"ਜਦੋਂ ਤੈਨੂੰ ਕੋਈ ਸੁਰ ਪਤਾ ਨਾ ਲੱਗੇ, ਤਾਂ ਐਵੇਂ ਮੂੰਹ ਬਣਾਨ ਦੀ ਕੋਈ ਲੋੜ ਨਹੀਂ ।"
"ਪਰ ਮੈਨੂੰ ਤਾਂ ਪਤਾ ਏ।"
ਅੱਗੇ ਬਹਿਕੇ ਉਹਦਾ ਪਿਉ ਰੇੜੇ ਨਾਲ ਜੁਤੇ ਕੁਮੈਤ ਘੋੜੇ ਨੂੰ ਚਲਾ ਰਿਹਾ ਸੀ । ਉਹ ਪਿਛਾਂਹ ਮੁੜ ਕੇ ਹੱਸ ਪਿਆ ਸੀ, "ਹੋ-ਹੋ-ਹੋ। ਹੁਣ ਤਾਂ ਸਾਡਾ ਮੀਤ੍ਰਿਆ ਨਿਆਣਾ ਨਹੀਂ ਰਿਹਾ! ਹੁਣ ਤਾਂ ਇਹ ਸਕੂਲੇ ਘੱਲਣਾ ਪਉ ।"
"ਸਕੂਲੇ ਨਾ ਸਕੂਲੇ, ਏਥੇ ਮੈਂ ਚੰਗੀ ਤਰ੍ਹਾਂ ਇਹਦੇ ਕੰਨ ਪੁੱਟੂੰ ਤਾਂ ਜੋ ਇਹਨੂੰ ਕੰਨ ਹੋ ਜਾਣ ਕਿ ਵੱਡਿਆਂ ਦੀਆਂ ਗੱਲਾਂ ਵਿੱਚ ਧਗਾਣੇ ਨਹੀਂ ਬਿਰਕੀਦਾ।"
ਤੇ ਉਹਨੇ ਉਹਦੇ ਮੂੰਹ ਉੱਤੇ ਪੁੱਠੇ ਹੱਥ ਦੀ ਚਪੇੜ ਮਾਰੀ ਸੀ, ਮੀਤ੍ਰਿਆ ਚੁੱਪ-ਚਾਪ ਹੀ ਆਪਣੇ ਅੱਥਰੂ ਪੀ ਗਿਆ ਸੀ।
"ਹੋਰ ਕੁਝ ਨਹੀਂ ਕਹਿਣਾ ਤੂੰ ?"
ਉਹਨੇ ਆਪਣਾ ਸਿਰ ਅੜੀ ਜਹੀ ਵਿੱਚ ਨਿਵਾ ਲਿਆ, ਤੇ ਰੋਹ ਨਾਲ ਇੱਕ ਪਾਸੇ ਟੇਢੀ ਨਜ਼ਰੇ ਤੱਕਦਾ ਰਿਹਾ।
ਜ਼ਨਾਨੀ ਨੇ ਇੱਕ ਵਾਰ ਫੇਰ ਉਹਨੂੰ ਚਪੇੜ ਮਾਰੀ ।
"ਤੂੰ ਦੂਜੀ ਵੇਰ ਉਹਨੂੰ ਕਿਉਂ ਮਾਰਿਆ ਏ ?” ਆਦਮੀ ਨੇ ਪੁੱਛਿਆ।
“ਕਿਉਂਕਿ.. ਉਹ ਮੇਰੇ ਵੱਲ ਗੁਨਾਹੀਆਂ ਵਾਂਗ ਤੱਕ ਰਿਹਾ ਸੀ।"
"ਆਗਾਪੀਆ-ਹੁਣ ਵਿਚਾਰੇ ਦਾ ਖਹਿੜਾ ਛੱਡ।”
"ਨਹੀਂ-ਮੈਂ ਨਹੀਂ ਛੱਡਣਾ ਤੇ ਤੂੰ ਜਾਰਡਨਾ, ਤੂੰ ਆਪਣੀ ਭਲੀ ਨਿਭਾ-ਏਸ ਮਾਮਲੇ ਵਿੱਚ ਮੇਰੀ ਹੀ ਮੰਨੀ ਜਾਊ। ਜੇ ਫੇਰ ਕਦੇ ਇਹ ਮੇਰੇ ਵੱਲ ਇੰਜ ਵੇਖਦਿਆਂ ਮੈਨੂੰ ਨਜ਼ਰ ਪਿਆ, ਤਾਂ ਮੈਂ ਇਹਦੀ ਚਮੜੀ ਉਧੇੜ ਦੇਣੀ ਏਂ। ਚਿਰ ਹੋਇਆ ਤੂੰ ਵੀ ਇੰਨ-ਬਿੰਨ ਇੰਜ ਹੀ ਤੱਕਦਾ ਹੁੰਦਾ ਸੈਂ। ਤੈਨੂੰ ਠੀਕ ਕਰ ਲਿਆ, ਤੇ ਏਸ ਕਤੂਰੇ ਨੂੰ ਵੀ ਮੈਂ ਠੀਕ ਕਰ ਲੈਣਾ ਏਂ।"
‘ਢੱਠੀ-ਕੰਢੀ' ਦੇ ਲੋਕ ਹਰ ਚੀਜ਼ ਦਾ ਆਪਣੇ ਵੱਲੋਂ ਨਵਾਂ ਨਾਂ ਪਾ ਲੈਂਦੇ ਹੁੰਦੇ ਸਨ, ਉਹਨਾਂ ਆਗਾਪੀਆ ਲੱਗੂ ਦਾ ਵੀ ਨਾਂ ਪਾਇਆ ਹੋਇਆ ਸੀ। ਉਹ ਮਸਾਂ ਆਪਣੇ ਪਤੀ ਦੇ ਲੱਕ ਤੱਕ ਪੁੱਜਦੀ ਸੀ ਤੇ ਸਾਰੇ ਉਹਨੂੰ ਬੌਣੀ ਕਹਿੰਦੇ ਹੁੰਦੇ ਸਨ — ਉਹ ਮਧਰੀ, ਚੌੜੀ ਤੇ ਬੜੀ ਕੌੜੀ ਜ਼ਨਾਨੀ ਸੀ; ਤੇ ਲੁੰਗੂਆਂ ਦੇ ਜਾਰਡਨ ਨੂੰ ਉਹ ਕੋਕੋਰ ਕਹਿੰਦੇ ਹੁੰਦੇ ਸਨ, ਕਿਉਂਕਿ ਉਹਦਾ ਲੰਮਾਂ ਸਾਰਾ ਘੁੰਡੀਦਾਰ ਨੱਕ ਸੀ, ਤੇ ਉਹ ਕੁੱਬ ਕੱਢ ਕੇ ਤੁਰਦਾ ਸੀ। ਉਹ ਬੜਾ ਸਾਊ ਤੇ ਠੰਢੇ ਸੁਭਾ ਵਾਲਾ ਬੰਦਾ ਸੀ । ਉਹਦੀ ਕੁਪੱਤੀ ਵਹੁਟੀ ਚੱਤੇ ਪਹਿਰ ਉਹਦੇ ਦੁਆਲੇ ਹੋਈ ਉਹਨੂੰ ਝਿੜਕਦੀ ਰਹਿੰਦੀ ਸੀ, ਉਹ ਕੋਈ ਦਿਨ ਦਿਹਾਰ ਵੀ ਨਹੀਂ ਸੀ ਛੱਡਦੀ । ਉਹ ਉਹਦੇ ਸਾਹਮਣੇ ਕੁਰਸੀ ਉੱਤੇ ਚੜ੍ਹ ਖੜੋਂਦੀ ਤਾਂ ਜੋ ਉਹਦੇ ਮੂੰਹ ਉੱਤੇ ਸਿੱਧਿਆਂ ਵੇਖ ਕੇ ਆਪਣੀਆਂ ਅੱਖਾਂ ਨਾਲ ਉਹਨੂੰ ਲੂਹ ਸਕੇ । ਅਖ਼ੀਰ ਜਾਰਡਨ ਨੇ ਚੂੰ-ਚਰਾਂ ਕਰਨੀ ਵੀ ਛੱਡ ਦਿੱਤੀ ਸੀ; ਪਰ ਮੀਤ੍ਰਿਆ ਇੰਜ ਦਾ ਨਹੀਂ ਸੀ, ਉਹ ਉਂਜ ਭਾਵੇਂ ਆਪਣੇ ਪਿਉ ਉੱਤੇ ਸੀ, ਪਰ ਉਹਨੇ ਗੁੜ੍ਹਤੀ ਵਿੱਚ ਆਪਣੀ ਮਾਂ ਦੀ ਕੌੜ ਤੇ ਕਿੜ ਵੀ ਲੈ ਲਈ ਸੀ।