ਉਹਦੇ ਵਿੱਚੋਂ ਉਹਦੇ ਪਿਉ ਨੂੰ ਆਪਣਾ ਆਪ ਲੱਭਦਾ ਤੇ ਉਹ ਉਹਨੂੰ ਬੜਾ ਪਿਆਰ ਕਰਦਾ ਹੁੰਦਾ ਸੀ।
ਸਿਰਫ਼ ਏਨੇ ਕਰਕੇ ਹੀ ਆਗਾਪੀਆ ਉਹਨੂੰ ਤੱਕ ਕੇ ਵੀ ਰਾਜ਼ੀ ਨਹੀਂ ਸੀ। ਜਦੋਂ ਵੀ ਉਹਨੂੰ ਉਹ ਨਜ਼ਰੀ ਪੈਂਦਾ, ਝੱਟ ਕੋਈ ਨਾ ਕੋਈ ਕਸੂਰ ਉਹਦਾ ਉਹਨੂੰ ਲੱਭ ਪੈਂਦਾ, ਤੇ ਉਹ ਚੱਤੇ ਪਹਿਰ ਉਹਨੂੰ ਲੱਤ ਜਾਂ ਡੰਡਾ ਠੋਕਣ ਲਈ ਤਿਆਰ ਰਹਿੰਦੀ ਸੀ।
ਛੇਤੀ ਹੀ ਮੀਤ੍ਰਿਆ ਨੇ ਉਸ ਤੋਂ ਕੰਨੀਂ ਖਿਸਕਾਣੀ ਸਿੱਖ ਲਈ। ਉਹਦੀਆਂ ਲੰਮੀਆਂ-ਲੰਮੀਆਂ ਫੁਰਤੀਲੀਆਂ ਲੱਤਾਂ ਸਨ, ਤੇ ਉਹ ਬਿਨ ਉਡੀਕੇ ਹੀ, ਆਪਣੇ ਖਿੰਡੇ ਵਾਲਾਂ ਵਾਲ਼ੇ ਸਿਰ ਨੂੰ ਪਿਛਾਂਹ ਮੋੜਦਾ ਤੇ ਉੱਚੀ ਸਾਰੀ ਚੀਕਦਾ ਨੱਠ ਜਾਂਦਾ ।
ਉਹਦੀ ਮਾਂ ਉਹਦੀ ਬੜੀ ਸੂਹ ਰੱਖਦੀ, ਖ਼ਾਸ ਤੌਰ ਉੱਤੇ ਜਦੋਂ ਉਹ ਗਲਾਸਾਂ ਤੇ ਅਲੂਚਿਆਂ ਦੀ ਬਹਾਰੇ ਘਰ ਦੇ ਪਛਵਾੜੇ ਬਾਗ਼ ਵਿੱਚ ਘੁੰਮਦਾ ਹੁੰਦਾ।
"ਵਾੜਾਂ ਟੱਪ-ਟੱਪ ਤੂੰ ਥੱਕਿਆ ਨਹੀਂ, ਘੀਚੜਾ! ਮੇਰਾ ਤੇ ਓਦੋਂ ਕਾਲਜਾ ਠੰਢਾ ਹੋਊ ਜਦੋਂ ਇੱਕ ਦਿਨ ਤੂੰ ਇਹਨਾਂ ਵਾੜਾਂ ਉੱਤੇ ਹੀ ਟੰਗਿਆ ਜਾਏਂਗਾ।"
ਉਹ ਝਾੜੀਆਂ ਵਿੱਚ ਦੀ ਹੋ ਜਾਂਦਾ, ਤੇ ਅਛੋਪਲੇ ਹੀ ਇੱਕ ਪਾਸਿਉਂ ਝਾੜੀਆਂ ਦੀ ਵਿਰਲ ਵਿੱਚੋਂ ਨਿੱਕਲ ਆਉਂਦਾ। ਆਗਾਪੀਆ ਵੀ ਵਾੜਾਂ ਟੱਪਦੀ-ਟੱਪਦੀ ਸੜਕ ਤੱਕ ਉਹਦਾ ਪਿੱਛਾ ਕਰਦੀ ਰਹਿੰਦੀ। ਮੀਤ੍ਰਿਆ ਦਰਿਆ ਕੋਲ ਪੁੱਜ ਕੇ ਹੀ ਕਿਤੇ ਰੁਕਦਾ। ਇੱਕ ਵਾਰੀ ਜਦੋਂ ਉਹ ਉਹਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਤਾਂ ਉਹ ਹੈਰਾਨ ਹੁੰਦਾ ਕਿ ਮਾਂ ਜਿਹੜਾ ਡਰਾਵਾ ਦੇਂਦੀ ਉਸਦਾ ਪਿੱਛਾ ਕਰਦੀ ਆਈ ਸੀ, ਉਹ ਕਿਉਂ ਪੂਰਾ ਨਹੀਂ ਕਰ ਸਕੀ।
