ਜੀ ਆਖੇ ਕਿ ਸਿਖ ਦਾ ਪਾਣੀ ਮੰਗਣਾ ਤੇ ਸਾਡਾ ਨਾ ਦੇਣਾ ਇਕ ਉਸ ਨੂੰ ਮਲੂੰਮ ਸੀ ਤੇ ਇਕ ਸਾਨੂੰ, ਚੌਥੇ ਕੰਨ ਕਨਸੋ ਨਹੀਂ ਪਈ, ਸਤਿਗੁਰ ਨੇ ਸਾਨੂੰ ਦਰਸ਼ਨ ਦੇਣੋਂ ਕਿਉਂ ਵਿਰਵਿਆਂ ਰੱਖਿਆ ? ਸਾਡੇ ਇਲਾਕੇ ਦੇ ਹਰ ਇਕ ਬੰਦੇ ਨੂੰ ਖੁੱਲ੍ਹੇ ਦਰਸ਼ਨ ਮਿਲੇ ਤੇ ਸਾਨੂੰ—ਜੋ ਭਗਤ ਹਾਂ, ਰਾਗ ਤੇ ਕਾਵ੍ਯ ਦੇ ਰਸੀਏ ਹਾਂ--ਕਦਰਦਾਨ ਸਤਿਗੁਰੂ ਨੇ ਕਿਉਂ ਦਰਸ਼ਨ ਨਾ ਦਿੱਤੇ ? ਕੇਵਲ ਇਕੋ ਕਾਰਣ ਹੈ ਕਿ ਉਸ ਮਰਨਹਾਰ ਦੇ ਵਾਕ ਅਟੱਲ ਵਾਕ ਸਨ ਅਰ ਆਪਣੇ ਅਸਰ ਵਿਚ ਅਮੋਘ ਸਨ, ਜਿਸ ਦੀ ਆਨ ਠਾਕੁਰ ਨੇ ਨਹੀਂ ਮੋੜੀ। ਹਾਂ, ਉਹ ਠਾਕੁਰ, ਜੋ ਅੰਤਰਜਾਮੀ ਤੇ ਦਾਤਾ ਹੈ, ਜਾਂ ਤਾਂ ਇਸੇ ਕਲਗੀਆਂ ਵਾਲੇ ਦੇ ਰੂਪ ਵਿਚ ਆਇਆ ਹੋਇਆ ਹੈ ਤੇ ਜਾਂ ਇਹ ਰੂਪ ਉਸ ਦਾ ਨਿਜ ਪ੍ਰੀਤਮ ਹੈ।
ਏਨ੍ਹਾਂ ਸੋਚਾਂ ਨੇ ਨਿਸ਼ਚੇ ਨੂੰ ਹੋਰ ਪੱਕਾ ਕੀਤਾ, ਪ੍ਰੇਮ ਦੀ ਖਿੱਚ ਵਧੀ, ਘਰ ਘਰ ਸਤਿਗੁਰਾਂ ਦੀ ਚਰਚਾ, ਉਨ੍ਹਾਂ ਦੇ ਕੋਤਕ, ਆਤਮ ਸੱਤਿਆ, ਦਿਆਲਤਾ ਤੇ ਕੀਰਤੀ ਨੇ ਹੋਰ ਖਿੱਚਿਆ ਤੇ ਨਿਸ਼ਚੇ ਹੋ ਗਿਆ ਕਿ ਇਹ ਧੁਰੋਂ ਅਵਤਾਰ ਆਇਆ ਹੈ। ਇਕ ਪਾਸੇ ਪ੍ਰੇਮ ਵਧਦਾ ਹੈ, ਇਕ ਪਾਸੇ ਕੀਤੇ ਪਾਪ ਯਾ ਅਨਕੀਤੇ ਪੁੰਨ ਦੀ ਕਮਾਈ ਸ਼ਰਮ ਵਿਚ ਦਗਧ ਕਰਦੀ ਹੈ। ਗੱਲ ਕੀ, ਸਮਾਂ ਪਾ ਕੇ ਜਦ ਇਹ ਖਿੱਚ ਹੱਦ ਬੰਨੇ ਤ੍ਰੋੜ ਕੇ ਵਧੀ, ਤਦ ਦੋਹਾਂ ਦੀ ਇਹ ਸਲਾਹ ਠਹਿਰੀ ਕਿ ਆਪਦੇ ਕਿਸੇ ਕਰਮ, ਧਰਮ, ਗੁਣ ਵਿਦਿਆ ਵਿਚ ਰਸ ਨਹੀਂ ਰਿਹਾ, ਮਨ ਚਰਣਾਰਬਿੰਦ ਨੂੰ ਸ਼ੁਦਾਈ ਹੋ ਹੋ ਕੇ ਤਰਸਦਾ ਹੈ; ਤਦ ਕਿਉਂ ਨਾ ਸਤਿਗੁਰ ਦੇ ਦੁਆਰੇ ਜਾ ਕੇ ਸੇਵਾ ਕਰੀਏ, ਦਰਸ਼ਨ ਪਾਈਏ ਤੇ ਕ੍ਰਿਤ ਕ੍ਰਿਤ ਹੋਈਏ। ਮਨੁੱਖਾ ਜਨਮ ਕੋਈ ਛੇਤੀ ਛੇਤੀ ਲੱਭਦਾ ਹੈ ? ਫੇਰ ਸੋਚ ਪਈ, “ਦਰਸ਼ਨ ਨਹੀਂ ਜੇ ਦੇਣ ਲੱਗਾ" ਤੇ ਅੱਗੇ ਘਰ ਆਇਆ ਸਾਰਿਆਂ ਨੂੰ ਖੁੱਲੇ ਦਿਦਾਰ ਦੇਂਦਾ ਸਾਨੂੰ ਦਰਸ਼ਨਾਂ ਤੋਂ ਵਾਂਜ ਕੇ ਗਿਆ ਹੈ, ਦੁਆਰੇ ਗਿਆ ਬਿਰਦ ਦੀ ਬਾਣ ਕਦ ਛੱਡਣ ਲੱਗਾ ਹੈ ? ਸਾਨੂੰ ਦਰਸ਼ਨ ਨਹੀਂ ਹੋਣਗੇ। ਫੇਰ ਸਲਾਹ