ਰਾਤ ਦੇ 11 ਵਜੇ ਅਸੀਂ ਉੱਤਰ ਦਿਸ਼ਾ ਵੱਲ ਜਾ ਰਹੇ ਸਾਂ ਤੇ ਲੁੱਕ ਵਾਲੀਆਂ ਸੜਕਾਂ ਦੇ ਸਾਰੇ ਚਿੰਨ੍ਹ ਪਿੱਛੇ ਛੁਟਦੇ ਜਾ ਰਹੇ ਸਨ। ਇਕ ਸੀਟ ਉੱਤੇ ਪਹਿਲਾਂ ਤੋਂ ਹੀ ਸੁੰਗੜ ਕੇ ਬੈਠੇ ਤਿੰਨ ਜਣੇ, ਸਾਡੇ ਚਾਰਾਂ ਨਾਲ ਵੀ ਫਸ ਗਏ ਤਾਂ ਸੌਣ ਦਾ ਕੋਈ ਮੌਕਾ ਹੀ ਨਹੀਂ ਸੀ ਰਿਹਾ। ਬਦਤਰ ਹਾਲਾਤ ਇਹ ਕਿ ਇਕ ਪੰਚਰ ਨੇ ਸਾਡਾ ਇਕ ਘੰਟਾ ਖਰਾਬ ਕਰ ਦਿੱਤਾ ਸੀ ਤੇ ਮੇਰਾ ਦਮਾ ਉਸ ਦੌਰਾਨ ਵੀ ਮੈਨੂੰ ਤੰਗ ਕਰਦਾ ਰਿਹਾ। ਸਿਖ਼ਰ ਵੱਲ ਜਾਂਦੀ ਚੜ੍ਹਾਈ 'ਤੇ ਰੁੱਖ ਬੂਟੇ ਲਗਾਤਾਰ ਘੱਟ ਰਹੇ ਸਨ । ਇਸ ਵਾਦੀ ਵਿਚ ਉਸੇ ਤਰ੍ਹਾਂ ਦੀਆਂ ਫਸਲਾਂ ਦਿਖਾਈ ਦਿੱਤੀਆਂ, ਜਿਸ ਤਰ੍ਹਾਂ ਦੀਆਂ ਕੋਲੰਬੀਆ ਵਿਚ ਵੀ ਸਨ। ਰਸਤੇ ਬਹੁਤ ਹੀ ਖ਼ਰਾਬ ਸਨ, ਜਿਸ ਕਰਕੇ ਬਹੁਤ ਸਾਰੇ ਪੰਚਰ ਹੋਏ। ਸੜਕ 'ਤੇ ਸਾਡੇ ਦੂਸਰੇ ਦਿਨ ਤਾਂ ਇਹ ਹੋਰ ਵੀ ਵਧ ਗਏ। ਥਾਂ-ਥਾਂ ਪੁਲਿਸ ਦੀਆਂ ਪੜਤਾਲੀਆ ਚੌਕੀਆਂ ਹਨ, ਅਸੀਂ ਵੀ ਭਿਆਨਕ ਮੁਸੀਬਤ ਵਿਚ ਫਸ ਗਏ ਹੁੰਦੇ ਜੇਕਰ ਇਕ ਜ਼ਨਾਨੀ ਸਵਾਰੀ ਕੋਲ ਸਿਫਾਰਸ਼ੀ ਪੱਤਰ ਨਾ ਹੁੰਦਾ। ਚਾਲਕ ਨੇ ਦਾਅਵਾ ਕੀਤਾ ਕਿ ਸਾਰਾ ਸਮਾਨ ਉਸੇ ਔਰਤ ਦਾ ਹੈ, ਫਿਰ ਜਾ ਕੇ ਮਸਲਾ ਹੱਲ ਹੋਇਆ। ਖਾਣੇ ਦੀ ਕੀਮਤ ਵਧਦੀ ਜਾ ਰਹੀ ਸੀ । ਜੋ ਇਕ ਬੋਲੀਵਾਰ ਤੋਂ ਵਧ ਕੇ ਸਾਢੇ ਤਿੰਨ ਤਕ ਜਾ ਪਹੁੰਚੀ ਸੀ । ਇਸ ਔਖੀ ਘੜੀ ਵਿਚ ਅਸੀਂ ਵੱਧ ਤੋਂ ਵੱਧ ਧਨ ਬਚਾਉਣ ਦਾ ਫੈਸਲਾ ਕੀਤਾ, ਇਸ ਲਈ ਅਸੀਂ ਪੰਟਾਡੇਲ ਅਗਲੀਆ ਵਿਚ ਭੁੱਖੇ ਹੀ ਰਹੇ। ਚਾਲਕ ਨੇ ਸਾਡੀ ਗਰੀਬੀ 'ਤੇ ਰਹਿਮ ਕਰ ਕੇ ਸਾਨੂੰ ਕੋਲੋਂ ਭੋਜਨ ਕਰਾਇਆ। ਪੰਟਾਡੇਲ ਅਗਲੀਆ ਵੈਨਜ਼ੁਏਲੀਅਨ ਬੈਂਡਸ ਦੀ ਸਭ ਤੋਂ ਉੱਚੀ ਜਗ੍ਹਾ ਹੈ। ਇਹ ਸਮੁੰਦਰ ਤਲ ਤੋਂ 4108 ਮੀਟਰ ਉੱਚੀ ਹੈ। ਮੈਂ ਆਪਣੀਆਂ ਆਖਰੀ ਦੋ ਗੋਲੀਆਂ ਵੀ ਖਾ ਲਈਆਂ, ਜਿਸ ਕਰ ਕੇ ਰਾਤ ਚੰਗੀ ਤਰ੍ਹਾਂ ਗੁਜ਼ਾਰ ਸਕਿਆ। ਤੜਕੇ ਚਾਲਕ ਨੇ ਇਕ ਘੰਟੇ ਤਕ ਸੌਣ ਲਈ ਗੱਡੀ ਰੋਕ ਲਈ, ਉਹ ਦੋ ਦਿਨਾਂ ਤੋਂ ਬਿਨਾਂ ਰੋਕਿਆਂ ਲਗਾਤਾਰ ਚਲਾ ਰਿਹਾ ਸੀ। ਅਸੀਂ ਉਸੇ ਦਿਨ ਕਾਰਾਸਾਸ ਪੁੱਜਣ ਦੀ ਆਸ ਵਿਚ ਸਾਂ, ਪਰ ਪੰਚਰ ਟਾਇਰਾਂ ਨੇ ਫੇਰ ਸਾਨੂੰ ਦੇਰੀ ਕਰ ਦਿੱਤੀ। ਤਾਰਾਂ ਦੇ ਨੁਕਸ ਨੇ ਵੀ ਰੋਕੀ ਰੱਖਿਆ, ਜਿਸ ਦਾ ਅਰਥ ਸੀ ਕਿ ਬੈਟਰੀ ਚਾਰਜ ਨਹੀਂ ਹੋ ਸਕੇਗੀ ਤੇ ਇਸਨੂੰ ਠੀਕ ਕਰਨ ਲਈ ਸਾਨੂੰ ਰੁਕਣਾ ਪੈ ਗਿਆ। ਵਾਤਾਵਰਣ ਖੁਸ਼ਕ ਹੋ ਗਿਆ ਸੀ ਤੇ ਚਾਰੇ ਪਾਸੇ ਗੁੱਸੇਖੋਰ ਮੱਛਰਾਂ ਤੋਂ ਬਿਨਾਂ ਕੇਲੇ ਦੇ ਦਰਖਤ ਵੀ ਸਨ। ਆਖਰੀ ਹਿੱਸਾ, ਜਿਸ ਵਿਚ ਮੈਂ ਦਮੇਂ ਦੇ ਹਮਲੇ ਨੂੰ ਰੋਕਣ ਲਈ ਦਵਾਈ ਲਈ, ਚੰਗੀ ਤਰ੍ਹਾਂ ਲੁੱਕ ਵਾਲੀ ਸੜਕ ਵਾਲਾ ਤੇ ਬਹੁਤ ਸੁੰਦਰ ਸੀ (ਭਾਵੇਂ ਹਨੇਰਾ ਹੀ ਸੀ)। ਸਾਡੇ ਟਿਕਾਣੇ 'ਤੇ ਪੁੱਜਦਿਆਂ ਤਕ ਅਸਮਾਨ ਵਿਚ ਰੌਸ਼ਨੀ ਚਮਕ ਪਈ ਸੀ । ਮੈਂ ਪੂਰੀ ਤਰ੍ਹਾਂ ਨਿਢਾਲ ਸਾਂ, ਮੈਂ ਡੇਢ ਬੋਲੀਵਾਰ 'ਤੇ ਲਏ ਕਿਰਾਏ ਦੇ ਬਿਸਤਰੇ ਵਿਚ ਕਿਸੇ ਬਾਘ ਵਾਂਗ ਸੁੱਤਾਂ ਸਾਂ । ਅਲਬਰਟੋ ਵਲੋਂ ਦਿੱਤੇ ਐਡਰੀਲਿਨ ਦੇ ਟੀਕੇ ਨੇ ਮੇਰੀ ਕਾਫੀ ਸਹਾਇਤਾ ਕੀਤੀ।
-0-