

"ਕੁਝ ਵੀ ਨਹੀਂ ਨਿਬੇੜਨ ਨੂੰ, ਸਭ ਕੁਝ ਤਾਂ ਪੇਸ਼ਗੀ ਲਿਖ ਦਿੱਤਾ ਏ। ਮੈਂ ਹੀ ਕੰਮ ਕਰਨਾ ਏਂ, ਤੇ ਮੈਂ ਹੀ ਪੈਸੇ ਦੇਣੇ ਨੇ।"
"ਨਹੀਂ ਇੰਜ ਨਹੀਂ," ਮਸ਼ੀਨ ਵਾਲੇ ਨੇ ਗਰਦਨ ਖੁਰਕਦਿਆਂ ਟੋਕਿਆ, "ਇੰਜ ਨਾ ਬੋਲ, ਮੁੰਡਿਆ। ਕੀ ਤੈਨੂੰ ਮੇਰੇ ਉੱਤੇ, ਆਪਣੇ ਵੱਡੇ ਭਰਾ ਉੱਤੇ ਯਕੀਨ ਨਹੀਂ ? ਕੀ ਤੈਨੂੰ ਯਕੀਨ ਨਹੀਂ ਕਿ ਮੈਂ ਤੇਰੀ ਜ਼ਿੰਦਗੀ ਸੁਆਰਨ ਲਈ ਆਪਣੀ ਪੂਰੀ ਟਿੱਲ ਲਾ ਰਿਹਾ ਵਾਂ ?"
ਮੀਤ੍ਰਿਆ ਗੁੱਸੇ ਵਿੱਚ ਚੀਕਿਆ, "ਮੇਰੀ ਜ਼ਿੰਦਗੀ! ਤੂੰ ਤੇ ਸੁੱਖਣਾ ਸੁੱਖਦਾ ਹੋਏਗਾ ਭਈ ਮੈਂ ਮੁੜ ਜਿਊਂਦਾ ਏਸ ਪਿੰਡ ਨਾ ਪਰਤਾਂ।"
"ਧੀਰਜ ਕਰ, ਭਰਾਵਾ, ਅਜਿਹੇ ਕਾਲੇ ਬੋਲ ਨਾ ਮੂੰਹ ਕੱਢ।"
"ਏਸ ਪਲ ਮੇਰੇ ਨਾਲੋਂ ਵੱਧ ਧੀਰਾ ਕੋਈ ਨਹੀਂ ਹੋ ਸਕਦਾ। ਸੁਣ ਲੈ, ਇੱਕ ਦਿਨ ਤੂੰ ਮੇਰੇ ਚੰਮ ਦੀਆਂ ਆਪਣੀ ਵਹੁਟੀ ਨੂੰ ਜੁੱਤੀਆਂ ਸੁਆ ਕੇ ਦਏਂਗਾ।"
"ਇੰਜ ਹਰ ਵੇਲੇ ਨਫ਼ਰਤ ਨਾਲ ਭਰਿਆ ਪੀਤਾ ਨਾ ਰਿਹਾ ਕਰ, ਮੀਤ੍ਰਿਆ। ਤੇਰੀ ਭਾਬੀ ਤੇਰੇ ਖਾਣ ਲਈ ਕੁਝ ਛੱਡ ਗਈ ਏ। ਤੇ ਨਾਲੇ ਤੈਨੂੰ ਦੇ ਕਮੀਜ਼ਾਂ ਤੇ ਤੋਲੀਏ ਦੇਣ ਲਈ ਵੀ ਆਖ ਗਈ ਏ।"
ਮੀਤ੍ਰਿਆ ਅੱਗੋਂ ਕੁਝ ਨਾ ਬੋਲਿਆ। ਸ਼ਾਮ ਨੂੰ ਉਹ ਵੀ ਨਾਚ ਵਾਲੇ ਥਾਂ ਚਲਿਆ ਗਿਆ।
ਜਿਹੜੇ-ਜਿਹੜੇ ਗੱਭਰੂ ਫ਼ੌਜ ਵਿੱਚ ਜਾ ਰਹੇ ਸਨ, ਉਹਨਾਂ ਸਾਰਿਆ ਓਥੇ ਜੁੜਨਾ ਸੀ । ਉਹ ਉਹਨਾਂ ਨਾਲ ਓਦੋਂ ਤੱਕ ਪੀਂਦਾ ਰਿਹਾ ਜਦੋਂ ਤੱਕ ਉਹਨੂੰ ਕੁਝ ਚੜ੍ਹ ਨਾ ਗਈ। ਉਹ ਹਰ ਤਰ੍ਹਾਂ ਦੇ ਗੀਤ ਗਾਉਂਦੇ ਰਹੇ ਤੇ ਖੁਸ਼ੀਆਂ ਮਨਾਂਦੇ ਰਹੇ, "ਤਾਂ ਜੋ ਸਾਡੇ ਕੋਲ ਚੇਤੇ ਰੱਖਣ ਨੂੰ ਕੁਝ ਹੋਵੇ।"
