ਸ਼ਨੀਵਾਰ ਦੀ ਪੂਰੀ ਸਵੇਰ ਅਸੀਂ ਸਿਟੀ ਸੈਂਟਰ ਵਿਚ 50 ਸਵੀਡਿਸ਼ ਕਰਾਊਨ ਬਦਲਣ ਵਿਚ ਗਵਾ ਦਿੱਤੀ। ਥੋੜ੍ਹੀ ਖੱਜਲ ਖੁਆਰੀ ਤੋਂ ਬਾਦ ਆਖਿਰਕਾਰ ਅਸੀਂ ਕਾਮਯਾਬ ਵੀ ਹੋਏ। ਸ਼ਾਮ ਨੂੰ ਅਸੀਂ ਪ੍ਰਯੋਗਸ਼ਾਲਾ ਲੱਭਦੇ ਰਹੇ ਜਿਹੜੀ ਬਹੁਤੀ ਲਾਭਕਾਰੀ ਸਾਬਿਤ ਨਹੀਂ ਹੋਈ ਤੇ ਸਾਡੀਆਂ ਆਸਾਂ ਨੂੰ ਅਧੂਰੀਆਂ ਛੱਡ ਗਈ । ਸੂਚੀਬੱਧ ਰਿਕਾਰਡ ਆਪਣੀ ਵਿਧੀ ਅਤੇ ਸਪੱਸ਼ਟਤਾ ਦੇ ਪੱਖ ਤੋਂ ਬਹੁਤ ਬੁਰੀ ਹਾਲਤ ਵਿਚ ਸਨ । ਰਾਤ ਨੂੰ ਅਸੀਂ ਬਿਨਾਂ ਸ਼ੱਕ ਖਾਣੇ ਲਈ ਡਾ. ਪੀਸੇ ਵੱਲ ਚੱਲ ਪਏ ਤੇ ਹਮੇਸ਼ਾ ਵਾਂਗ ਉਸਨੇ ਜੀਵੰਤ ਗੱਲਬਾਤ ਦੀ ਆਪਣੀ ਮੁਹਾਰਤ ਦਾ ਪ੍ਰਗਟਾਵਾ ਕੀਤਾ।
ਐਤਵਾਰ ਸਾਡੇ ਲਈ ਮਹੱਤਵਪੂਰਨ ਦਿਨ ਸੀ। ਅਸੀਂ ਇਸ ਦਿਨ ਸਾਨ੍ਹਾਂ ਦੀ ਲੜਾਈ ਦਾ ਪਹਿਲਾ ਅਨੁਭਵ ਹਾਸਿਲ ਕਰਨ ਜਾ ਰਹੇ ਸਾਂ । ਇਸ ਤੱਥ ਦੇ ਬਾਵਜੂਦ ਕਿ ਇਸਦਾ ਨਾਂ 'ਨੋਵੀਲਾਡਾ' ਰੱਖਿਆ ਗਿਆ ਹੈ ਤੇ ਇਹ ਲੜਾਈ ਹੇਠਲੇ ਦਰਜੇ ਦੇ ਸਾਨ੍ਹਾਂ ਅਤੇ ਉਨ੍ਹਾਂ ਨਾਲ ਲੜਨ ਵਾਲਿਆਂ ਵਿਚ ਹੁੰਦੀ ਹੈ, ਅਸੀਂ ਬਹੁਤ ਉਤਸ਼ਾਹਿਤ ਸਾਂ। ਇੱਥੋਂ ਤੱਕ ਕਿ ਮੈਂ ਉਸ ਸਵੇਰ ਲਾਇਬਰੇਰੀ ਵਿਚ ਟੈਲੋ ਦੀ ਕਿਤਾਬ ਪੜ੍ਹ ਰਿਹਾ ਸਾਂ ਤੇ ਉਸ ਉੱਪਰ ਵੀ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਪਾ ਰਿਹਾ ਸਾਂ । ਸਾਡੇ ਪਹੁੰਚਦਿਆਂ ਸਾਰ ਲੜਾਈ ਸ਼ੁਰੂ ਹੋ ਗਈ ਤੇ ਜਿਵੇਂ ਹੀ ਅਸੀਂ ਪ੍ਰਵੇਸ਼ ਕੀਤਾ ਇਕ ਲੜਾਕਾ ਸਾਨ੍ਹ ਨੂੰ ਮਾਰ ਰਿਹਾ ਸੀ । ਪਰ ਸਾਧਾਰਣ ਤਰੀਕੇ ਨਾਲ ਨਹੀਂ ਇਕ ਕਟਾਰ ਨਾਲ ਉਸ ਦੀ ਰੀੜ੍ਹ ਦੀ ਹੱਡੀ ਨੂੰ ਵੱਢ ਕੇ। ਸਾਨ੍ਹ ਬਹੁਤ ਤਕਲੀਫ਼ ਵਿਚ ਨਜ਼ਰ ਆ ਰਿਹਾ ਸੀ ਤੇ ਜਿਵੇਂ ਹੀ ਲੜਕੇ ਨੇ ਇਸਨੂੰ ਖਤਮ ਕਰਨਾ ਚਾਹਿਆ ਲੋਕਾਂ ਨੇ ਰੌਲਾ ਪਾ ਦਿੱਤਾ। ਤੀਸਰੇ ਸਾਨ੍ਹ ਲਈ ਵਿਸ਼ੇਸ਼ ਆਕਰਸ਼ਣ ਸੀ ਕਿਉਂਕਿ ਉਸਨੇ ਇਕ ਲੜਾਕੇ ਨੂੰ ਆਪਣੇ ਸਿੰਗਾਂ ਵਿਚ ਫਸਾ ਕੇ ਹਵਾ ਵਿਚ ਉਛਾਲ ਦਿੱਤਾ। ਛੇਵੇਂ ਸਾਨ੍ਹ ਦੀ ਕਰੀਬ-ਕਰੀਬ ਅਣਦੇਖੀ ਮੌਤ ਤੋਂ ਬਾਦ ਇਹ ਤਿਉਹਾਰ ਸਮਾਪਤ ਹੋਇਆ। ਉੱਥੇ ਕੋਈ ਕਲਾ ਮੈਨੂੰ ਨਜ਼ਰ ਨਹੀਂ ਆਈ : ਜੁਰੱਅਤ ਥੋੜ੍ਹੀ-ਬਹੁਤ ਸੀ, ਹੁਨਰ ਵੀ ਕੋਈ ਜ਼ਿਆਦਾ ਨਹੀਂ ਸੀ, ਉਤਸ਼ਾਹ ਠੀਕ-ਠਾਕ ਜਿਹਾ ਸੀ । ਕੁੱਲ ਮਿਲਾ ਕੇ ਇਹ ਸਭ ਇਸ ਗੱਲ 'ਤੇ ਨਿਰਭਰ ਕਰਦਾ ਸੀ ਕਿ ਐਤਵਾਰ ਨੂੰ ਕਰਨ ਲਈ ਕੀ ਕੰਮ ਹਨ।
ਸੋਮਵਾਰ ਸਵੇਰੇ ਅਸੀਂ ਫਿਰ ਅਜਾਇਬ ਘਰ ਗਏ। ਸ਼ਾਮ ਨੂੰ ਡਾਕਟਰ ਪੀਸੇ ਦੇ ਘਰ। ਉੱਥੇ ਸਾਡੀ ਮੁਲਾਕਾਤ ਮਨੋਰੋਗਾਂ ਦੇ ਪ੍ਰੋਫੈਸਰ ਡਾ. ਵਾਲੇਂਜ਼ਾ ਨਾਲ ਹੋਈ। ਉਹ ਵੀ ਵਧੀਆ ਬੁਲਾਰਾ ਸੀ। ਉਸਨੇ ਆਪਣੇ ਭਾਸ਼ਣਾਂ ਵਿਚ ਸਾਨੂੰ ਲੜਾਈਆਂ ਵਿੱਚ ਗੱਦਾਰੀਆਂ ਦੀਆਂ ਕਹਾਣੀਆਂ ਸੁਣਾਈਆਂ। ਤੇ ਹੋਰ ਵੀ ਕਈ ਕੁਝ ਜਿਵੇਂ, "ਇਕ ਦਿਨ ਮੈਂ ਇਕ ਸਥਾਨਕ ਸਿਨੇਮਾ ਵਿਚ ਕੈਟਿਨਫਲਾਸ (ਮੈਕਸੀਕਨ ਮਜ਼ਾਹੀਆ ਕਲਾਕਾਰ) ਦੀ ਫਿਲਮ ਦੇਖਣ ਗਿਆ। ਹਰ ਕੋਈ ਹੱਸ ਰਿਹਾ ਸੀ, ਪਰ ਮੈਨੂੰ ਕੁਝ ਵੀ ਸਮਝ ਨਹੀਂ ਲੱਗਿਆ। ਇਹ ਕੋਈ ਅਸੁਭਾਵਿਕ ਗੱਲ ਨਹੀਂ ਹੈ। ਸਾਡੇ ਵਿੱਚੋਂ ਬਹੁਤੇ ਲੋਕ ਦੂਸਰੇ ਪਾਸੇ ਦੀ ਕੋਈ ਗੱਲ