ਕੈਸਾ ਅਦਭੂਤ ਦਰਸ਼ਨ ਹੈ, ਕੈਸੇ ਇਸਤ੍ਰੀ ਭਰਤਾ ਇਕ ਰੰਗ ਦੇ ਹਨ, ਕੈਸਾ ਘਰ ਦਾ ਸਤਿਸੰਗ ਹੈ। ਗੁਰ ਨਾਨਕ ਸੋਹਿਲੇ ਦੀ ਕਿਆ ਤਾਸੀਰ? 'ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ। ਕੈਸਾ ਮਿੱਠਾ ਫਲ ਲੱਗਾ ਹੈ ? ਜਿਸਦਾ ਬੀਜ ਗੁਰ ਨਾਨਕ ਕੇਰਦਾ ਹੈ, ਜਿਸ ਦਾ ਪਤਾ ਸਤਿਗੁਰ ਐਉਂ ਦੇਂਦਾ ਹੈ: 'ਕਹੁ ਨਾਨਕ ਗੁਰਿ ਮੰਤ੍ਰ ਦ੍ਰਿੜਾਇਆ।' ਸੱਚ ਹੈ ਗੁਰ ਨਾਨਕ ਦਾ ਮੰਤ੍ਰ ਕਾਇਆ ਪਲਟਦਾ ਹੈ, ਮਨ ਪਲਟਦਾ ਹੈ ਤੇ ਆਤਮ ਜੀਵਨ ਦਾਨ ਕਰਦਾ ਹੈ। ਅਸਲ ਰਸਾਇਣ ਗੁਰ ਨਾਨਕ ਦੇ ਗਾਰੁੜੀ ਮੰਤ੍ਰ ਵਿਚ ਹੈ, ਜੋ ਵਿਸ ਝਾੜਦਾ ਹੈ, ਪ੍ਰੇਮ ਅੰਮ੍ਰਿਤ ਪਾਉਂਦਾ ਹੈ ਤੇ 'ਸਦਾ ਰਹੈ ਕੰਚਨ ਸੀ ਕਾਇਆਂ ਕਾਲ ਨ ਕਬਹੂੰ ਬਿਆਪੈ ਦਾ ਅਮਰ ਸੋਨਾਂ ਤਿਆਰ ਕਰਦਾ ਹੈ।
ਦੰਪਤੀ ਕਿੰਨਾ ਚਿਰ ਇਸੇ ਅਡੋਲਤਾ, ਬ੍ਰਿਤੀ ਦੀ ਰਸ ਭਰੀ ਏਕਾਗ੍ਰਤਾ ਵਿਚ ਬੈਠੇ ਰਹੇ ! ਅੱਗ ਬਲ ਬਲ ਕੇ ਹਿੱਸ ਰਹੀ ਤੇ ਸਾਗ ਉੱਬਲ ਉੱਬਲ ਕੇ ਰਿੱਝ ਰਿਹਾ, ਦੀਵਾ ਜਗ ਜਗ ਕੇ ਬੁਝ ਰਿਹਾ, ਪਰ ਇਹਨਾਂ ਨੂੰ ਆਪਣੀ ਮੰਗ ਦੇ ਸ਼ੁਕਰਾਨੇ ਵਿਚ ਜੋ ਠੰਢਾ ਠੰਢਾ ਰਸ ਆਇਆ ਸੀ ਉਹ ਆਪਣੇ ਵਿਚ ਇੰਨਾ ਗਰਕ ਕਰ ਗਿਆ ਕਿ ਪਤਾ ਹੀ ਨਹੀਂ ਰਿਹਾ ਕਿ ਸਥੂਲ ਸੰਸਾਰ ਕੀਹ ਕੀਹ ਰੰਗ ਵਟਾ ਚੁਕਾ ਹੈ। ਤਦੇ ਅੱਖ ਖੁੱਲ੍ਹੀ ਜਦੋਂ ਬੂਹੇ ਨੇ ਫੇਰ ਖਟ ਖਟ ਕੀਤੀ। ਹਿਤ ਅਲਸਾਈਆਂ ਪ੍ਰੇਮ ਨਾਲ ਜੁੜੀਆਂ ਅੱਖਾਂ ਖੁੱਲ੍ਹੀਆਂ। ਮੋਹਿਨਾ ਨੇ ਦਰਵਾਜ਼ਾ ਖੂਹਲਿਆ, ਤਾਂ ਇਕ ਦਾਸ ਸੀ, ਜਿਸ ਨੇ ਬੜੇ ਪ੍ਰੇਮ ਨਾਲ ਕਿਹਾ, "ਬੀਬੀ ਜੀ ! ਮੈਂ ਸੱਚੇ ਦੁਆਰੋਂ ਆਇਆ ਹਾਂ, ਅੰਮ੍ਰਿਤ ਵੇਲੇ ਤੁਸਾਂ ਨੂੰ ਧਿਆਨ ਵਿਚੋਂ ਉਠਾਇਆ ਹੈ, ਪਰ ਅੰਮੀ ਜੀ ਨੇ ਘੱਲਿਆ ਤੇ ਆਖਿਆ ਹੈ ਕਿ ਰਾਤ ਮਹਾਰਾਜ ਜੀ ਦੇ ਸਮਰਪਨ ਲਈ ਫੁਲ ਕਿਤੋਂ ਨਹੀਂ ਆਏ ਤੇ ਸਾਡੇ ਦਰਸ਼ਨ ਦਾ ਵਕਤ ਨੇੜੇ ਹੈ, ਹੋ ਸਕੇ ਤਾਂ ਇਕ ਸਿਹਰੇ ਜੋਗੇ ਫੁਲ ਦਿਓ, ਅਰ ਛੇਤੀ ਦਿਓ ਜੋ ਸਾਡੇ ਨੇਮ ਵਿਚ ਭੰਗ ਨਾ ਪਵੇ। ਰਾਤ ਸੁਨੇਹਾ ਘੱਲਣਾ ਯਾਦ ਨਹੀਂ ਰਿਹਾ।'
ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ॥
ਦਹਦਿਸ ਚਮਕੈ ਬੀਜਲਿ ਮੁਖ ਕਉ ਜੋਹਤੀ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ॥
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ॥੯॥
(ਫੁਨਹੇ ਮਹਲਾ ੫)
ਫੁੱਲ ਤੋੜਦੇ ਹਨ, ਜੀ ਖੁਸ਼ੀ ਨਾਲ ਉਛਲਦਾ ਹੈ, ਅੰਮੀ ਜੀ ਕੇਡੇ ਚੰਗੇ ਹਨ ਜੋ ਐਸੇ ਸੁਹਣੇ ਕੰਮ ਲਈ ਸਾਨੂੰ ਯਾਦ ਕਰਦੇ ਹਨ। ਜਿਨ੍ਹਾਂ ਦੇ ਦੁਆਰੇ ਬਨਰਾਇ ਹੱਥ ਬੱਧੀ ਖੜੀ ਹੈ, ਉਹ ਸਾਨੂੰ ਸੇਵਾ ਦੇ ਕੇ ਵਡਿਆਉਂਦੇ ਹਨ। ਅੰਮੀ, ਅੰਮੀ, ਅੰਮੀ ਤੂੰ ਧੰਨ ਹੈਂ । ਫੇਰ ਫੁੱਲਾਂ ਨੂੰ ਐਸ ਤਰ੍ਹਾਂ ਦੇ ਪ੍ਯਾਰ ਭਾਵ ਨਾਲ ਬੁਲਾਉਂਦੇ ਹਨ, ਆਖਦੇ ਹਨ :--
"ਨੇਕ ਨਸੀਬ ਤੁਸਾਡੇ, ਮਿੱਤਰੋ ! ਜਿਨ੍ਹਾਂ ਜਾਇ ਪੀਆ ਗਲ ਪੈਣਾਂ।
ਵਾਹ ਉੱਗਣਾ ਤੇ ਸੁਫਲਾ ਲਗਣਾ ਖਿੜ ਖਿੜ ਹਸ ਹਸ ਰਹਿਣਾ।
ਵਾਹ ਤੂਟਣਾ, ਵਾਹ ਸੂਈ ਚੜ੍ਹਨਾ, ਵਾਹ ਗੁੰਦੇ ਰਲ ਬਹਿਣਾ।
ਵਾਹ ਹੱਸਣ, ਵਾਹ ਰੋਣ ਤੁਹਾਡੇ ਜਿਨ੍ਹਾਂ ਜਾਇ ਪੀਆ ਗਲ ਪੈਣਾ॥
ਐਉਂ ਪ੍ਰੇਮ ਭਰੇ ਪ੍ਰੇਮੀਆਂ ਨੇ ਸੁਹਣੇ ਸੁਹਣੇ ਲੈਂਦੇ ਦੇ ਫੁੱਲ ਅੰਮੀ ਜੀ ਲਈ ਇਕ ਸੁਹਣੀ ਪਟਾਰੀ ਵਿਚ ਪਾ ਕੇ ਘੱਲ ਦਿੱਤੇ।
ਤ੍ਰਿਪਹਿਰਾ ਬੀਤ ਚੁਕਾ ਸੀ, ਹੁਣ ਸੌਣ ਦਾ ਵੇਲਾ ਹੀ ਨਹੀਂ ਸੀ, ਦੰਪਤੀ ਨੇ ਇਸ਼ਨਾਨ ਕੀਤਾ ਤੇ ਆਪਣੇ ਪਾਠ ਸਿਮਰਨ ਵਿਚ ਲੱਗ ਪਏ।
੩. (ਮੋਹਿਨਾਂ ਤੇ ਠਾਕੁਰ ਜੀ)
ਮੋਹਿਨਾ ਸੋਹਿਨਾ ਜੀ ਕੌਣ ਹਨ ? ਇਸ ਗਰੀਬੀ ਵਿਚ ਕਿਉਂ ਹਨ ? ਇੰਨੇ ਪ੍ਰੇਮੀ ਕਿਸ ਲਈ ਹਨ ? ਅੰਮੀ ਜੀ ਐਡੇ ਪਿਆਰਾਂ ਵਾਲੇ ਕੌਣ ਹਨ ?
ਰਾਇਪੁਰ ਦੇ ਰਹਿਣ ਵਾਲੇ ਇਕ ਰਸੀਏ ਅਮੀਰ ਇਹ ਸੋਹਨਾ ਜੀ ਹਨ ਇਨ੍ਹਾਂ ਦੀ ਇਸਤ੍ਰੀ ਮੋਹਿਨਾਂ ਹੈ। ਰਾਗ ਵਿਦ੍ਯਾ ਤੇ ਕਵਿਤਾ ਵਿਚ ਦੁਏ ਪ੍ਰਬੀਨ ਸੇ। ਸਮਾਂ ਪਾ ਕੇ ਕੁਛ ਭਗਤੀ ਵਿਚ ਲਗ ਪਏ ਸੇ। ਇਕ ਬੈਰਾਗੀ ਫਕੀਰ ਨੇ ਇਨ੍ਹਾਂ ਨੂੰ ਠਾਕੁਰ ਪੂਜਾ ਸਿਖਾਈ ਤੇ ਭਗਤੀ ਦੀ ਜਾਚ ਦੱਸੀ ਸੀ, ਭਾਵੇਂ ਇਹ ਚੰਗੇ ਘਰੋਂ ਬਾਹਰੋਂ ਖੁੱਲੇ ਸੇ, ਪੈਸੇ ਦੀ ਤੋਟ ਨਹੀਂ ਸੀ, ਪਰ ਜਦ ਭਗਤੀ ਨੇ ਰੰਗ ਜਮਾਇਆ ਤਾਂ ਸਵੇਰੇ ਖੂਹ ਤੋਂ ਜਾ ਕੇ ਆਪ ਇਸ਼ਨਾਨ ਕਰਕੇ ਸੁੱਚਾ ਜਲ ਠਾਕੁਰਾਂ ਲਈ ਲਿਆਉਣਾ, ਇਸ਼ਨਾਨ ਕਰਕੇ ਆਪਣੇ ਲਾਏ ਫੁੱਲਾਂ ਦੀ ਮਾਲਾ ਪੁਰੋਣੀ, ਪੂਜਾ, ਅਰਚਾ, ਡੰਡਉਤ, ਸਾਰੀ ਰੀਤਿ ਦੇਵ ਪੂਜਾ ਦੀ ਨਿਬਾਹੁਣੀ। ਸੰਕੀਰਤਨੀਏਂ ਵੀ ਤਕੜੇ ਸਨ। ਸੋਹਿਨਾ ਨੂੰ ਵੀਣਾ ਵਿਚ ਤੇ ਮੋਹਿਨਾ ਨੂੰ ਸਰੋਦੇ ਵਿਚ ਪ੍ਰਬੀਨਤਾ ਪ੍ਰਾਪਤ ਸੀ, ਠਾਕੁਰਾਂ ਦੇ ਅੱਗੇ ਓਹ ਸੰਗੀਤ ਤੇ ਨ੍ਰਿਤਕਾਰੀ ਕਰਨੀ ਕਿ ਅਵਧੀ ਕਰ ਦੇਣੀ। ਇਕ ਦਿਨ ਦੋਏ ਜਣੇ ਖੂਹ ਤੋਂ ਸੁੱਚਾ ਪਾਣੀ ਲਿਆ ਰਹੇ ਸਨ ਕਿ ਇਕ ਸਿੱਧੇ ਦਸਤਾਰੇ ਵਾਲਾ ਗੁਰਮੁਖ ਰੂਪ ਆਦਮੀ ਭੱਜਾ ਆਇਆ, ਇਸਦੇ ਇਕ ਕਰਾਰਾ ਫੱਟ ਲੱਗਾ ਸੀ ਅਰ ਤਰੇਹ ਨਾਲ ਬੇਹਾਲ ਹੋ ਰਿਹਾ ਸੀ। ਇਨ੍ਹਾਂ ਦੇ ਪੈਰਾਂ ਪਾਸ ਹਫ ਕੇ ਡਿੱਗਾ ਤੇ ਪਾਣੀ ਪਾਣੀ ਕੂਕ ਪਿਆ। ਉਸ ਦੀ ਲੋੜ ਨੇ ਇਨ੍ਹਾਂ ਨੂੰ ਤ੍ਰਬ੍ਹਕਾ ਤਾਂ ਦਿੱਤਾ ਪਰ ਨੇਮ ਧਰਮ ਨੇ ਇਹੋ ਮੱਤ ਦਿਤੀ ਕਿ ਠਾਕੁਰਾਂ ਲਈ ਸੁੱਚਾ ਜਲ ਲਿਜਾ ਰਹੇ ਹਾਂ, ਇਹ ਉਹਨਾਂ ਦੇ ਨਾਉਂਗੇ ਦਾ ਹੈ; ਜੂਠਾ ਕਿਸ ਤਰ੍ਹਾਂ ਕਰੀਏ ? ਉਹ ਮੱਛੀ ਦੀ ਤਰ੍ਹਾਂ ਤੜਫਦਾ ਤੇ 'ਪਾਣੀ ਪਾਣੀ' ਕੂਕਦਾ ਰਿਹਾ ਤੇ ਇਹ ਆਪਣੇ ਕਠੋਰ ਧਰਮ ਵਿਚ ਪੱਕੇ ਘੇਸ ਮਾਰਕੇ ਕੋਲ ਦੀ ਟੁਰੀ ਗਏ। ਉਸ ਦੀ ਸਿਸਕਦੀ ਅਖੀਰ ਅਵਾਜ਼, ਜੋ ਇਨ੍ਹਾਂ ਦੇ ਕੰਨ ਪਈ, ਉਹ ਇਹ ਸੀ :--
