ਇਹ ਸੁਣ ਕੇ ਬੀ ਏਹ ਦੋਵੇਂ ਟੁਰੀ ਗਏ, ਘਰ ਜਾ ਕੇ ਠਾਕੁਰਾਂ ਨੂੰ ਨੁਹਾਲਿਆ, ਪੂਜਾ ਕੀਤੀ, ਪਰ ਅਜ ਕਲੇਜੇ ਵਿਚ ਚੋਭ ਪੈਂਦੀ ਹੈ, ਪੂਜਾ ਵਿਚ ਮਨ ਲਗਦਾ ਨਹੀਂ। ਘਬਰਾ ਕੇ ਉੱਠੇ ਤੇ ਸੋਚ ਕੇ ਟੁਰੇ ਚਲੋ ਬਈ ਉਸ ਨੂੰ ਪਾਣੀ ਪਿਲਾ ਆਈਏ, ਕਿਤੇ ਕੋਈ ਮਾੜੀ ਅਸੀਸ ਨਾ ਲਗ ਜਾਵੇ। ਜਦ ਪਾਣੀ ਦਾ ਭਬਕਾ ਲੈ ਕੇ ਆਏ, ਤਾਂ ਉਹ ਘਾਇਲ ਆਪਣੇ ਹਫ਼ੇ ਹੁੱਟੇ ਮਿੱਟੀ ਦੇ ਸਰੀਰ ਨੂੰ ਛੱਡਕੇ ਅਕਾਸ਼ਾਂ ਨੂੰ ਜਾ ਚੁਕਾ ਸੀ। ਉਸਦੀ ਮੜੋਲੀ ਪਈ ਸੀ ਤੇ ਐਉਂ ਜਾਪਦਾ ਸੀ ਕਿ ਸਦਾ ਲਈ ਮਿਟ ਗਏ ਬੁਲ੍ਹਾਂ ਤੋਂ ਕਹਿ ਰਿਹਾ ਹੈ, 'ਦਰਸ਼ਨ ਨਹੀਂ ਜੇ ਦੇਣ ਲਗਾ।' ਦੋਹਾਂ ਦੇ ਕਲੇਜੇ ਧੱਕ ਕਰ ਕੇ ਮੁੱਠ ਵਿਚ ਆ ਗਏ, ਦਿਲ ਦੀ ਜਿਸ ਚੋਭ ਨੂੰ ਮੇਟਣ ਆਏ ਸਨ, ਉਹ ਚੋਭ ਦੂਣ ਸਵਾਈ ਹੋ ਗਈ। ਇੰਨੇ ਨੂੰ ਇਕ ਰੁਖ ਪੰਜ ਸਤ ਆਦਮੀ ਆ ਗਏ ਤੇ ਬੋਲੇ 'ਇਹੋ ਹੈ।' ਪੁੱਛਣ ਤੋਂ ਪਤਾ ਲਗਾ ਕਿ ਇਹ ਸੂਰਬੀਰ ਮਹਾਂ ਭਜਨੀਕ ਸਾਧੂ ਹੈ, ਜੋ ਆਨੰਦਪੁਰ ਵਾਲੇ ਗੁਰੂ ਜੀ ਦਾ ਚੇਲਾ ਸੀ। ਬਨ ਵਿਚ ਸਦਾ ਵੱਸਦਾ ਸੀ ਪਰ ਮਾਲਾ ਦੇ ਨਾਲ ਤਲਵਾਰ ਭੀ ਰਖਦਾ ਹੈ ਸੀ। ਅੱਜ ਇਕ ਗ਼ਰੀਬ ਟੋਲੇ ਤੇ ਡਾਕੇ ਪਏ ਦੀ ਆਵਾਜ਼ ਸੁਣਕੇ ਕੁਮਕ ਨੂੰ ਪਹੁੰਚਾ, ਇਸ ਤਰ੍ਹਾਂ ਲੜਿਆ ਕਿ ਡਾਕੂ ਭਜਾ ਦਿੱਤੇ ਤੇ ਟੋਲਾ ਵਾਲ ਵਾਲ ਬਚਾ ਦਿੱਤਾ। ਅਪਣੇ ਜ਼ਖ਼ਮ ਤੇ ਤਪਤ ਨਾਲ ਬਿਆਕੁਲ ਹੋ ਕੇ ਭੱਜਾ ਹੈ ਤੇ ਫੇਰ ਨਹੀਂ ਲੱਭਾ। ਨੇੜੇ ਤੇੜੇ ਦੇ ਕਦਰਾਂ ਵਾਲੇ ਤੇ ਪ੍ਰੇਮੀ ਸੁਣਕੇ ਚਾਰ ਚੁਫੇਰੇ ਭੱਜੇ ਹਨ, ਪਰ ਇਥੇ ਆਣ ਮਿਲਿਆ ਹੈ ਤੇ ਇਸ ਹਾਲ ਲੱਭਾ ਹੈ।
"ਦਰਸ਼ਨ ਨਹੀਂ ਜੇ ਦੇਣ ਲੱਗਾ" ਇਹ ਸ਼ਬਦ ਦੋਹਾਂ ਦੇ ਕੰਨਾਂ ਵਿਚ ਹੁਣ ਹੋਰ ਤਕੜੇ ਹੋ ਕੇ ਗੂੰਜੇ। ਅੱਖਾਂ ਵਿਚ ਨੀਰ ਭਰ ਆਇਆ, ਆਪਣੇ ਆਪ ਨੂੰ ਧਿਕਾਰ ਦਿੱਤੀ, ਪਰ ਹੁਣ ਧ੍ਰਿਕਾਰ ਕੀਹ ਕਰਦੀ ਹੈ ? ਉਹ ਸਮਾਂ ਲੰਘ ਗਿਆ ਜਦੋਂ ਠਾਕੁਰ ਦਾ ਪੁਤ ‘ਪਾਣੀ ਪਾਣੀ' ਕੂਕਦਾ