ਰਾਤ ਨੂੰ ਉਹਨਾਂ ਸਭਨਾਂ ਇੱਕ ਗੱਡੀ ਵਿੱਚ ਮਿਲਣਾ ਸੀ।
ਮੀਤ੍ਰਿਆ ਮਸ਼ੀਨ ਉੱਤੇ ਕਮੀਜ਼ ਦੇ ਤੋਲੀਏ ਲੈਣ ਗਿਆ। ਉਹਦੀ ਭਾਬੀ ਹਾਲੀ ਨਹੀਂ ਸੀ ਪਰਤੀ। ਕੱਪੜੇ ਮਾਪਿਆਂ ਵਾਲੇ ਘਰ ਵਿੱਚ ਪਏ ਸਨ। "ਮੈਂ ਖੁਸ਼ੀ-ਖੁਸ਼ੀ ਤੇਰੇ ਨਾਲ ਸਟੇਸ਼ਨ ਤੱਕ ਜਾਂਦਾ," ਗ੍ਹੀਤਜਾ ਨੇ ਕਿਹਾ, "ਪਰ ਮੈਂ ਮਸ਼ੀਨ ਕੋਲੀ ਨਹੀਂ ਛੱਡ ਸਕਦਾ। ਆ ਹੱਥ ਮਿਲਾ ਕੇ ਦੋ ਪਿਆਰ ਕਰਨ ਵਾਲੇ ਭਰਾਵਾਂ ਵਾਂਗ ਇੱਕ ਦੂਜੇ ਤੋਂ ਵਿਛੜੀਏ।" ਮੀਤ੍ਰਿਆ ਨੇ ਉਹਦੇ ਵੱਲ ਆਪਣਾ ਹੱਥ ਵਧਾਇਆ, ਪਰ ਇੰਜ ਕਰਨ ਤੇ ਵੀ ਉਹਨੂੰ ਪਿਆਰ ਕਰਨ ਵਾਲੇ ਭਰਾ ਦਾ ਅਹਿਸਾਸ ਨਾ ਹੋਇਆ।
ਪਿੰਡ ਵੱਲ ਜਾਂਦਿਆਂ ਉਹ ਆਪਣੇ ਆਪ ਨਾਲ ਗੋਲਾ ਕਰਦਾ ਰਿਹਾ, ਕਦੇ ਉਹ ਆਪਣੀ ਟੋਪੀ ਲਾਹਦਾ, ਕਦੇ ਇਹਨੂੰ ਪਿਛਾਂਹ ਕਰਦਾ, ਕਦੇ ਬੇਲੋੜਾ ਹੀ ਉਹ ਬੁੱਕਦਾ ਤੇ ਆਪਣੇ ਨੱਕ ਨੂੰ ਮਲਦਾ। ਉਹਨੇ ਜੋ ਉਹਦੇ ਨਾਲ ਅੱਗੋਂ ਬੀਤਣਾ ਸੀ ਓਸ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀ, ਤੇ ਇਹ ਸੋਚ ਕੇ ਕਿ ਉਹਨਾਂ ਅਣਜਾਣੇ ਲੋਕਾਂ ਨਾਲ, ਜਿਨ੍ਹਾਂ ਕੋਲ ਹੁਣ ਉਹਨੂੰ ਰਹਿਣਾ ਪਏਗਾ, ਉਹਨੂੰ ਕੋਈ ਚੰਗੇ ਦਿਨ ਨਹੀਂ ਨਸੀਬ ਹੋਣੇ, ਉਹਨੂੰ ਆਪਣੇ ਆਪ ਉੱਤੇ ਇਹਨਾਂ ਭਵਿੱਖ ਵਿੱਚ ਆਉਣ ਵਾਲੀਆਂ ਮੁਸੀਬਤਾ ਕਰਕੇ ਬੜਾ ਤਰਸ ਆਇਆ।