ਪਰ ਇਸੇ ਸ਼ਹਿਰ ਦੀ ਇੱਕ ਨੁੱਕਰ ਸਾਨੂੰ ਬੇਹੱਦ ਪਿਆਰੀ ਹੈ। ਅਸੀਂ ਆਪਣੀਆਂ ਮਾਚੂ-ਪੀਚੂ ਦੀਆਂ ਯਾਦਾਂ ਤਾਜ਼ੀਆਂ ਕਰਨ ਉੱਥੇ ਵਾਰ-ਵਾਰ ਗਏ। ਇਹ ਪੁਰਾਤਤਵ- ਵਿਗਿਆਨ ਅਤੇ ਮਾਨਵ-ਵਿਗਿਆਨ ਦਾ ਅਜਾਇਬ ਘਰ ਹੈ। ਜੋਨ ਜੂਲੀਓ ਟੀਓ ਇਸਦਾ ਸੰਸਥਾਪਕ ਸੀ, ਜੋ ਪੂਰੀ ਤਰ੍ਹਾਂ ਇੰਡੀਅਨ ਖੂਨ ਵਾਲਾ ਵਿਦਵਾਨ ਸੀ। ਇਹ ਸਾਰੇ ਸਭਿਆਚਾਰਾਂ ਦੀ ਪੇਸ਼ਕਾਰੀ ਕਰਦੀਆਂ ਚੀਜ਼ਾਂ ਦਾ ਮੁੱਲਵਾਨ ਸੰਗ੍ਰਹਿ ਹੈ।
ਲੀਮਾ ਕੋਰਡੋਬਾ ਵਰਗਾ ਹੈ। ਪਰ ਇਸਦੀ ਦਿੱਖ ਇਕ ਬਸਤੀਵਾਦੀ ਜਾਂ ਸੂਬਾਈ ਸ਼ਹਿਰ ਵਾਲੀ ਵਧੇਰੇ ਹੈ। ਅਸੀਂ ਰਾਜਦੂਤ ਭਵਨ ਗਏ। ਚਿੱਠੀਆਂ ਸਾਡੀ ਉਡੀਕ ਕਰ ਰਹੀਆਂ ਸਨ। ਇਨ੍ਹਾਂ ਨੂੰ ਪੜ੍ਹਨ ਤੋਂ ਬਾਦ ਅਸੀਂ ਇਹ ਦੇਖਣ ਲਈ ਗਏ ਕਿ ਉਸ ਤੁਆਰਫ ਨਾਲ ਕੀ ਹੋ ਸਕਦਾ ਹੈ ਜੋ ਬਦੇਸ਼ੀ ਦਫ਼ਤਰ ਦੇ ਇਕ ਅਫ਼ਸਰਸ਼ਾਹ ਲਈ ਸਾਡੇ ਕੋਲ ਸੀ। ਪਰ ਉਹ ਸਾਨੂੰ ਜਾਨਣਾ ਵੀ ਨਹੀਂ ਚਾਹੁੰਦਾ ਸੀ। ਅਸੀਂ ਇਕ ਪੁਲਿਸ ਚੌਕੀ ਤੋਂ ਦੂਜੀ ਤੱਕ ਘੁੰਮਦੇ ਰਹੇ, ਜਦੋਂ ਤੱਕ ਕਿਸੇ ਥਾਣੇ ਵਿੱਚੋਂ ਸਾਨੂੰ ਚੌਲਾਂ ਦੀ ਪਲੇਟ ਨਹੀਂ ਮਿਲ ਗਈ। ਦੁਪਹਿਰ ਤੋਂ ਬਾਦ ਅਸੀਂ ਕੋਹੜ-ਰੋਗ ਮਾਹਿਰ ਡਾ. ਹਿਊਗੋ ਪੀਸੇ ਨੂੰ ਮਿਲਣ ਗਏ। ਉਸਨੇ ਗੈਰਸਾਧਾਰਨ ਦਿਆਲੂਤਾ ਨਾਲ ਸਾਡਾ ਸਵਾਗਤ ਕੀਤਾ। ਇਹ ਏਡੇ ਵੱਡੇ ਸਿਹਤ ਸਬੰਧੀ, ਅਦਾਰੇ ਦੇ ਕਿਸੇ ਮੁਖੀ ਵਜੋਂ ਹੋਰ ਵੀ ਵਿਸ਼ੇਸ਼ ਗੱਲ ਸੀ। ਉਸਨੇ ਕੋਹੜ ਰੋਗ ਦੇ ਇਕ ਹਸਪਤਾਲ ਵਿਚ ਸਾਡੇ ਰਹਿਣ ਦਾ ਇੰਤਜ਼ਾਮ ਕੀਤਾ ਤੇ ਉਸ ਰਾਤ ਸਾਨੂੰ ਖਾਣੇ 'ਤੇ ਘਰ ਬੁਲਾਇਆ। ਉਹ ਨਿਰੰਤਰ ਗੱਲਬਾਤ ਕਰਨ ਵਾਲਾ ਵਿਅਕਤੀ ਸਾਬਿਤ ਹੋਇਆ। ਉਸ ਰਾਤ ਅਸੀਂ ਬਹੁਤ ਦੇਰੀ ਨਾਲ ਸੌਣ ਲਈ ਗਏ।
ਸਵੇਰੇ ਅਸੀਂ ਬਹੁਤ ਹੀ ਦੇਰੀ ਨਾਲ ਉੱਠੇ ਤੇ ਸਵੇਰ ਦਾ ਖਾਣਾ ਖਾਧਾ। ਇੱਥੇ ਸਪਸ਼ਟ ਤੌਰ 'ਤੇ ਸਾਨੂੰ ਖਾਣਾ ਦੇਣ ਦਾ ਕੋਈ ਹੁਕਮ ਨਹੀਂ ਸੀ, ਸੋ ਅਸੀਂ ਹੇਠਾਂ ਕੇਲਾਓ ਦੀ ਬੰਦਰਗਾਹ ਦੇਖਣ ਲਈ ਤੁਰ ਗਏ। ਜ਼ਿੰਦਗੀ ਦੀ ਰਫ਼ਤਾਰ ਬਹੁਤ ਹੌਲੀ ਸੀ, ਕਿਉਂਕਿ ਉਸ ਦਿਨ 1 ਮਈ (ਮਜ਼ਦੂਰ ਦਿਵਸ) ਹੋਣ ਕਰਕੇ ਜਨਤਕ ਆਵਾਜਾਈ ਬੰਦ ਸੀ। ਸਾਨੂੰ 14 ਕਿਲੋਮੀਟਰ ਪੈਦਲ ਹੀ ਜਾਣਾ ਪਿਆ। ਕੇਲਾਓ ਵਿਚ ਦੇਖਣ ਲਈ ਕੋਈ ਵਿਸ਼ੇਸ਼ ਚੀਜ਼ ਨਹੀਂ ਹੈ, ਥੋੜੀਆਂ ਜਿਹੀਆਂ ਅਰਜਨਟੀਨੀ ਕਿਸ਼ਤੀਆਂ ਤੋਂ ਬਿਨਾਂ। ਹਮੇਸ਼ਾ ਨਾਲੋਂ ਵੱਧ ਰੁੱਖੇ ਜਿਹੇ ਚਿਹਰਿਆਂ ਨਾਲ ਅਸੀਂ ਆਪਣੇ ਆਪ ਨੂੰ ਇਕ ਥਾਣੇ ਵਿਚ ਪੇਸ਼ ਕੀਤਾ ਤੇ ਕੁੱਝ ਖਾਣ ਦੀ ਇੱਛਾ ਪ੍ਰਗਟਾਈ। ਫਿਰ ਤੇਜ਼ੀ ਨਾਲ ਲੀਮਾ ਵੱਲ ਚੱਲ ਪਏ। ਅਸੀਂ ਫਿਰ ਡਾ. ਪੀਸੇ ਦੇ ਘਰ ਖਾਣਾ ਖਾਧਾ, ਜਿਸਨੇ ਸਾਨੂੰ ਕੁਸ਼ਟ ਰੋਗ ਦੇ ਇਲਾਜ ਨਾਲ ਸੰਬੰਧਤ ਆਪਣੇ ਅਨੁਭਵ ਦੱਸੇ।
ਅਗਲੀ ਸਵੇਰ ਅਸੀਂ ਪੁਰਾਤਤਵ-ਵਿਗਿਆਨ ਤੇ ਮਾਨਵ-ਵਿਗਿਆਨ ਦਾ ਅਜਾਇਬ ਘਰ ਦੇਖਣ ਗਏ। ਇਹ ਲਾਜਵਾਬ ਸੀ, ਪਰ ਸਮੇਂ ਦੀ ਕਮੀ ਦਾ ਅਰਥ ਇਹ ਕਿ