ਇਹ ਸੁਣ ਕੇ ਬੀ ਏਹ ਦੋਵੇਂ ਟੁਰੀ ਗਏ, ਘਰ ਜਾ ਕੇ ਠਾਕੁਰਾਂ ਨੂੰ ਨੁਹਾਲਿਆ, ਪੂਜਾ ਕੀਤੀ, ਪਰ ਅਜ ਕਲੇਜੇ ਵਿਚ ਚੋਭ ਪੈਂਦੀ ਹੈ, ਪੂਜਾ ਵਿਚ ਮਨ ਲਗਦਾ ਨਹੀਂ। ਘਬਰਾ ਕੇ ਉੱਠੇ ਤੇ ਸੋਚ ਕੇ ਟੁਰੇ ਚਲੋ ਬਈ ਉਸ ਨੂੰ ਪਾਣੀ ਪਿਲਾ ਆਈਏ, ਕਿਤੇ ਕੋਈ ਮਾੜੀ ਅਸੀਸ ਨਾ ਲਗ ਜਾਵੇ। ਜਦ ਪਾਣੀ ਦਾ ਭਬਕਾ ਲੈ ਕੇ ਆਏ, ਤਾਂ ਉਹ ਘਾਇਲ ਆਪਣੇ ਹਫ਼ੇ ਹੁੱਟੇ ਮਿੱਟੀ ਦੇ ਸਰੀਰ ਨੂੰ ਛੱਡਕੇ ਅਕਾਸ਼ਾਂ ਨੂੰ ਜਾ ਚੁਕਾ ਸੀ। ਉਸਦੀ ਮੜੋਲੀ ਪਈ ਸੀ ਤੇ ਐਉਂ ਜਾਪਦਾ ਸੀ ਕਿ ਸਦਾ ਲਈ ਮਿਟ ਗਏ ਬੁਲ੍ਹਾਂ ਤੋਂ ਕਹਿ ਰਿਹਾ ਹੈ, 'ਦਰਸ਼ਨ ਨਹੀਂ ਜੇ ਦੇਣ ਲਗਾ।' ਦੋਹਾਂ ਦੇ ਕਲੇਜੇ ਧੱਕ ਕਰ ਕੇ ਮੁੱਠ ਵਿਚ ਆ ਗਏ, ਦਿਲ ਦੀ ਜਿਸ ਚੋਭ ਨੂੰ ਮੇਟਣ ਆਏ ਸਨ, ਉਹ ਚੋਭ ਦੂਣ ਸਵਾਈ ਹੋ ਗਈ। ਇੰਨੇ ਨੂੰ ਇਕ ਰੁਖ ਪੰਜ ਸਤ ਆਦਮੀ ਆ ਗਏ ਤੇ ਬੋਲੇ 'ਇਹੋ ਹੈ।' ਪੁੱਛਣ ਤੋਂ ਪਤਾ ਲਗਾ ਕਿ ਇਹ ਸੂਰਬੀਰ ਮਹਾਂ ਭਜਨੀਕ ਸਾਧੂ ਹੈ, ਜੋ ਆਨੰਦਪੁਰ ਵਾਲੇ ਗੁਰੂ ਜੀ ਦਾ ਚੇਲਾ ਸੀ। ਬਨ ਵਿਚ ਸਦਾ ਵੱਸਦਾ ਸੀ ਪਰ ਮਾਲਾ ਦੇ ਨਾਲ ਤਲਵਾਰ ਭੀ ਰਖਦਾ ਹੈ ਸੀ। ਅੱਜ ਇਕ ਗ਼ਰੀਬ ਟੋਲੇ ਤੇ ਡਾਕੇ ਪਏ ਦੀ ਆਵਾਜ਼ ਸੁਣਕੇ ਕੁਮਕ ਨੂੰ ਪਹੁੰਚਾ, ਇਸ ਤਰ੍ਹਾਂ ਲੜਿਆ ਕਿ ਡਾਕੂ ਭਜਾ ਦਿੱਤੇ ਤੇ ਟੋਲਾ ਵਾਲ ਵਾਲ ਬਚਾ ਦਿੱਤਾ। ਅਪਣੇ ਜ਼ਖ਼ਮ ਤੇ ਤਪਤ ਨਾਲ ਬਿਆਕੁਲ ਹੋ ਕੇ ਭੱਜਾ ਹੈ ਤੇ ਫੇਰ ਨਹੀਂ ਲੱਭਾ। ਨੇੜੇ ਤੇੜੇ ਦੇ ਕਦਰਾਂ ਵਾਲੇ ਤੇ ਪ੍ਰੇਮੀ ਸੁਣਕੇ ਚਾਰ ਚੁਫੇਰੇ ਭੱਜੇ ਹਨ, ਪਰ ਇਥੇ ਆਣ ਮਿਲਿਆ ਹੈ ਤੇ ਇਸ ਹਾਲ ਲੱਭਾ ਹੈ।
"ਦਰਸ਼ਨ ਨਹੀਂ ਜੇ ਦੇਣ ਲੱਗਾ" ਇਹ ਸ਼ਬਦ ਦੋਹਾਂ ਦੇ ਕੰਨਾਂ ਵਿਚ ਹੁਣ ਹੋਰ ਤਕੜੇ ਹੋ ਕੇ ਗੂੰਜੇ। ਅੱਖਾਂ ਵਿਚ ਨੀਰ ਭਰ ਆਇਆ, ਆਪਣੇ ਆਪ ਨੂੰ ਧਿਕਾਰ ਦਿੱਤੀ, ਪਰ ਹੁਣ ਧ੍ਰਿਕਾਰ ਕੀਹ ਕਰਦੀ ਹੈ ? ਉਹ ਸਮਾਂ ਲੰਘ ਗਿਆ ਜਦੋਂ ਠਾਕੁਰ ਦਾ ਪੁਤ ‘ਪਾਣੀ ਪਾਣੀ' ਕੂਕਦਾ
ਰਾਇ ਪੁਰ ਦੀ ਰਾਣੀ ਨੂੰ ਖ਼ਬਰ ਲੱਗੀ ਕਿ ਮੇਰੇ ਨੇੜੇ ਹੀ, ਜਿਸ ਦੇ ਦਰਸ਼ਨਾਂ ਨੂੰ ਮੈਂ ਤਰਸ ਰਹੀ ਹਾਂ, ਦਾ ਇਕ ਲਾਡਲਾ ਬਾਲਕਾ ਪਰਉਪਕਾਰ ਵਿਚ ਜਾਨ ਤੇ ਖੇਡ ਗਿਆ ਹੈ ਤਾਂ ਬੜਾ ਅਕੁਲਾਈ। ਜਦੋਂ ਪਤਾ ਲਗਾ ਕਿ ਜਿਸ ਟੋਲੇ ਦੀ ਰੱਖਿਆ ਵਿਚ ਜਾਨ ਦਿੱਤੀ ਸੂ ਉਹ ਨਾਮ ਦੇ ਰਸੀਏ 'ਗੁਰੂ ਦਰਸ਼ਨ' ਨੂੰ ਆ ਰਹੇ ਸਨ, ਤਦ ਹੋਰ ਬੀ ਰੋਈ। ਹਾਇ ਅਭਾਗ ਮੇਰੀਆਂ ਸਿੱਕਾਂ ਤੇ ਉਮੈਦਾਂ ਦੇ ਮਾਲਕਾ ! ਹੇ ਜਗਤ ਤਾਰਕ ਸਤਿਗੁਰਾ! ਮੇਰੇ ਰਾਜ ਵਿਚ ਤੇਰੇ ਪਿਆਰੇ ਲਈ ਸੀਸ ਦੇਣਾ ਹਿੱਸੇ ਆਯਾ। ਉਸ ਦੀ ਸੇਵਾ ਸਾਥੋਂ ਕੁਛ ਨਾ ਸਰੀ, ਇਕ ਬੂੰਦ ਤੇਲ ਫੱਟਾਂ ਤੇ ਨਾ ਡਿੱਗਾ, ਇਕ ਗਿੱਠ ਲੀਰ ਉਸ ਦੇ ਪਵਿੱਤ੍ਰ ਜ਼ਖਮ ਨੂੰ ਨਸੀਬ ਨਾ ਹੋਈ। ਇਹ ਹਾਵੇ ਕਰ ਰਹੀ ਸੀ ਕਿ ਉਸ ਦੀ ਸਤਿਸੰਗਣ ਮਾਈ ਆ ਗਈ। ਗੁਰਸਿੱਖੀ ਦੀ ਸੱਚੀ ਜਾਣੂੰ ਮਾਈ ਆਖਣ ਲੱਗੀ: "ਰਾਣੀਏਂ ! ਇਹ ਜੀਉਂਦੀ ਰੂਹ ਹੈ ਸੀ ਜਿਸ ਨੂੰ ਸਾਡੇ ਬੋਲੇ ਵਿਚ 'ਜੀਅ ਦਾਨ ਪ੍ਰਾਪਤ’ ਆਖਦੇ ਹਨ। ਜਦੋਂ ਕਿਸੇ ਜੀਉਂਦੇ ਬੰਦੇ ਨੂੰ, ਜਿਸ ਨੂੰ ਅਸੀਂ 'ਹਰਿਜਨ' ਭੀ ਆਖਦੇ ਹਾਂ, ਦੁਖ ਮਿਲੇ ਤਾਂ ਸਾਂਈਂ ਤਕ ਪੀੜ ਜਾਂਦੀ ਹੈ। ਪਰ ਤੂੰ ਹੁਣ ਦੁਖ ਨਾ ਕਰ, ਤੇਰਾ ਦੋਸ਼ ਨਹੀਂ, ਤੈਨੂੰ ਕੇਵਲ ਮੜੌਲੀ ਦੀ ਸੇਵਾ ਮਿਲੀ ਹੈ, ਸੋ ਤੂੰ ਧੰਨ ਭਾਗ ਜਾਣ ਕੇ ਕਰ। ਇਸ ਦੇ ਸਰੀਰ ਨੂੰ ਸਤਿਕਾਰ ਯੋਗ ਦਾਹ ਦੇਹ ਜੇ ਇਹ ਮੰਦਰ, ਜਿਸ ਵਿਚ ਨਾਮੀ ਵਸ ਗਿਆ ਹੈ, ਰੁਲੇ ਨਾ। ਇਹ ਸੁਣਕੇ ਰਾਣੀ ਨੇ ਬੜੇ ਸਤਿਕਾਰ ਨਾਲ ਉਸ ਸ਼ਹੀਦ ਦਾ ਦਾਹ ਕੀਤਾ, ਅਰ ਇਕ ਛੋਟਾ ਜਿਹਾ ਮਨ ਉਸ ਟਿਕਾਣੇ ਬਣਾਇਆ।
ਸੋਹਿਨਾਂ ਮੋਹਿਨਾਂ ਦੀ ਹੁਣ ਅਚਰਜ ਦਸ਼ਾ ਪਲਟੀ। ਠਾਕੁਰ ਪੂਜਾ ਕਰਦੇ ਹਨ, ਪਰ ਕਲੇਜੇ ਵਿਚ ਅਸ਼ਾਂਤਿ ਤੇ ਅਸੁਖ ਚੁਭਦਾ ਰਹਿੰਦਾ ਹੈ, ਜਦ ਹੱਥ ਜੋੜ ਕੇ ਬੈਠਦੇ ਹਨ, ਉਹੋ ਸ਼ਬਦ ਕੰਨਾਂ ਵਿਚ ਗੂੰਜਦੇ ਹਨ-