ਨਿੱਕੀ ਕੋਂਟਕੀ ਨਾਲ ਆਰੰਭ
ਸਿਰਫ਼ ਦੋ ਜਾਂ ਤਿੰਨ ਮੱਛਰ ਮੇਰੀ ਸੌਣ ਦੀ ਇੱਛਾ ਨੂੰ ਨਹੀਂ ਹਰਾ ਸਕਦੇ ਸਨ ਤੇ ਕੁਝ ਹੀ ਪਲਾਂ ਵਿਚ ਮੇਰੀ ਨੀਂਦ ਨੇ ਇਨ੍ਹਾਂ ਨੂੰ ਪਛਾੜ ਵੀ ਦਿੱਤਾ। ਮੇਰੀ ਜਿੱਤ ਐਵੇਂ ਹੀ ਗਈ, ਕਿਉਂਕਿ ਅਲਬਰਟੋ ਦੀ ਆਵਾਜ਼ ਨੇ ਮੈਨੂੰ ਮੇਰੀ ਨੀਂਦ ਦੇ ਸਵਰਗ ਵਿੱਚੋਂ ਖਿੱਚ ਲਿਆ। ਖੱਬੇ ਕਿਨਾਰੇ ਤੋਂ ਇਕ ਨਿੱਕੇ ਸ਼ਹਿਰ ਦੀਆਂ ਮੱਧਮ ਬੱਤੀਆਂ ਦਿਸ ਰਹੀਆਂ ਸਨ, ਜਿਹੜਾ ਲੈਟੀਸੀਆ ਮਾਲੂਮ ਹੁੰਦਾ ਸੀ । ਹੁਣ ਬੇੜੇ ਨੂੰ ਬੱਤੀਆਂ ਵਾਲੇ ਪਾਸੇ ਮੋੜਨਾ ਹੀ ਵੱਡੀ ਚੁਣੌਤੀ ਸੀ ਤੇ ਇਸ ਵਿਚ ਸਾਨੂੰ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ ਕਿਉਂਕਿ ਸਾਡੇ ਜੁਗਾੜ ਨੇ ਕਿਨਾਰੇ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ। ਇਹ ਆਪਹੁਦਰੇ ਤਰੀਕੇ ਨਾਲ ਦਰਿਆ ਦੇ ਵਿਚਕਾਰ ਅੜਿਆ ਰਿਹਾ । ਅਸੀਂ ਇਸ ਨੂੰ ਪੂਰੀ ਰਫ਼ਤਾਰ ਨਾਲ ਚਲਾਇਆ ਤੇ ਜਦੋਂ ਸਾਨੂੰ ਲੱਗਿਆ ਕਿ ਇਹੀ ਸਹੀ ਸਮਾਂ ਹੈ, ਅਸੀਂ ਅੱਧਾ ਚੱਕਰ ਘੁਮਾ ਦਿੱਤਾ ਪਰ ਦੁਬਾਰਾ ਵਹਿਣ ਵਿਚ ਆ ਗਏ। ਦੂਰੀ ਤੋਂ ਦਿਖਾਈ ਦਿੰਦੀਆਂ ਬੱਤੀਆਂ ਨੂੰ ਅਸੀਂ ਬਹੁਤ ਨਿਰਾਸ਼ਾ ਨਾਲ ਦੇਖ ਰਹੇ ਸਾਂ। ਥੱਕ ਕੇ ਫੈਸਲਾ ਕੀਤਾ ਕਿ ਅਸੀਂ ਸਵੇਰ ਤੱਕ ਮੱਛਰਾਂ ਨਾਲ ਆਪਣੀ ਲੜਾਈ ਲੜ ਸਕਦੇ ਹਾਂ, ਫਿਰ ਦੇਖਾਂਗੇ ਕਿ ਕੀ ਕਰਨਾ ਚਾਹੀਦਾ ਹੈ। ਸਾਡੇ ਹਾਲਾਤ ਬਹੁਤੇ ਜ਼ਿਆਦਾ ਹਾਂ ਪੱਖੀ ਨਹੀਂ ਸਨ । ਜੇਕਰ ਅਸੀਂ ਇਸ ਤਰੀਕੇ ਨਾਲ ਦਰਿਆ ਵਿਚ ਵਹਿਣਾ ਜਾਰੀ ਰੱਖਦੇ ਹਾਂ ਤਾਂ ਅਸੀਂ ਮੈਨਾਓਸ ਵੀ ਪਹੁੰਚ ਸਕਦੇ ਸਾਂ ਜੋ ਇਕ ਭਰੋਸੇਯੋਗ ਸੂਚਨਾ ਮੁਤਾਬਿਕ ਇੱਥੋਂ ਦਸ ਦਿਨ ਬੇੜੀ ਚਲਾ ਕੇ ਪੁੱਜਣ ਜਿੰਨਾ ਦੂਰ ਸੀ। ਇਕ ਦਿਨ ਪਹਿਲਾਂ ਵਾਪਰੀ ਦੁਰਘਟਨਾ ਦੇ ਕਾਰਨ ਹੀ ਸਾਡੇ ਕੋਲ ਮੱਛੀਆਂ ਫੜਨ ਵਾਲੇ ਹੋਰ ਕੰਡੇ ਵੀ ਨਹੀਂ ਸਨ, ਨਾ ਹੀ ਮੁੱਢਲੀਆਂ ਲੋੜਾਂ ਦਾ ਵਾਧੂ ਸਮਾਨ ਸੀ। ਇਸ ਗੱਲ ਪ੍ਰਤਿ ਵੀ ਸਾਨੂੰ ਕੋਈ ਯਕੀਨ ਨਹੀਂ ਸੀ ਕਿ ਅਸੀਂ ਜਦੋਂ ਚਾਹੀਏ ਕਿਨਾਰੇ 'ਤੇ ਪਹੁੰਚ ਸਕਦੇ ਸਾਂ। ਇਸ ਵੱਲ ਅਜੇ ਸਾਡਾ ਧਿਆਨ ਨਹੀਂ ਸੀ ਗਿਆ ਕਿ ਅਸੀਂ ਬਿਨਾਂ ਕਾਗਜ਼ਾਂ ਤੋਂ ਬਰਾਜ਼ੀਲ ਵਿਚ ਵੜ ਜਾਵਾਂਗੇ, ਜਿੱਥੇ ਦੀ ਭਾਸ਼ਾ ਵੀ ਸਾਨੂੰ ਨਹੀਂ ਆਉਂਦੀ। ਪਰ ਇਨ੍ਹਾਂ ਗੱਲਾਂ ਨੇ ਸਾਨੂੰ ਲੰਮੇ ਸਮੇਂ ਤੱਕ ਚਿੰਤਤ ਨਹੀਂ ਕੀਤਾ ਕਿਉਂਕਿ ਛੇਤੀ ਹੀ ਅਸੀਂ ਗੂੜ੍ਹੀ ਨੀਂਦ ਵਿਚ ਸੌਂ ਗਏ। ਚੜ੍ਹਦੇ ਸੂਰਜ ਨੇ ਸਾਨੂੰ ਜਗਾ ਦਿੱਤਾ ਤੇ ਮੈਂ ਆਪਣੀ ਸਹੀ ਸਥਿਤੀ ਜਾਨਣ ਲਈ ਮੱਛਰਦਾਨੀ ਤੋਂ ਬਾਹਰ ਦੇਖਿਆ। ਦੁਨੀਆਂ ਦੀਆਂ ਸਭ ਤੋਂ ਭੈੜੀਆਂ ਮੰਸ਼ਾਵਾਂ ਨਾਲ ਸਾਡੀ ਨਿੱਕੀ ਕੋਂਟਕੀ ਨੇ ਆਪਣੇ ਆਪ ਨੂੰ ਦਰਿਆ ਦੇ ਸੱਜੇ ਕਿਨਾਰੇ 'ਤੇ ਲਿਆ ਖੜ੍ਹਾ ਕੀਤਾ ਸੀ ਤੇ ਨੇੜੇ ਦੇ ਘਰ ਨਾਲ ਸ਼ਾਂਤੀਪੂਰਨ ਸੰਬੰਧਾਂ ਦੀ ਉਡੀਕ ਕਰ ਰਹੀ ਸੀ। ਮੈਂ ਬਹੁਤੀਆਂ ਚੀਜ਼ਾਂ ਦੇ