ਪ੍ਰਗਟਾਵਾ ਉਸ ਪਲ ਤੋਂ ਲੈ ਕੇ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਅਸੀਂ ਟੈਕਨਾ ਵਲੋਂ ਪੇਰੂ ਵਿਚ ਪ੍ਰਵੇਸ਼ ਕੀਤਾ ਸੀ।
ਮੈਂ ਕੁਝ ਹੋਰ ਵੀ ਕਹਿਣਾ ਚਾਹਾਂਗਾ, ਜਿਹੜਾ ਸਿਹਤ ਦੇ ਇਸ ਜਾਮ ਨਾਲ ਸੰਬੰਧਤ ਨਹੀਂ ਹੈ। ਭਾਵੇਂ ਸਾਡੀ ਬੁਰੀ ਹਾਲਤ ਇਸ ਸ਼ਾਨਦਾਰ ਕੰਮ ਲਈ ਸਹੀ ਪ੍ਰਤਿਨਿਧ ਨਹੀਂ ਹੋ ਸਕਦੀ, ਪਰ ਫਿਰ ਵੀ ਸਾਨੂੰ ਯਕੀਨ ਹੈ ਕਿ ਦੱਖਣੀ ਅਮਰੀਕਾ ਦੀ ਇਸ ਤਰੀਕੇ ਨਾਲ ਹੋਈ ਵੰਡ ਇਕ ਮਿੱਥ ਵਾਂਗ ਹੈ। ਅਸੀਂ ਸਾਰੇ ਸਾਂਝੇ ਤੌਰ ਤੇ ਮੈਸਟੀਜੋ ਨਸਲ ਨਾਲ ਸੰਬੰਧਤ ਹਾਂ, ਜਿਹੜੀ ਮੈਕਸੀਕੋ ਤੋਂ ਲੈ ਕੇ ਮੈਗਲੇਨ ਦੇ ਮੈਦਾਨਾਂ ਤੱਕ ਇੱਕੋ ਤਰ੍ਹਾਂ ਦੀ ਵੰਸ਼ਗਤ ਸਮਾਨਤਾ ਦੀ ਧਾਰਨੀ ਹੈ। ਇਸ ਲਈ ਮੈਂ ਆਪਣੇ ਆਪ ਨੂੰ ਇਸ ਤੰਗ ਖੇਤਰਵਾਦ ਦੇ ਭਾਰ ਤੋਂ ਮੁਕਤ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਪੇਰੂ ਅਤੇ ਸੰਯੁਕਤ ਦੱਖਣੀ ਅਮਰੀਕਾ ਦੇ ਨਾਂ ਜਾਮ ਉਠਾਉਣ ਲਈ ਕਹਿੰਦਾ ਹਾਂ।"
ਮੇਰੇ ਇਸ ਪ੍ਰਸਤਾਵ ਨੂੰ ਭਾਰੀ ਉਤਸ਼ਾਹ ਨਾਲ ਸਵੀਕਾਰ ਕੀਤਾ ਗਿਆ । ਪਾਰਟੀ ਦੇ ਦੂਜੇ ਹਿੱਸੇ ਵਿਚ ਜਿਨਾਂ ਸੰਭਵ ਸੀ, ਓਨੀ ਦਾਰੂ ਪੀਤੀ ਗਈ ਅਤੇ ਇਹ ਸਭ ਤੜਕੇ ਤਿੰਨ ਵਜੇ ਸਾਡੇ 'ਬਸ' ਕਹਿਣ ਤਕ ਜਾਰੀ ਰਿਹਾ।
ਐਤਵਾਰ ਦੀ ਸਵੇਰ ਅਸੀਂ ਯਾਗੁਆਸ ਕਬੀਲੇ ਨੂੰ ਦੇਖਣ ਗਏ । ਇਹ ਲਾਲ ਘਾਹ ਪਹਿਨਣ ਵਾਲੇ ਮੂਲ ਨਿਵਾਸੀ ਸਨ । 30 ਮਿੰਟ ਇਕੱਲਿਆਂ ਤੁਰਨ ਤੋਂ ਬਾਅਦ ਉਸ ਸੰਘਣੇ ਜੰਗਲ ਬਾਰੇ ਚੱਲਦੀਆਂ ਸਾਰੀਆਂ ਅਫਵਾਹਾਂ ਝੂਠੀਆਂ ਸਾਬਤ ਕਰਦਿਆਂ ਅਸੀਂ ਝੌਪੜੀਆਂ ਦੇ ਇਕ ਸਮੂਹ ਕੋਲ ਪੁੱਜੇ, ਜਿੱਥੇ ਇਕ ਪਰਿਵਾਰ ਰਹਿ ਰਿਹਾ ਸੀ। ਇਨ੍ਹਾਂ ਦੇ ਰਹਿਣ ਦਾ ਢੰਗ ਬੜਾ ਦਿਲਕਸ਼ ਸੀ। ਬਾਹਰ ਲਕੜੀ ਦੇ ਛੋਟੇ-ਛੋਟੇ ਤਖਤੇ ਅਤੇ ਖਜੂਰ ਦੇ ਪੱਤਿਆਂ ਤੋਂ ਬਣੀ ਹੋਈ ਨੀਵੀਂ ਛੱਤ ਵਾਲੀ ਝੌਂਪੜੀ ਉਹਨਾਂ ਦਾ ਰੈਣਬਸੇਰਾ ਸੀ ਜੋ ਉਨ੍ਹਾਂ ਨੂੰ ਮੱਛਰਾਂ ਤੋਂ ਬਚਾਉਂਦਾ ਸੀ। ਇੱਥੋਂ ਦੀਆਂ ਔਰਤਾਂ ਆਪਣੇ ਰਵਾਇਤੀ ਪਹਿਰਾਵੇ ਛੱਡ ਕੇ ਸਧਾਰਨ ਕੱਪੜੇ ਪਾਉਣ ਲੱਗੀਆਂ ਹਨ। ਇਸ ਕਰਕੇ ਤੁਸੀਂ ਉਹਨਾਂ ਦੀਆਂ ਛਾਤੀਆਂ ਦੀ ਪ੍ਰਸ਼ੰਸਾ ਨਹੀਂ ਕਰ ਸਕਦੇ। ਬੱਚਿਆਂ ਦੇ ਪੇਟ ਹੈਰਾਨੀਜਨਕ ਢੰਗ ਨਾਲ ਪਤਲੇ ਸਨ ਅਤੇ ਉਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੇ ਵਿਟਾਮਨ ਦੀ ਕਮੀ ਦੇ ਲੱਛਣ ਨਹੀਂ ਸਨ ਦਿਸਦੇ। ਉਨ੍ਹਾਂ ਦੀ ਮੁੱਖ ਖੁਰਾਕ ਦੇ ਰੂਪ ਵਿਚ ਯੁਕਾ, ਕੋਲੇ ਅਤੇ ਖਜੂਰਾਂ ਸ਼ਾਮਿਲ ਹਨ। ਇਸ ਤੋਂ ਬਿਨਾਂ ਉਨ੍ਹਾਂ ਵਲੋਂ ਸ਼ਿਕਾਰ ਕੀਤੇ ਜਾਂਦੇ ਜਾਨਵਰ ਵੀ ਖੁਰਾਕ ਦਾ ਹਿੱਸਾ ਹਨ। ਉਨ੍ਹਾਂ ਦੇ ਦੰਦ ਪੂਰੀ ਤਰ੍ਹਾਂ ਸੜ ਚੁੱਕੇ ਹਨ। ਉਹ ਆਪਣੀ ਵਿਸ਼ੇਸ਼ ਭਾਸ਼ਾ ਬੋਲਦੇ ਹਨ ਪਰ ਸਪੇਨਿਸ਼ ਸਮਝਣ ਦੀ ਯੋਗਤਾ ਵੀ ਰੱਖਦੇ ਹਨ।
ਸ਼ਾਮ ਨੂੰ ਅਸੀਂ ਫਿਰ ਫੁੱਟਬਾਲ ਖੇਡਿਆ। ਮੇਰਾ ਪ੍ਰਦਰਸ਼ਨ ਵਧੀਆ ਰਿਹਾ ਪਰ ਇਕ ਚਲਾਕੀ ਭਰਿਆ ਗੋਲ ਮੇਰੇ ਉੱਪਰ ਹੋ ਗਿਆ। ਰਾਤ ਨੂੰ ਅਲਬਰਟੋ ਨੇ ਤੇਜ਼ ਪੇਟ ਦਰਦ ਦੇ ਕਾਰਨ ਮੈਨੂੰ ਜਗਾਇਆ । ਬਾਅਦ ਵਿਚ ਸਾਨੂੰ ਪਤਾ ਚੱਲਿਆ ਕਿ ਇਹ ਦਰਦ ਸੱਜੀ ਵੱਖੀ ਵਿਚ ਹੋ ਰਿਹਾ ਹੈ। ਮੈਂ ਆਪਣੇ ਸਾਥੀ ਦੇ ਇਸ ਅਚਾਨਕ ਦਰਦ ਤੋਂ ਬੁਰੀ ਤਰ੍ਹਾਂ ਘਬਰਾ ਗਿਆ। ਇਸ ਲਈ ਮੈਂ ਉਸਨੂੰ ਹੌਸਲਾ ਰੱਖਣ ਅਤੇ ਕਰਵਟ ਬਦਲਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਹ ਅਗਲੇ ਦਿਨ ਤੱਕ ਆਰਾਮ ਨਾਲ ਸੁੱਤਾ ਰਿਹਾ।