Back ArrowLogo
Info
Profile

ਉਹਨੂੰ ਕੁਝ ਇੰਜ ਦਾ ਖ਼ਿਆਲ ਹੋ ਗਿਆ ਸੀ ਕਿ ਉਹਦਾ ਆਪਣਾ ਸਾਰਾ ਭਵਿੱਖ ਏਸ ਮਾਸਟਰ ਦੀਆਂ ਡੂੰਘੀਆਂ ਸਾਦੀਆਂ ਅੱਖਾਂ ਵਿੱਚ ਲਿਸ਼ਕ ਪਿਆ ਸੀ।

ਇੱਕ ਬਿੰਦ, ਉੱਕਾ ਇੱਕੋ ਬਿੰਦ, ਤੇ ਇਹ ਮਨੁੱਖ ਅਲੋਪ ਹੋ ਗਿਆ ਸੀ, ਉਹਨਾਂ ਸੁਪਨਿਆਂ ਵਾਂਗ ਜਿਹੜੇ ਉਦਾਸ ਰਾਤਾਂ ਵਿੱਚ ਉੱਪਰ-ਥੱਲੀ ਆਉਂਦੇ ਰਹਿੰਦੇ ਹਨ। ਸਾਵੀਆਂ- ਅੱਖਾਂ ਕੈਦ ਸਨ। ਇਹ ਸੀ ਮਾਲਕਾ ਦਾ, ਜਗੀਰਦਾਰਾਂ ਦਾ ਫੈਸਲਾ ਤੇ ਸਜ਼ਾ। ਉਹਨੂੰ ਇਹ ਸਜਾ ਕਿਉਂ ਦਿੱਤੀ ਗਈ ? ਮੀਤ੍ਰਿਆ ਸਹਿਜੇ ਹੀ ਸਭ ਸਮਝ ਗਿਆ ਸੀ, ਕੁਝ ਤਾਂ ਫਲੋਰੀਆ ਨੇ ਉਹਨੂੰ ਸਮਝਾ ਦਿੱਤਾ ਸੀ, ਤੇ ਬਾਕੀ ਉਹਦੇ ਦਿਲ ਵਿੱਚ ਲਹੂ ਤੇ ਪੀੜ ਦੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ। ਸਾਵੀਆਂ ਅੱਖਾਂ ਵਾਲਾ ਬਾਗੀ ਸੀ, ਕਮਿਉਨਿਸਟ ਸੀ, ਉਹਨਾਂ ਵਿੱਚੋਂ ਇੱਕ ਸੀ ਜਿਹੜੇ ਲੋਕਾਂ ਤੇ ਕਿਰਤੀਆਂ ਲਈ ਚੰਗੇਰੀ ਜ਼ਿੰਦਗੀ ਲਿਆਣ ਲਈ ਲੜਦੇ ਹਨ। ਉਹ ਉਹਨਾਂ ਵਰਗਾ ਇਨਕਲਾਬੀ ਸੀ ਜਿਨ੍ਹਾਂ ਰੂਸ ਦੀ ਬਾਦਸ਼ਾਹੀ ਖ਼ਤਮ ਕਰ ਦਿੱਤੀ ਸੀ। ਸੋ ਇਹ ਸਮਝਣਾ ਸਹਿਜ ਸੀ ਕਿ ਕਿਉਂ ਸਰਕਾਰ ਸਾਵੀਆਂ ਅੱਖਾਂ ਵਾਲੇ ਤੇ ਉਹਦੇ ਸਾਥੀਆਂ ਦੇ ਖ਼ਿਲਾਫ਼ ਲੜਦੀ, ਉਹਨਾਂ ਦਾ ਪਿੱਛਾ ਕਰਦੀ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਪਾਉਂਦੀ ਹੈ। ਮੀਤ੍ਰਿਆ ਦੇ ਅੰਦਰ ਇੱਕ ਅਮੁੱਕ ਉਦਾਸੀ ਖਿਲਰਦੀ ਗਈ, "ਏਨੀ ਕੁਰਬਾਨੀ ਕਿਉਂ? ਉਹਨੇ ਪੁੱਛਿਆ, "ਏਨੀਆਂ ਕੁਰਬਾਨੀਆਂ ਕਿਉਂ ?'

