ ਦੇ ਨੇੜੇ ਹੀ, ਇੱਕ ਵੱਡੇ ਸਾਰੇ ਪੱਧਰ ਮੈਦਾਨ ਦੇ ਸਿਰੇ ਉੱਤੇ, ਸੌ ਵਰ੍ਹੇ ਹੋਏ ਏਸ ਇਲਾਕੇ ਦੇ ਲੋਕਾਂ ਨੇ ਆਪਣਾ ਪਿੰਡ ਉਸਾਰਿਆ ਸੀ। ਉਹਨਾਂ ਏਸ ਪਿੰਡ ਦਾ ਨਾਂ 'ਢੱਠੀ-ਕੰਢੀ' ਪਾ ਲਿਆ ਸੀ, ਕਿਉਂਕਿ ਲਿਜ਼ਾ ਦਰਿਆ ਦਾ ਵਹਿਣ ਬੜੇ ਅਚਨਚੇਤ ਮੋੜਾਂ ਤੇ ਵਲਾਵਿਆਂ ਵਾਲਾ ਸੀ, ਤੇ ਹੜਾਂ ਦੇ ਦਿਨਾਂ ਵਿੱਚ ਤਾਂ ਇਹ ਏਨਾ ਚੜ੍ਹ ਜਾਂਦਾ ਸੀ ਕਿ ਪਿੰਡ ਦੁਆਲੇ ਖਿੱਲਰੀਆਂ ਵਾਹੀਆਂ ਬੀਜੀਆਂ ਪੈਲੀਆਂ ਨੂੰ ਵੀ ਢਾਹ ਲਗਦੀ ਤੇ ਉਹ ਦਰਿਆ- ਬੁਰਦ ਹੋ ਜਾਂਦੀਆਂ ਸਨ।
ਏਸ ਪੱਧਰ ਮੈਦਾਨ ਦਾ ਏਸ ਪਿੰਡ ਦੇ ਵਾਸੀਆਂ ਨੇ 'ਪੰਛੀਵਾੜਾ' ਨਾਂ ਰੱਖ ਦਿੱਤਾ ਸੀ।
ਉਹ ਆਖਦੇ ਹੁੰਦੇ ਸਨ, "ਓਥੇ ਜਿੱਥੇ ਜਗੀਰਦਾਰ ਦੀ ਸਭ ਤੋਂ ਵਧੀਆ ਕਣਕ ਪੱਕਦੀ ਏ।" ਓਥੇ ਤੁਸੀਂ ਕਈ ਵਾਰ ਉਹਨਾਂ ਜੰਗਲੀ ਪੰਛੀਆਂ ਦੀਆਂ ਡਾਰਾਂ ਨਿੱਘੀ ਪੌਣ ਵਿੱਚ ਮੰਡਰਉਂਦੀਆਂ ਵੇਖ ਸਕਦੇ ਹੋ, ਜਿਨ੍ਹਾਂ ਕਰ ਕੇ ਇਸ ਮੈਦਾਨ ਦਾ ਇਹ ਨਾਂ ਪਿਆ ਸੀ ।
"ਇਹ ਕੋਈ ਥਲ ਤਾਂ ਨਹੀਂ, ਤੁਸੀਂ ਓਥੇ ਪਿੰਡਾਂ ਦੇ ਪਿੰਡ ਉਗਾ ਸਕਦੇ ਹੋ। ਪਰ ਬੁੱਢੜੇ ਮਾਵਰੋਮਾਤੀ ਨੇ ਆਪਣੇ ਪੁੱਤਰਾਂ ਕੋਲੋਂ ਸਹੁੰਆਂ ਚੁੱਕਾਈਆਂ ਸਨ ਕਿ ਉਹ ਏਥੇ ਇੱਕ ਵੀ ਮਕਾਨ ਨਹੀਂ ਬਣਨ ਦੇਣਗੇ। ਪੰਛੀਵਾੜੇ ਵਿੱਚ ਸੁਧਾ ਹੀ ਸੋਨਾ ਏ, ਤੇ ਇਹ ਜਗੀਰਦਾਰ ਸੋਨਾ ਰੋਲਦੇ ਰਹਿੰਦੇ ਨੇ, ਜਦੋਂ ਅਸੀਂ ਨਿਰੀ ਜੂਨ-ਕਟੀ ਕਰਦੇ ਤੇ ਅਤਿ ਦੀ ਗ਼ਰੀਬੀ ਵਿੱਚ ਆਪਣੇ ਹੱਡ ਰੜਕਦੇ ਰਹਿੰਦੇ ਆਂ।"
ਹੁਨਾਲੇ ਵਿੱਚ ਲੋਕੀ ਲਿਜ਼ਾ ਨੂੰ ਇੱਕ ਨਿੱਕੇ ਜਿਹੇ ਡਾਂਵਾਡੋਲ ਪੁਲ ਰਾਹੀਂ ਪਾਰ ਕਰਕੇ ਪੈਲੀਆਂ ਵਿੱਚ ਜਾਂਦੇ। ਜਦੋਂ ਉਹ ਪਸ਼ੂ-ਖੰਡ ਕੋਲ ਹੀ ਪੁੱਜਦੇ ਤਾਂ ਉਹਨਾਂ ਨੂੰ ਪੰਛੀਵਾੜੇ ਵਿੱਚੋਂ ਪੱਕੇ ਹੋਏ ਦਾਣਿਆਂ ਦੀ ਮਹਿਕ ਆਉਂਦੀ।
"ਮੇਰਾ ਚਿੱਤ ਕਰਦਾ ਏ ਕਦੇ ਮੈਂ ਚਿੱਟੀ ਰੋਟੀ ਖਾ ਸਕਾਂ !" ਕੋਈ ਕਹਿੰਦਾ।
ਉਹਦੇ ਸੰਗੀ ਹੱਸ ਪੈਂਦੇ। ਇੱਕ ਵਾਰ ਉਹਨਾਂ ਵਿੱਚੋਂ ਇੱਕ ਨੇ ਅੱਗੋਂ ਕਿਹਾ, “ਚੰਗਾ, ਪਰਸੋਂ ਤੀਕ ਉਡੀਕ ਲੈ । ਤਾਂ ਸ਼ੈਤ ਏਸ ਮੈਦਾਨ ਨੂੰ ਬੀਜਣ ਦੀ ਸਾਡੀ ਵਾਰੀ ਆ ਜਾਏ।"
ਮੀਤ੍ਰਿਆ ਕੋਕੋਰ ਓਦੋਂ ਹਾਲੇ ਮਸਾਂ ਗਿਆਰਾਂ ਵਰ੍ਹਿਆਂ ਦਾ ਸੀ, ਜਦੋਂ ਉਹਨੇ ਉੱਪਰਲਾ ਜਵਾਬ ਸੁਣਿਆਂ ਸੀ। ਉਹਨੂੰ ਸਮਝ ਨਹੀਂ ਸੀ ਪਈ, ਪਰ ਉਹ ਸਭਨਾਂ ਨਾਲ ਰਲ ਕੇ ਹੱਸਿਆ ਜ਼ਰੂਰ ਸੀ ।
"ਤੂੰ ਕਿਉਂ ਪਿਆ ਇੰਜ ਦੰਦੀਆਂ ਕੱਢਦਾ ਏਂ ?" ਉਹਦੀ ਮਾਂ ਨੇ ਪੁੱਛਿਆ ਸੀ, ਜਿਹੜੀ ਰੇੜ੍ਹੇ ਦੇ ਉੱਤੇ ਪਏ ਨਾੜਾਂ ਵਿੱਚ ਉਹਦੇ ਕੋਲ ਹੀ ਦੂਹਰੀ ਹੋਈ ਪਈ ਸੀ ।
"ਐਵੇਂ ਈ, ਮੈਂ ਐਵੇਂ ਈ ਹੱਸ ਪਿਆ।"