

ਕਰਨੈਲ ਬੈਠਾ ਹੋਇਆ ਸੀ, ਤੇ ਇੰਜ ਮੀਤ੍ਰਿਆ ਨੂੰ ਆਪਣੇ ਸਭ ਤੋਂ ਵੱਡੇ ਅਫ਼ਸਰ ਦਾ ਪਰਛਾਵਾਂ ਕਾਲਾ ਤੇ ਅਸਲ ਨਾਲ ਕੁਝ ਵੱਡਾ ਤੇ ਬਾਰੀ ਦੇ ਚਾਨਣੇ ਸ਼ੀਸ਼ੇ ਦੇ ਚੌਖਟੇ ਵਿੱਚ ਕਿਸੇ ਕਠਪੁਤਲੀ ਵਾਂਗ ਏਧਰ-ਓਧਰ ਘੁੰਮਦਾ ਨਜ਼ਰ ਆ ਰਿਹਾ ਸੀ। ਏਥੋਂ ਦੀ ਚੁੱਪ-ਚਾਂ ਵਿੱਚ ਕਦੇ-ਕਦੇ, ਮੀਤ੍ਰਿਆ ਏਧਰ-ਓਧਰ ਹਿਲਣ ਰੋਕ ਜਾਂਦਾ ਤੇ ਆਪਣੇ ਕੰਨਾਂ ਤੱਕ ਪੁੱਜਦੇ ਘੱਟ ਵੱਧ ਸੁਣੀਂਦੇ ਤੇ ਅੱਧਪਚੌਧੇ ਫ਼ਿਕਰਿਆਂ ਨੂੰ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਦਾ। ਉਹ ਕਰਨੈਲ ਦੇ ਪਰਛਾਵੇਂ ਦੇ ਹਿੱਲਣ ਨੂੰ ਗਹੁ ਨਾਲ ਵੇਖਦਾ ਰਿਹਾ । ਇਹ ਪਰਛਾਵਾਂ ਆਪਣੇ ਖੱਬੇ ਹੱਥ ਨਾਲ ਮੂੰਹ ਵਿੱਚੋਂ ਸਿਗਰਟ ਕੱਢਦਾ, ਤੇ ਸੱਜੇ ਹੱਥ ਨਾਲ ਗਲਾਸ ਚੁੱਕ ਕੇ ਪੀਂਦਾ।
"ਉਹਨੂੰ ਬਰਾਂਡੀ ਪੀਣ ਦਾ ਬੜਾ ਸ਼ੌਕ ਏ," ਮੀਤ੍ਰਿਆ ਨੇ ਆਪਣੇ ਆਪ ਨੂੰ ਕਿਹਾ। "ਉਹ ਵੱਡੇ ਸਾਰੇ ਗਲਾਸ ਵਿੱਚ ਪਾਂਦਾ ਭਾਵੇਂ ਬੜੀ ਥੋੜ੍ਹੀ ਏ, ਪਰ ਪਾਂਦਾ ਬੜੀ ਵਾਰੀ ਏ। ਇਹ ਨੇਂਦੀ ਵਾਰ ਏ ਕਿ ਉਹਨੇ ਆਪਣੀ ਸੱਜੀ ਬਾਂਹ ਚੁੱਕੀ ਏ।"
ਮੀਤ੍ਰਿਆ ਓਸ ਹਨੇਰੇ ਵਿੱਚ ਆਪਣੇ ਨਾਲ ਗੱਲਾਂ ਕਰਦਾ ਹੱਸਦਾ ਰਿਹਾ। ਕਾਤਾਰਾਮਾ ਨੇ ਜੋ ਰੂਸੀਆਂ ਬਾਰੇ ਕਿਹਾ ਸੀ, ਉਹ ਵੀ ਉਹਨੂੰ ਚੇਤੇ ਆ ਗਿਆ. "ਇਹਨਾਂ ਮਾਸਕ ਵਾਲਿਆ ਵੱਲ ਤੱਕ। ਜੋ ਉਹਨਾਂ ਬਾਰੇ ਸਾਨੂੰ ਦੱਸਿਆ ਜਾਂਦਾ ਸੀ, ਉਹ ਸਭ ਕੁਝ ਝੂਠ ਨਿਕਲਿਆ। ਸਾਨੂੰ ਪੱਕਿਆ ਕੀਤਾ ਜਾਂਦਾ ਸੀ ਕਿ ਛੇਤੀ ਹੀ ਓਥੇ ਇਨਕਲਾਬ-ਵਿਰੋਧੀ ਕਾਰਵਾਈ ਸ਼ੁਰੂ ਹੋ ਜਾਏਗੀ, ਸਾਨੂੰ ਦੱਸਿਆ ਜਾਂਦਾ ਸੀ ਕਿ ਉਹਨਾਂ ਕੋਲ ਸਹੁੰ ਖਾਣ ਨੂੰ ਵੀ ਫ਼ੌਜ ਨਹੀਂ। ਤੇ ਹੁਣ ਤੱਕ ਖ਼ਾਂ ਭਲਾ ਇਹਨਾਂ ਵੱਲ! ਕਸਮ ਓਸ ਜੰਦਰੇ ਦੀ ਜਿਹੜਾ ਸੰਤ ਪੀਟਰ ਸਵਰਗ ਦੇ ਬੂਹੇ ਉੱਤੇ ਲਟਕਾਈ ਰੱਖਦਾ ਏ, ਉਹਨਾਂ ਕੋਲ ਸਭੇ ਕੁਝ ਏ. ਉਹਨਾਂ ਇੱਕ ਵਾਰ ਨੈਪੋਲੀਅਨ ਨੂੰ ਭਾਂਜ ਦਿੱਤੀ ਸੀ, ਤੇ ਹੁਣ ਹਿਟਲਰ ਦਾ ਮੌਕੂ ਬੰਨ੍ਹ ਰਹੇ ਨੇ।"
ਇਹ ਚੰਨ ਤੋਂ ਖ਼ਾਲੀ ਰਾਤ ਸੀ । ਪੂਰਬੀ ਅਕਾਸ਼ ਵੱਲ ਕਿਸੇ ਅਡੋਲ ਸਾਗਰ ਦੀਆਂ ਲਹਿਰਾਂ ਵਾਂਗ ਵੱਡੇ-ਵੱਡੇ ਕਾਲੇ ਬੱਦਲ ਛਾਂਦੇ ਜਾ ਰਹੇ ਸਨ।
ਕਰਨੈਲ ਦੀ ਤਕਰੀਰ ਵਿਚੋਂ ਜੋ ਕੁਝ ਵੀ ਉਹ ਸੁਣ ਸਕਦਾ ਸੀ, ਉਹ ਸੁਣ ਕੇ ਮੀਤ੍ਰਿਆ ਕੁਝ ਚਿਰ ਅਡੋਲ ਖੜੋਤਾ ਰਿਹਾ। ਉਹਦੀ ਡਿਊਟੀ ਮੁੱਕਣ ਉੱਤੇ ਉਹਦੀ ਥਾਂ ਹੋਰ ਸਿਪਾਹੀ ਆ ਗਿਆ। ਜਦੋਂ ਉਹ ਏਥੋਂ ਗਿਆ ਤਾਂ ਉਹਨੇ ਸੋਚਿਆ ਕਿ ਹੁਣ ਉਹ ਸਵੇਰ ਤੱਕ ਸੁੱਤਾ ਰਹਿ ਸਕੇਗਾ।
ਗੱਡੀ ਦੇ ਅਖੀਰਲੇ ਸਿਰੇ ਤੋਂ ਛੇਵਾਂ ਉਹਦਾ ਡੱਬਾ ਸੀ। ਓਥੇ ਫਲੋਰੀਆ ਉਹਦੀ ਉਡੀਕ ਕਰ ਰਿਹਾ ਸੀ। ਮੀਤ੍ਰਿਆ ਕਾਨਵਾਈ ਤੋਂ ਕੁਝ ਕਦਮ ਉਹਨੂੰ ਦੂਰ ਲੈ ਗਿਆ, ਤੇ ਜੋ ਜੋ ਉਹ ਸੁਣ ਕੇ ਤੇ ਵੇਖ ਕੇ ਆਇਆ ਸੀ, ਹੋਲੀ ਵਾਜ ਵਿੱਚ ਉਹਨੇ ਉਹ ਸਭ ਉਹਨੂੰ ਦੱਸ ਦਿੱਤਾ। ਤੇ ਫੇਰ ਉਬਾਸੀ ਲੈਂਦਿਆਂ ਉਹਨੇ ਕਿਹਾ, "ਜਿੱਥੋਂ ਤੱਕ ਮੈਨੂੰ ਸਮਝ ਪੈਂਦੀ ਏ, ਸਾਡੇ ਅਫ਼ਸਰ ਦੀ ਜੰਗ ਬਾਰੇ ਓਸੇ ਤਰ੍ਹਾਂ ਦੀਆ ਗੱਲਾਂ ਕਰਦੇ ਨੇ ਜਿਹੋ ਜਿਹੀਆਂ ਸਾਰਜੰਟ ਮੇਜਰ ਕਰਦਾ ਏ।"
ਕਾਰਪੋਰਲ ਨੇ ਕੋਈ ਰਾਏ ਨਾ ਦਿੱਤੀ, ਪਰ ਪੁੱਛਿਆ, "ਕਿਉਂ ਬੜੀ ਨੀਂਦਰ ਆਈ ਊ?”