ਤੇ ਹੁਣ ਮੈਂ ਮਹਿਸੂਸ ਕਰਦਾਂ ਆਪਣੀਆਂ
ਜੜ੍ਹਾਂ ਉੱਖੜੀਆਂ, ਆਜ਼ਾਦ ਅਤੇ....
ਅਸੀਂ ਬਾਹਰ ਭਿਆਨਕ ਤਬਾਹੀ ਮਚਾਉਂਦੇ ਤੂਫਾਨ ਤੋਂ ਬਚਣ ਲਈ ਪੁਲਿਸ ਥਾਣੇ ਦੀ ਰਸੋਈ ਵਿਚ ਪਨਾਹ ਲਈ ਹੋਈ ਸੀ। ਮੈਂ ਉਸ ਲਾਜਵਾਬ ਖ਼ਤ ਨੂੰ ਵਾਰ-ਵਾਰ ਪੜ੍ਹਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਘਰ ਬਾਰੇ ਮੇਰੇ ਸਾਰੇ ਸੁਪਨੇ ਉਨ੍ਹਾਂ ਅੱਖਾਂ ਨਾਲ ਜੁੜ ਗਏ ਸਨ, ਜਿਨ੍ਹਾਂ ਨੇ ਮੈਨੂੰ ਮਿਰਾਂਮਾਰ ਵਿਚ ਵਿਦਾ ਕਿਹਾ ਸੀ, ਹੁਣ ਬਿਨਾਂ ਕਿਸੇ ਕਾਰਨ ਦੇ ਤਬਾਹ ਹੋ ਗਏ ਸਨ। ਇਕ ਭਿਆਨਕ ਖ਼ਾਲੀਪਨ ਨੇ ਮੈਨੂੰ ਘੇਰ ਲਿਆ ਸੀ ਤੇ ਮੈਂ ਸੁੱਤਉਣੀਂਦੀ ਹਾਲਤ ਵਿਚ ਸਾਂ। ਮੈਂ ਇਕ ਘੁਮੱਕੜ ਕੈਦੀ ਦੀ ਜੀਵੰਤ ਗੱਲਬਾਤ ਸੁਣ ਰਿਹਾ ਸਾਂ, ਜਿਸਨੇ ਬਦੇਸ਼ੀ ਸ਼ਰਾਬ ਬਾਰੇ ਹਜ਼ਾਰਾਂ ਕਹਾਣੀਆਂ ਘੜੀਆਂ ਹੋਈਆ ਸਨ, ਜੋ ਉਸਦੇ ਸਰੋਤਿਆਂ ਦੀ ਚੁੱਪ ਵਿਚ ਸਾਂਭੀਆਂ ਜਾ ਰਹੀਆਂ ਸਨ। ਮੈਂ ਉਸਦੇ ਭਰਮਾਊ ਵਾਰਤਾਲਾਪ ਦੇ ਨਿੱਘ ਨੂੰ ਤੋੜ ਸਕਦਾ ਸਾਂ, ਜਦਕਿ ਉਸਦੇ ਆਲੇ-ਦੁਆਲੇ ਦੇ ਲੋਕ ਉਸਦੀਆਂ ਅਣਦੱਸੀਆਂ ਕਹਾਣੀਆਂ ਦੀ ਖਿੱਚ ਕਾਰਨ ਨੇੜੇ ਨੂੰ ਸਰਕ ਆਏ ਸਨ।
