ਬੁੱਧਵਾਰ ਇਕ ਵੱਖਰੀ ਤਰ੍ਹਾਂ ਨਾਲ ਸਾਡੇ ਲਈ ਅਹਿਮ ਦਿਨ ਸੀ। ਉਸ ਦਿਨ ਐਲਾਨ ਹੋਇਆ ਕਿ ਅਸੀਂ ਅਗਲੇ ਦਿਨ ਚਲੇ ਜਾਵਾਂਗੇ। ਇਸ ਖ਼ਬਰ ਨੇ ਸਾਨੂੰ ਖੁਸ਼ੀ ਦਿੱਤੀ ਚਾਹੇ ਮੈਂ ਦਮੇਂ ਦੇ ਕਾਰਨ ਹਿੱਲ ਵੀ ਨਹੀਂ ਸੀ ਰਿਹਾ ਤੇ ਅਸੀਂ ਕਈ ਦਿਨ ਬਿਸਤਰੇ ਵਿਚ ਪਏ-ਪਏ ਹੀ ਬਰਬਾਦ ਕਰ ਦਿੱਤੇ ਸਨ।
ਅਗਲੇ ਦਿਨ ਸੁਵਖਤੇ ਅਸੀਂ ਜਾਣ ਲਈ ਖੁਦ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਨਾ ਆਰੰਭ ਕਰ ਦਿੱਤਾ। ਦਿਨ ਵੀ ਗੁਜ਼ਰ ਗਿਆ ਪਰ ਅਸੀਂ ਅਜੇ ਵੀ ਰੁਕੇ ਹੋਏ ਸਾਂ। ਫਿਰ ਐਲਾਨ ਹੋਇਆ ਕਿ ਰਵਾਨਗੀ ਅਗਲੇ ਦਿਨ ਬਾਦ ਦੁਪਹਿਰ ਹੋਵੇਗੀ।
ਸਾਨੂੰ ਯਕੀਨ ਸੀ ਕਿ ਮਾਲਕਾਂ ਦੀ ਗਤੀਹੀਣਤਾ ਸਮੇਂ ਤੋਂ ਬਾਦ ਤਾਂ ਪੁਚਾ ਸਕਦੀ ਹੈ, ਸਮੇਂ ਤੋਂ ਪਹਿਲਾਂ ਹਰਗਿਜ਼ ਨਹੀਂ। ਅਸੀਂ ਰੱਜ ਕੇ ਸੁੱਤੇ ਤੇ ਥੋੜ੍ਹਾ ਜਿਹਾ ਘੁੰਮਣ ਤੋਂ ਬਾਦ ਲਾਇਬ੍ਰੇਰੀ ਲਈ ਚਲੇ ਗਏ। ਉੱਥੇ ਇਕ ਖਿਝੇ ਹੋਏ ਸਹਾਇਕ ਨੇ ਸਾਨੂੰ ਦੱਸਿਆ ਕਿ 'ਅਲ ਸੀਸਨੇ ਸਵੇਰੇ 11:30 ਵਜੇ ਚੱਲ ਰਿਹਾ ਹੈ। ਇਸ ਸਮੇਂ 11:05 ਹੋ ਚੁੱਕੇ ਸਨ। ਅਸੀਂ ਤੇਜ਼ੀ ਨਾਲ ਆਪਣਾ ਸਮਾਨ ਸਮੇਟਿਆ ਤੇ ਵਾਪਸ ਜਾਣ ਲਈ ਚੱਲ ਪਏ। ਮੇਰੇ ਦਮੇਂ ਕਾਰਨ ਅਸੀਂ ਟੈਕਸੀ ਕਰ ਲਈ ਜਿਸਨੇ ਸਾਡੀ ਕੋਲੋਂ ਇਕਯੂਟਿਸ ਦੇ ਅੱਠ ਬਲਾਕ ਦੀ ਯਾਤਰਾ ਲਈ ਅੱਧਾ ਪੇਰੂਵਨ ਲਿਬਰਾ ਕਿਰਾਇਆ ਵਸੂਲ ਕੀਤਾ। ਅਸੀਂ ਪੁੱਜੇ ਤਾਂ ਪਤਾ ਚੱਲਿਆ ਬੇੜੀ ਤਿੰਨ ਵਜੇ ਤੋਂ ਪਹਿਲਾਂ ਨਹੀਂ ਜਾਵੇਗੀ। ਸਾਡਾ ਇਕ ਵਜੇ ਤਕ ਸਵਾਰ ਹੋਣਾ ਲਾਜ਼ਮੀ ਸੀ। ਸਾਡੇ ਵਿਚ ਏਨਾ ਹੌਸਲਾ ਹੀ ਨਹੀਂ ਸੀ ਕਿ ਅਸੀਂ ਇਸ ਗੱਲ ਦੀ ਪਾਲਣਾ ਨਾ ਕਰਦੇ ਤੇ ਹਸਪਤਾਲ ਖਾਣਾ ਖਾਣ ਲਈ ਜਾਂਦੇ। ਇਹੀ ਸਹੀ ਵੀ ਸੀ ਕਿਉਂਕਿ ਹਸਪਤਾਲ ਵਾਲਿਆਂ ਸਾਨੂੰ ਕੁਝ ਸਰਿੰਜਾਂ ਉਧਾਰੀਆਂ ਦਿੱਤੀਆਂ ਸਨ ਜੋ ਅਸੀਂ ਭੁੱਲ ਗਏ ਸਾਂ । ਤੀਲਿਆਂ ਤੋਂ ਬਣੀ ਲਾਲ ਘੱਗਰੀ ਤੇ ਉਨ੍ਹਾਂ ਤੋਂ ਬਣੀਆਂ ਮਾਲਾਵਾਂ ਵਾਲੇ ਯਗੂਆ ਜਾਤੀ ਦੇ ਇੰਡੀਅਨ ਬੰਦੇ ਨਾਲ ਬਹਿ ਕੇ ਅਸੀਂ ਬਹੁਤ ਮਹਿੰਗਾ ਭੋਜਨ ਲਿਆ। ਉਸਦਾ ਨਾਂ ਬੈਂਜਾਮਿਨ ਸੀ ਤੇ ਉਹ ਸਪੇਨੀ ਭਾਸ਼ਾ ਨਾਂ-ਮਾਤਰ ਹੀ ਬੋਲਦਾ ਸੀ । ਉਸਦੇ ਖੱਬੇ ਮੋਢੇ ਕੋਲ ਇਕਦਮ ਕੋਲੋਂ ਮਾਰੀ ਗਈ ਗੋਲੀ ਦੇ ਨਿਸ਼ਾਨ ਦਾ ਕੱਟਿਆ ਹੋਇਆ ਦਾਗ ਸੀ, ਜਿਹੜਾ ਉਸ ਅਨੁਸਾਰ 'ਬਦਲੇ' ਕਾਰਨ ਸੀ।
ਸਾਰੀ ਰਾਤ ਅਸੀਂ ਅਛੋਹ ਚਮੜੀ ਉੱਪਰ ਮੱਛਰਾਂ ਦੇ ਹਮਲੇ ਦੀ ਰੋਕਥਾਮ ਲਈ ਸੰਘਰਸ਼ ਕਰਦੇ ਰਹੇ। ਇਸ ਯਾਤਰਾ ਦੌਰਾਨ ਸਾਡੀ ਮਨੋਸਥਿਤੀ ਵਿਚ ਇਕ ਹੋਰ ਬਦਲਾਅ ਆਇਆ ਜਦੋਂ ਪਤਾ ਚੱਲਿਆ ਕਿ ਪਾਣੀ ਦੇ ਰਸਤੇ ਮੈਨੇਸ ਤੋਂ ਵੈਨਜ਼ੁਏਲਾ ਜਾਣਾ ਸੰਭਵ ਹੈ। ਅਗਲਾ ਦਿਨ ਆਰਾਮ ਨਾਲ ਬੀਤਿਆ। ਅਸੀਂ ਰਾਤ ਵਿਚ ਮੱਛਰਾਂ ਤੋਂ ਹੋਣ ਵਾਲੀ ਬੇਅਰਾਮੀ ਤੋਂ ਬਚਣ ਲਈ ਜਿੰਨਾ ਜ਼ਿਆਦਾ ਸੰਭਵ ਸੀ ਓਨਾ ਚਿਰ ਸੁੱਤੇ ਰਹੇ। ਰਾਤ ਦੇ ਇਕ ਵਜੇ ਜਿਵੇਂ ਹੀ ਅਸੀਂ ਸੁੱਤੇ ਸਾਨੂੰ ਇਹ ਕਹਿ ਕੇ ਜਗਾ ਦਿੱਤਾ ਗਿਆ ਕਿ ਅਸੀਂ ਸਾਨ ਪਾਬਲੋ ਪੁੱਜ ਗਏ ਹਾਂ। ਉਨ੍ਹਾਂ ਸਾਨੂੰ ਕਾਲੋਨੀ ਦੇ ਸਿਹਤ ਸੰਬੰਧੀ ਨਿਰਦੇਸ਼ਕ ਡਾ. ਬਰੇਸ਼ੀਆਨੀ ਕੋਲ ਜਾਣ ਦੀ ਸਲਾਹ ਦਿੱਤੀ। ਉਹ ਸਾਡੇ ਲਈ ਬਹੁਤ ਦਿਆਲੂ ਨਿਕਲਿਆ ਤੇ ਰਾਤ ਲਈ ਕਮਰੇ ਦਾ ਪ੍ਰਬੰਧ ਕੀਤਾ।
-0-