

"ਤਾਂ ਫੇਰ ਵੇਲਾ ਏ, ਨਾਸਤਾਸੀਆ," ਉਹਨੇ ਹੌਲੀ-ਹੌਲੀ ਕਿਹਾ, "ਕਿ ਤੂੰ ਜਾਣ ਲਵੇਂ ਜੋ ਵੀ ਸਾਰੇ ਕਹਿੰਦੇ ਨੇ ਉਹ ਝੂਠ ਏ !"
ਉਹ ਝਟਪਟ ਅਡੋਲ ਹੋ ਕੇ ਉਹਦੇ ਵੱਲ ਤੱਕਣ ਲੱਗ ਪਈ। ਉਹ ਉਹਨਾਂ ਅੱਥਰੂਆਂ ਵਿੱਚੋਂ ਮੁਸਕਰਾ ਰਹੀ ਸੀ ਜਿਨ੍ਹਾਂ ਉਹਦੇ ਛੱਪਰ ਸਿੱਲ੍ਹੇ ਕਰ ਦਿੱਤੇ ਸਨ, "ਤਾਂ ਫੇਰ ਮੈਂ ਕਾਨਵੈਂਟ ਨਹੀਂ ਜਾਵਾਂਗੀ ।"
"ਬਿਲਕੁਲ ਨਾ ਜਾਈਂ "
"ਕੀ ਤੇਰੇ ਪਰਤਣ ਤੱਕ ਮੈਂ ਤੇਰੇ ਲਈ ਉਡੀਕਾਂ
"ਮੈਂ ਇਹ ਨਹੀਂ 'ਆਖਦਾ, ਨਾਸਤਾਸੀਆ। ਤੂੰ ਉਹੀ ਕਰ ਜੋ ਤੇਰਾ ਦਿਲ ਤੈਨੂੰ ਆਖੇ।"
ਉਹਨੇ ਹਉਕਾ ਭਰਿਆ: "ਚੰਗਾ ਫੇਰ ਮੈਂ ਉਡੀਕਾਂਗੀ ।"
ਉਹ ਛੇਤੀ-ਛੇਤੀ ਉੱਠ ਕੇ ਅੰਦਰ ਗਈ ਤੇ ਫੇਰ ਨਾਖਾ ਦਾ ਭਰਿਆ ਇੱਕ ਛਿਕੂ ਲੈ ਕੇ ਬਾਹਰ ਆਈ। ਇਹ ਓਸ ਬ੍ਰਿਛ ਦਾ ਫਲ ਸਨ ਜਿਥੇ ਉੱਤੇ ਬਚਪਨ ਵਿੱਚ ਜਦੋਂ ਵੀ ਮੀਤ੍ਰਿਆ ਚੜ੍ਹਦਾ ਹੁੰਦਾ ਸੀ, ਓਦੋਂ ਹੀ ਉਹਦੀ ਮਾਂ ਇਹਦੇ ਥੱਲੇ ਸੋਟੀ ਲੈ ਕੇ ਖੜੋ ਜਾਂਦੀ ਤੇ ਉਹਨੂੰ ਉਡੀਕਦੀ ਹੁੰਦੀ ਸੀ। ਆਗਾਪੀਆ ਦੀ ਉੱਕਾ ਧੁੰਦਲੀ ਪੈ ਚੁੱਕੀ ਸ਼ਕਲ ਉਹਦੇ ਮਨ ਵਿੱਚ ਉੱਘੜ ਆਈ, ਤੇ ਉਹਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਉਹਨੂੰ ਹੁਣ ਕਹਿਣ ਲਈ ਕੁਝ ਨਹੀਂ ਸੀ ਅਹੁੜਦਾ ਪਿਆ। ਉਹ ਆਪਣਾ ਸਿਰ ਹਿਲਾ ਕੇ ਹੌਸ ਪਿਆ, "ਨਾਸਤਾਸੀਆ, ਤੈਨੂੰ ਮਸ਼ੀਨ ਤੇ ਆਪਣੇ ਭਰਾ ਗ੍ਹੀਤਜਾ ਦੀ ਬੁਝਾਰਤ ਸੁਣਾਵਾਂ ?"
"ਹਾਂ ਸੁਣਾ..."
ਉਹ ਬੋਲੇ ਉਹਦੇ ਨੇੜੇ ਬਹਿ ਗਈ। ਮੀਤ੍ਰਿਆ ਉੱਠਿਆ ਤੇ ਉਹਦੇ ਦੋਵੇਂ ਹੋਥ ਫੜ ਕੇ ਉਹਨੇ ਉਤਾਂਹ ਆਪਣੇ ਨਾਲ ਉਹਨੂੰ ਕਰ ਲਿਆ। "ਸੁਣ ਨਾਸਤਾਸੀਆ ਕਿਹੜੀ ਏ ਜਿਹੜੀ ਭਾਵੇਂ ਤੁੜ ਕੇ ਖਾਈ ਜਾਏ, ਤਾਂ ਵੀ ਕਿਲ ਵਾਂਗ ਪਤਲੀ ਰਹਿੰਦੀ ਏ ? ਤੇ ਗ੍ਹੀਤਜਾ ਏ ਜਿਹੜਾ ਹਰ ਵੇਲ ਫੁੱਲ ਕੇ ਕੁੱਪਾ ਹੋਈ ਜਾਂਦਾ ਏ ।" ਨਾਸਤਾਸੀਆ ਕੋਲ ਹਾਸਾ ਹੀ ਨਾ ਰੁਕੇ। "ਤੂੰ ਇਹ ਹੋਰਨਾਂ ਨੂੰ ਤਾਂ ਨਹੀਂ ਦਸੇਂਗੀ ?"
"ਮੈਂ ਨਹੀਂ, ਹੋਰ ਸੁਣਾਇਆ ਕਰਨਗੇ," ਕੁੜੀ ਨੇ ਉਹਨੂੰ ਯਕੀਨ ਦਵਾਇਆ। ਮਸਾਂ ਕਿਤੇ ਦੋਵਾਂ ਦਾ ਹਾਸਾ ਰੁਕਿਆ। "ਹੁਣ ਮੈਨੂੰ ਜਾਣਾ ਚਾਹੀਦਾ ਏ," ਮੀਤ੍ਰਿਆ ਨੇ ਫੈਸਲੇ ਭਰੀ ਵਾਜ ਵਿੱਚ ਕਿਹਾ।
ਉਹ ਉਦਾਸ ਹੋ ਗਈ। ਉਹ ਝੋਟ-ਪਟ ਤੁਰ ਪਿਆ, ਜਾਪਦਾ ਸੀ ਜਿਵੇਂ ਉਹਨੇ ਉਹਦੀ ਉਦਾਸੀ ਨੂੰ ਨਹੀਂ ਸੀ ਗੋਲਿਆ। ਉਹ ਪਿੱਛੇ ਤੁਰਦੀ ਉਹਨੂੰ ਮਿਲ ਪਈ, ਤੇ ਓਦੋਂ ਤੱਕ ਉਹਦੇ ਨਾਲ-ਨਾਲ ਤੁਰਦੀ ਰਹੀ ਜਦੋਂ ਤੱਕ ਰਾਹ ਵਿੱਚ ਉਹਨੂੰ ਪਿੰਡ ਦੇ ਹੋਰ ਲੋਕੀਂ ਆਉਂਦੇ ਨਾ ਲੱਭ ਪਏ।