ਰਾਇ ਪੁਰ ਦੀ ਰਾਣੀ ਨੂੰ ਖ਼ਬਰ ਲੱਗੀ ਕਿ ਮੇਰੇ ਨੇੜੇ ਹੀ, ਜਿਸ ਦੇ ਦਰਸ਼ਨਾਂ ਨੂੰ ਮੈਂ ਤਰਸ ਰਹੀ ਹਾਂ, ਦਾ ਇਕ ਲਾਡਲਾ ਬਾਲਕਾ ਪਰਉਪਕਾਰ ਵਿਚ ਜਾਨ ਤੇ ਖੇਡ ਗਿਆ ਹੈ ਤਾਂ ਬੜਾ ਅਕੁਲਾਈ। ਜਦੋਂ ਪਤਾ ਲਗਾ ਕਿ ਜਿਸ ਟੋਲੇ ਦੀ ਰੱਖਿਆ ਵਿਚ ਜਾਨ ਦਿੱਤੀ ਸੂ ਉਹ ਨਾਮ ਦੇ ਰਸੀਏ 'ਗੁਰੂ ਦਰਸ਼ਨ' ਨੂੰ ਆ ਰਹੇ ਸਨ, ਤਦ ਹੋਰ ਬੀ ਰੋਈ। ਹਾਇ ਅਭਾਗ ਮੇਰੀਆਂ ਸਿੱਕਾਂ ਤੇ ਉਮੈਦਾਂ ਦੇ ਮਾਲਕਾ ! ਹੇ ਜਗਤ ਤਾਰਕ ਸਤਿਗੁਰਾ! ਮੇਰੇ ਰਾਜ ਵਿਚ ਤੇਰੇ ਪਿਆਰੇ ਲਈ ਸੀਸ ਦੇਣਾ ਹਿੱਸੇ ਆਯਾ। ਉਸ ਦੀ ਸੇਵਾ ਸਾਥੋਂ ਕੁਛ ਨਾ ਸਰੀ, ਇਕ ਬੂੰਦ ਤੇਲ ਫੱਟਾਂ ਤੇ ਨਾ ਡਿੱਗਾ, ਇਕ ਗਿੱਠ ਲੀਰ ਉਸ ਦੇ ਪਵਿੱਤ੍ਰ ਜ਼ਖਮ ਨੂੰ ਨਸੀਬ ਨਾ ਹੋਈ। ਇਹ ਹਾਵੇ ਕਰ ਰਹੀ ਸੀ ਕਿ ਉਸ ਦੀ ਸਤਿਸੰਗਣ ਮਾਈ ਆ ਗਈ। ਗੁਰਸਿੱਖੀ ਦੀ ਸੱਚੀ ਜਾਣੂੰ ਮਾਈ ਆਖਣ ਲੱਗੀ: "ਰਾਣੀਏਂ ! ਇਹ ਜੀਉਂਦੀ ਰੂਹ ਹੈ ਸੀ ਜਿਸ ਨੂੰ ਸਾਡੇ ਬੋਲੇ ਵਿਚ 'ਜੀਅ ਦਾਨ ਪ੍ਰਾਪਤ’ ਆਖਦੇ ਹਨ। ਜਦੋਂ ਕਿਸੇ ਜੀਉਂਦੇ ਬੰਦੇ ਨੂੰ, ਜਿਸ ਨੂੰ ਅਸੀਂ 'ਹਰਿਜਨ' ਭੀ ਆਖਦੇ ਹਾਂ, ਦੁਖ ਮਿਲੇ ਤਾਂ ਸਾਂਈਂ ਤਕ ਪੀੜ ਜਾਂਦੀ ਹੈ। ਪਰ ਤੂੰ ਹੁਣ ਦੁਖ ਨਾ ਕਰ, ਤੇਰਾ ਦੋਸ਼ ਨਹੀਂ, ਤੈਨੂੰ ਕੇਵਲ ਮੜੌਲੀ ਦੀ ਸੇਵਾ ਮਿਲੀ ਹੈ, ਸੋ ਤੂੰ ਧੰਨ ਭਾਗ ਜਾਣ ਕੇ ਕਰ। ਇਸ ਦੇ ਸਰੀਰ ਨੂੰ ਸਤਿਕਾਰ ਯੋਗ ਦਾਹ ਦੇਹ ਜੇ ਇਹ ਮੰਦਰ, ਜਿਸ ਵਿਚ ਨਾਮੀ ਵਸ ਗਿਆ ਹੈ, ਰੁਲੇ ਨਾ। ਇਹ ਸੁਣਕੇ ਰਾਣੀ ਨੇ ਬੜੇ ਸਤਿਕਾਰ ਨਾਲ ਉਸ ਸ਼ਹੀਦ ਦਾ ਦਾਹ ਕੀਤਾ, ਅਰ ਇਕ ਛੋਟਾ ਜਿਹਾ ਮਨ ਉਸ ਟਿਕਾਣੇ ਬਣਾਇਆ।
ਸੋਹਿਨਾਂ ਮੋਹਿਨਾਂ ਦੀ ਹੁਣ ਅਚਰਜ ਦਸ਼ਾ ਪਲਟੀ। ਠਾਕੁਰ ਪੂਜਾ ਕਰਦੇ ਹਨ, ਪਰ ਕਲੇਜੇ ਵਿਚ ਅਸ਼ਾਂਤਿ ਤੇ ਅਸੁਖ ਚੁਭਦਾ ਰਹਿੰਦਾ ਹੈ, ਜਦ ਹੱਥ ਜੋੜ ਕੇ ਬੈਠਦੇ ਹਨ, ਉਹੋ ਸ਼ਬਦ ਕੰਨਾਂ ਵਿਚ ਗੂੰਜਦੇ ਹਨ-