"ਉਹ ਵੇ ਜਿਸ ਇੱਕ ਦਿਨ ਵਾੜ ਉੱਤੇ ਟੰਗੇ ਜਾਣਾ ਏਂ,” ਉਹ ਗੁੜ੍ਹਕਦਾ, "ਤੇ ਆਹਾ ਜੀ, ਮੇਰਾ ਉਸ ਤੋਂ ਖਹਿੜਾ ਛੁੱਟ ਜਾਉ।"
ਆਥਣ ਹੋਣ 'ਤੇ ਜਦੋਂ ਉਹਨੂੰ ਭੁੱਖ ਲੱਗਦੀ, ਤਾਂ ਕਿਤੇ ਉਹ ਘਰ ਪਰਤਦਾ। ਆਗਾਪੀਆ ਉਹਦੇ ਕੱਪੜਿਆਂ ਵਿੱਚੋਂ ਧੂੜ ਡੰਡੇ ਨਾਲ ਛੱਡਦੀ, ਤੇ ਫੇਰ ਤਰੀ ਦਾ ਇੱਕ ਪਿਆਲਾ ਉਹਦੇ ਮੱਥੇ ਡੰਮ੍ਹਦੀ। ਮੁੰਡਾ ਬੇਫ਼ਾਇਦਾ ਹੀ ਜਾਰਡਨ ਅੱਗੇ ਸ਼ਿਕਾਇਤ ਕਰਦਾ। ਜਾਰਡਨ ਹੁਨਾਲੇ ਦੀ ਗਰਮੀ ਤੇ ਪੈਲੀਆਂ ਵਿੱਚ ਹੱਡ-ਭੰਨ ਕੰਮ ਪਿੱਛੋਂ ਜਦੋਂ ਘਰ ਪਰਤਦਾ ਤਾਂ ਉਹਦਾ ਅੰਗ-ਅੰਗ ਅਰਾਮ ਲਈ ਤਾਂਘਦਾ ਹੁੰਦਾ। ਉਹ ਅੱਗੋਂ ਕੋਈ ਜਵਾਬ ਨਾ ਦੇਂਦਾ, ਤੇ ਮੀਤ੍ਰਿਆ ਕੁਝ ਪੈਸੇ ਚੁਰਾਣ ਦੀ ਸੋਚਦਾ ਰਹਿੰਦਾ ਤਾਂ ਜੋ ਉਹ ਤੀਲਾਂ ਦੀ ਡੱਬੀ ਲੈ ਕੇ ਏਸ ਘਰ ਨੂੰ ਓਦੋਂ ਅੱਗ ਲਾ ਸਕੇ ਜਦੋਂ ਇਹਦੇ ਇੱਕ ਖੂੰਜੇ ਵਿੱਚ ਉਹਦੀ ਮਾਂ ਖੱਡੀ ਉੱਤੇ ਕੱਪੜਾ ਉਣਨ ਵਿੱਚ ਰੁੱਝੀ ਹੋਵੇ।
ਸਭ ਤੋਂ ਔਖਾ ਵਕਤ ਸਿਆਲੇ ਵਿੱਚ ਲੰਘਦਾ। ਬਰਫ਼ ਦੇ ਝੱਖੜ ਉਹਨਾਂ ਨੂੰ ਆਪਣੇ ਘਰ ਦੇ ਬੂਹਿਆਂ ਅੰਦਰ ਰਹਿਣ ਦਾ ਡੰਨ ਲਾ ਦੇਂਦੇ, ਤੇ ਹਵਾ ਅੰਗੀਠੀ ਵਿੱਚ ਸੀਟੀਆਂ ਮਾਰਦੀ ਰਹਿੰਦੀ । ਮੀਤ੍ਰਿਆ ਆਪਣੀ ਜੁੱਲੀ ਦੀ ਇੱਕ ਨੁੱਕਰੇ ਪਰਛਾਵਿਆਂ ਵਿੱਚ ਗੁੱਛਾ-ਮੁੱਛਾ ਹੋਇਆ ਸਿਸਕਦਾ ਰਹਿੰਦਾ। ਕਦੇ ਕਦਾਈਂ ਕੋਈ ਪਰਛਾਵਿਆਂ ਵਿੱਚੋਂ ਰਾਹ ਟੋਂਹਦਾ ਉਸ ਕੋਲ ਆਉਂਦਾ ਤੇ ਉਹਦੇ ਉੱਤੇ ਕਿਸੇ ਤੱਪੜ ਦਾ ਟੁਕੜਾ ਦੇ ਜਾਂਦਾ, ਉਹ ਝੱਟ