ਜਿਉਂ-ਜਿਉਂ ਉਹਦਾ ਗਰੀਬੜਾ ਤੇ ਖੁਸ਼ੀਆਂ-ਵਿਹੂਣਾ ਬਾਲਪਨ ਉਹਦੇ ਪੀੜ ਪੀੜ ਚੇਤੇ ਵਿੱਚੋਂ ਲੰਘਦਾ ਗਿਆ, ਉਹਨੂੰ ਸਭ ਕੁਝ ਇੱਕ ਦਮ ਸਮਝ ਪੈਦਾ ਗਿਆ।

ਉਹਦੇ ਅੰਦਰ ਡੂੰਘ-ਡੂੰਘਾਰੇ ਇੱਕ ਬਗਾਵਤ ਰਿੱਝ ਰਹੀ ਸੀ, ਜਿਸ ਨੂੰ ਕੁਝ ਵੀ ਠੰਢਿਆਂ ਨਹੀਂ ਸੀ ਕਰ ਸਕਦਾ। ਉਹਦੇ ਆਲੇ-ਦੁਆਲੇ ਇੰਨ-ਬਿੰਨ ਉਹਦੇ ਵਰਗੇ ਕਿੰਨੇ ਹੀ ਗੁਲਾਮ - ਜ਼ਿੰਦਗੀ ਦੇ ਅਨੇਕਾਂ ਗੁਲਾਮ ਜਿਨ੍ਹਾਂ ਨਾਲ ਦੁਨੀਆਂ ਭਰੀ ਪਈ ਹੈ— ਇਕੱਠੇ ਹੋ ਰਹੇ ਸਨ: "ਇਹ ਬੇਇਨਸਾਫ਼ ਨਜ਼ਾਮ ਮੁਰਦਾਬਾਦ, ਉਹਦੀ ਹੋਂਦ ਦਾ ਇੱਕ-ਇੱਕ ਕਿਣਕਾ ਕੂਕ ਰਿਹਾ ਸੀ। "ਆਓ, ਅਸੀਂ ਸਾਰੇ ਜਿਹੜੇ ਗੁਲਾਮ ਹਾਂ ਇੱਕਮੁਠ ਹੋ ਜਾਈਏ," ਇਹ ਲਫ਼ਜ਼ ਜਿਹੜੇ ਵਲੇਰੀਆ ਨੇ ਉਹਨੂੰ ਹੌਲੀ ਜਹੀ ਆਖੇ ਸਨ. ਹੁਣ ਉਹਦੇ ਕੰਨਾਂ ਵਿੱਚ ਕਿਸੇ ਗੀਤ ਵਾਂਗ ਗੂੰਜ ਪਏ ਸਨ।

ਮੀਤ੍ਰਿਆ ਨੇ ਸੋਚਿਆ: "ਇਹ ਸਾਦੀਆਂ ਅੱਖਾਂ ਵਾਲਾ, ਮੇਰੀਆਂ ਮੁਸੀਬਤਾਂ ਤੇ ਆਸਾਂ ਦੇਵਾਂ ਦਾ ਰੂਪ, ਜ਼ਾਲਮ ਦੀ ਕਾਲ-ਕੋਠੜੀ ਵਿੱਚ ਡੱਕਿਆ ਏ।"

ਪਰ ਫਲੋਰੀਆ, ਜਿਹੜਾ ਹੁਣ ਆਪਣਾ ਪਹਿਲਾ ਉਦਾਸ ਰੇਅ ਛੱਡ ਚੁੱਕਿਆ ਸੀ, ਉਹ ਫੇਰ ਉਹਦੇ ਨਾਲ ਗੱਲਾ ਕਰਨ ਲੱਗ ਪਿਆ, ਤੇ ਉਹਨੂੰ ਯਕੀਨ ਬੰਨ੍ਹਾਣ ਲੱਗਾ ਕਿ ਇਨਕਲਾਬ ਦੀ ਫੌਜ, ਸਮੁੰਦਰ ਵਿਚਲੀ ਰੇਤ ਦੇ ਕਿਣਕਿਆਂ ਤੇ ਅਸਮਾਨ ਦੇ ਤਾਰਿਆਂ ਵਾਂਗ ਅਣਗਿਣਤ, ਛੇਤੀ ਹੀ ਧਾਵਾ ਬੋਲ ਦਏਗੀ ਤੇ ਇਹਨਾਂ ਜੱਲਾਦਾਂ ਤੇ ਹੱਕ-ਮਾਰਾਂ ਦੇ ਨਜ਼ਾਮ ਨੂੰ ਹੂੰਝ ਸੁੱਟੇਗੀ, ਤੇ ਜਿਨ੍ਹਾਂ ਨੂੰ ਲੋਕ-ਦਲਾਂ ਦੇ ਅੱਗੇ ਹੋ ਕੇ ਲੜਨ ਦੇ ਦੋਸ਼ ਵਿੱਚ ਮੌਤ ਦੇ ਦੰਡ ਦਿੱਤੇ ਗਏ ਸਨ, ਉਹ ਸਾਰੇ ਆਪਣੀਆਂ ਕਾਲ-ਕੋਠੜੀਆਂ ਵਿੱਚੋਂ ਨਿਕਲ ਕੇ ਅਜ਼ਾਦੀ ਦੇ ਸੂਰਜੀ ਚਾਨਣੇ ਵਿੱਚ ਆ ਖੜੋਣਗੇ।

62 / 190
Previous
Next