ਭਾਵੇਂ ਚਾਰੇ ਪਾਸੇ ਸੰਘਣੀ ਧੁੰਦ ਦੀ ਚਾਦਰ ਸੀ, ਫਿਰ ਵੀ ਮੈਂ ਉਸ ਅਮਰੀਕਨ ਡਾਕਟਰ ਨੂੰ ਬੋਲਦਿਆਂ ਦੇਖ ਸਕਦਾ ਸੀ, ਜਿਸਨੂੰ ਅਸੀਂ ਬਾਰੀਲੋਚੇ ਵਿਚ ਮਿਲੇ ਸਾਂ "ਮੈਨੂੰ ਲਗਦੈ ਤੁਸੀਂ ਉਹ ਸਭ ਹਾਸਿਲ ਕਰ ਸਕੋਗੇ, ਜੋ ਤੁਸੀਂ ਚਾਹੁੰਦੇ ਹੋ, ਤੁਹਾਡੇ ਵਿਚ ਹੌਸਲਾ ਹੈ। ਪਰ ਮੈਂ ਸੋਚਦਾਂ ਤੁਹਾਨੂੰ ਮੈਕਸੀਕੋ ਵਿਚ ਕੁਝ ਸਮਾਂ ਰੁਕਣਾ ਚਾਹੀਦੈ। ਇਹ ਸ਼ਾਨਦਾਰ ਦੇਸ਼ ਹੈ।"
ਅਚਾਨਕ ਮੈਂ ਆਪਣੇ ਆਪ ਨੂੰ ਜ਼ਮੀਨ ਤੋਂ ਦੂਰ ਜਹਾਜ਼ ਵਿਚ ਉੱਡ ਰਿਹਾ ਮਹਿਸੂਸ ਕੀਤਾ, ਆਪਣੀ ਜ਼ਿੰਦਗੀ ਵਿਚ ਵਾਪਰੇ ਹਾਲੀਆ ਨਾਟਕ ਤੋਂ ਦੂਰ। ਮੈਨੂੰ ਸਖ਼ਤ ਕਿਸਮ ਦੀ ਬੇਚੈਨੀ ਮਹਿਸੂਸ ਹੋਣ ਲੱਗੀ। ਮੈਂ ਮਹਿਸੂਸ ਕੀਤਾ ਕਿ ਮੈਂ ਕੁਝ ਵੀ ਸੋਚਣ ਦੇ ਅਸਮਰੱਥ ਹਾਂ। ਮੈਂ ਆਪਣੇ ਆਪ ਤੋਂ ਡਰ ਮਹਿਸੂਸ ਕਰਨਾ ਸ਼ੁਰੂ ਕੀਤਾ ਅਤੇ ਹੰਝੂਆਂ ਭਰਿਆ ਇਕ ਖ਼ਤ ਲਿਖਣ ਲੱਗਾ । ਪਰ ਮੈਂ ਲਿਖ ਹੀ ਨਹੀਂ ਸਕਿਆ। ਕੋਸ਼ਿਸ਼ ਕਰਨਾ ਵੀ ਬੇਕਾਰ ਸੀ। ਸਾਡੇ ਆਲੇ ਦੁਆਲੇ ਪੱਸਰੀ ਅਧੂਰੀ ਰੋਸ਼ਨੀ ਵਿਚ ਪਰਛਾਵੇਂ ਉੱਡ ਰਹੇ ਸਨ ਪਰ 'ਉਹ' ਦਿਖਾਈ ਨਹੀਂ ਦਿੱਤੀ। ਮੈਨੂੰ ਅਜੇ ਵੀ ਯਕੀਨ ਸੀ ਕਿ ਮੈਂ ਉਸਨੂੰ ਉਸ ਪਲ ਤਕ ਵੀ ਪਿਆਰ ਕਰਦਾ ਸਾਂ, ਜਦੋਂ ਮੈਂ ਇਹ ਸੱਚ ਜਾਣਿਆ ਕਿ ਮੈਂ ਕੁਝ ਵੀ ਮਹਿਸੂਸ ਨਹੀਂ ਕੀਤਾ।
ਮੈਂ ਉਸਨੂੰ ਆਪਣੇ ਮਨ ਵਿਚ ਹੀ ਵਾਪਸ ਬੁਲਾਉਂਦਾ ਰਿਹਾ, ਮੈਂ ਉਸਦੇ ਲਈ ਸੰਘਰਸ਼ ਕਰਦਾ ਰਿਹਾ, ਉਹ ਮੇਰੀ ਹੈ ਮੇਰੀ ਹੈ। ਮੈਂ ਸੌਂ ਗਿਆ।