

ਕੋਸਤੀਆ ਕੋਲ ਸੀ।ਉਹਨਾਂ ਦੇ ਹੋਰ ਕਈ ਸਾਥੀ ਵੀ ਏਸੇ ਡੱਬੇ ਵਿੱਚ ਸਨ।
"ਹਰ ਇੱਕ ਨੂੰ ਆਪਣੀ ਫਸਟ ਕਲਾਸ ਦੀ ਸੀਟ ਦਾ ਪੂਰਾ-ਪੂਰਾ ਖਿਆਲ ਰੱਖਣਾ ਚਾਹੀਦਾ ਏ," ਮੀਤ੍ਰਿਆ ਨੇ ਕਿਹਾ। ਡੰਗਰਾਂ ਵਾਲੀ ਗੱਡੀ ਜਿਹੜੀ ਸਰਕਾਰ ਨੇ ਆਪਣੇ ਸਿਪਾਹੀਆਂ ਨੂੰ ਦਿੱਤੀ ਸੀ, ਓਸ ਵਿੱਚ ਮੀਤ੍ਰਿਆ ਦਾ ਇਹ ਮਖ਼ੌਲ ਸੁਣ ਕੇ ਹਾਸੇ ਦਾ ਇੱਕ ਬਖੜ ਝੋਲ ਪਿਆ। ਗੱਡੀ ਵਿੱਚ ਸਭਨੀ ਥਾਈ ਇਹ ਮਖ਼ੌਲ ਅੱਪੜ ਗਿਆ। "ਆਪਣੇ ਬਿਸਤਰੇ ਨਾ ਵਿਛਾਓ" ਦਾ ਮਤਲਬ ਸੀ "ਰਤਾ ਸੁੰਗੜ ਜਾਓ, ਏਨੀ ਥਾਂ ਨਾ ਮੋਲੋ।"
"ਆਪਣੇ ਬਿਸਤਰੇ ਲਾ ਲਓ" ਦਾ ਮਤਲਬ ਸੀ "ਉਹ ਨਾੜ ਵਿਛਾ ਲਓ, ਜਿਨ੍ਹਾਂ ਉੱਤੇ ਤੁਸੀਂ ਸੌਣਾ ਏ ।"
"ਰਤਾ ਪੇਕ ਕਰ ਲਓ ਕਿਤੇ ਇਹ ਆਪਣੇ ਆਪ ਤੁਰਨਾ ਨਾ ਸ਼ੁਰੂ ਕਰ ਦੇਣ," ਮੀਤ੍ਰਿਆ ਨੇ ਹੱਸਦਿਆਂ-ਹੱਸਦਿਆਂ ਫਬਤੀ ਕਸੀ।
ਤੁਰ ਪੈਣ ਵਾਲੀਆਂ ਸੀਟਾਂ ਬਾਰੇ ਮਖ਼ੌਲ ਅਫਸਰਾਂ ਦੇ ਕੰਨਾ ਤੱਕ ਵੀ ਪੁੱਜ ਗਿਆ।
"ਤੁਹਾਡੇ ਨਾਲ ਕਿਵੇਂ ਬੀਤ ਰਹੀ ਏ ?" ਮੀਤ੍ਰਿਆ ਨੇ ਦੂਜੇ ਡੱਬੇ ਵਿਚਲੇ ਸਿਪਾਹੀਆਂ ਨੂੰ ਪੁੱਛਿਆ, "ਕੀ ਹਾਲੀ ਤੱਕ ਤੁਹਾਡੀਆਂ ਸੀਟਾਂ ਨੇ ਤੁਹਾਨੂੰ ਧੱਕ ਕੇ ਬਾਰੀਓਂ ਪਾਰ ਨਹੀਂ ਕੀਤਾ ?"
ਸਾਰਜੰਟ ਨੇ ਹੁਕਮ ਦਿੱਤਾ ਸੀ ਜਿੱਥੇ ਉਹਨਾਂ ਜਾਣਾ ਸੀ ਓਸ ਥਾਂ ਦਾ ਨਾਂ ਚਾਕ ਨਾਲ ਕਾਨਵਾਈ ਦੇ ਪੰਜਾਹ ਡੱਬਿਆਂ ਦੇ ਬਾਹਰਵਾਰ ਲਿਖ ਦਿੱਤਾ ਜਾਏ । ਜਿੱਥੇ ਪੁੱਜਣਾ ਸੀ ਉਹ ਹੈ ਤੇ ਅਣਦੱਸੀ ਥਾਂ ਸੀ, ਪਰ ਸਾਰਜੰਟਾਂ ਨੂੰ ਅਫ਼ਸਰਾਂ ਕੋਲੋਂ ਪਤਾ ਲੱਗ ਚੁੱਕਿਆ ਸੀ ਕਿ ਉਹਨਾਂ ਦਾ ਸਫ਼ਰ ਮਾਸਕੋ ਤੇ ਸਤਾਲਿਨਗਰਾਦ ਜਾ ਕੇ ਮੁੱਕਣਾ ਸੀ। ਸੋ ਜਿਹੜੇ ਖ਼ੁਸਖ਼ਤ ਲਿਖ ਸਕਦੇ ਸਨ ਉਹਨਾਂ ਡੱਬਿਆਂ ਦੇ ਬਾਹਰ ਮਟਮੈਲੀ ਲੱਕੜ ਉੱਤੇ ਮੋਟੇ-ਮੋਟੇ ਅੱਖਰਾਂ ਵਿੱਚ ਲਿਖ ਦਿੱਤਾ: ਬੁਖ਼ਾਰੈਸਟ - ਮਾਸਕੋ। ਪਰ ਇੱਕ ਜਵਾਨ ਦੂਜਿਆਂ ਤੋਂ ਕੁਝ ਵੱਧ ਜਿਗਰੇ ਤੇ ਹੀਏ ਵਾਲਾ ਸੀ, ਉਹਨੇ ਬੇਝਿਜਕੇ ਹੀ ਆਪਣੇ ਡੱਬੇ ਦੇ ਬਾਹਰ ਵਾਹ ਦਿੱਤਾ ਮੇਜ਼ਲ ਸਾਈਬੇਰੀਆ। ਐਤਕੀ ਦੀ ਵਾਰੀ ਕਤਲਗਾਹ ਬਹੁਤ ਦੁਰੇੜੀ ਸੀ... ।
ਮੀਤ੍ਰਿਆ ਨੇ ਆਪਣੇ ਡੱਬੇ ਦੇ ਬਾਹਰ ਲਿਖੋ ਬੁਖ਼ਾਰੈਸਟ-ਮਾਸਕੋ ਦੇ ਨਾਲ ਇੱਕ ਲਫ਼ਜ਼ ਹੋਰ ਲਿਖ ਦਿੱਤਾ ਵਾਪਸੀ। ਗੱਡੀ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਤੱਕ ਸਭਨਾਂ ਝੱਟ ਉਹਦੀ ਨਕਲ ਕਰ ਲਈ।
ਇੱਕ ਸ਼ਾਮ ਵਲੋਰੀਆ ਨੇ ਆਪਣੇ ਡੱਬੇ ਦੇ ਬਾਹਰੋਂ ਵਾਪਸੀ ਦਾ ਲਫ਼ਜ਼ ਮਿਟਾ ਦਿੱਤਾ।
"ਸ਼ੈਤ ਤੂੰ ਓਥੇ ਹੀ ਰਹਿਣਾ ਚਾਹੇਗਾ," ਮੀਤ੍ਰਿਆ ਨੇ ਮਖੌਲ ਨਾਲ ਪੁੱਛਿਆ।
ਕਾਰਪੋਰਲ ਨੇ ਏਧਰ-ਓਧਰ ਝਾਕਿਆ, ਇਹ ਪੱਕ ਕਰਨ ਲਈ ਕਿ ਕੋਈ ਸੁਣ ਤੇ ਨਹੀਂ ਸੀ ਰਿਹਾ, ਤੇ ਫੇਰ ਜਵਾਬ ਦਿੱਤੇ ਬਿਨਾਂ ਮੁਸਕਰਾ ਪਿਆ।
ਚਿੱਟੇ ਵਾਲਾਂ ਤੇ ਗੰਭੀਰ ਮੂੰਹ ਵਾਲੇ ਕਰਨੈਲ ਪਾਲਾਦੀ ਨੂੰ ਜਦੋਂ ਏਸ ਲਿਖ ਲਿਖਾਈ ਦੀ ਖੇਡ ਦਾ ਪਤਾ ਲੱਗਾ ਤਾਂ ਉਹਨੇ ਬਹੁਤ ਬੁਰਾ ਮਨਾਇਆ।