Back ArrowLogo
Info
Profile
ਸੂਰਜ ਦੀ ਖ਼ਰੀ ਧੁੱਪ ਨਾਲ ਨਵੇਂ ਦਿਨ ਦਾ ਉਦਘਾਟਨ ਹੋਇਆ। ਇਹ ਸਾਡੀ ਰਵਾਨਗੀ ਦਾ ਦਿਨ ਸੀ, ਅਰਜਨਟੀਨੀ ਧਰਤੀ ਤੋਂ ਵਿਦਾਈ ਦਾ ਦਿਨ। ਮੋਟਰਸਾਈਕਲ ਨੂੰ 'ਮੋਡੇਸਟਾ ਵਿਕਟੋਰੀਆ' (ਇਕ ਬੇੜਾ) ’ਤੇ ਚੜਾਉਣਾ ਸੌਖਾ ਨਹੀਂ ਸੀ, ਪਰ ਅਸੀਂ ਠਰੰਮੇ ਨਾਲ ਇਹ ਕੰਮ ਇਕ ਤਰ੍ਹਾਂ ਪੂਰਾ ਕੀਤਾ। ਇਸਨੂੰ ਉਤਾਰਨਾ ਓਨਾ ਹੀ ਔਖਾ ਸੀ। ਤਦ ਅਸੀਂ ਝੀਲ ਦੇ ਉਸ ਛੋਟੇ ਹਿੱਸੇ ਵੱਲ ਵਧੇ ਜਿਸਨੂੰ ਪਿਓਰਟੋ ਬਲਾਸਟ ਕਹਿੰਦੇ ਸਨ। ਕੁਝ ਦੂਰ ਸ਼ਾਇਦ ਤਿੰਨ ਜਾਂ ਚਾਰ ਕਿਲੋਮੀਟਰ ਸੜਕ 'ਤੇ ਜਾਣ ਤੋਂ ਬਾਦ ਅਸੀਂ ਦੁਬਾਰਾ ਇਕ ਝੀਲ 'ਤੇ ਪੁੱਜੇ। ਇਹ ਗੰਦੇ ਹਰੇ ਪਾਣੀ ਦੀ ਲੈਗੁਨਾ ਫਰੀਆਸ (ਠੰਢੀ ਝੀਲ) ਨਾਂ ਦੀ ਝੀਲ ਸੀ ।

ਕਸਟਮ ਤੋਂ ਪਹਿਲਾਂ ਉਹ ਛੋਟੀ ਜਿਹੀ ਜਲ ਯਾਤਰਾ ਸੀ। ਚਿੱਲੀ ਦੀ ਇਮੀਗਰੇਸ਼ਨ ਚੌਕੀ ਕੋਰਡੀਲੈਰਾ ਦੇ ਦੂਸਰੇ ਪਾਸੇ ਸੀ ਅਤੇ ਜ਼ਮੀਨ ਦੇ ਉਸ ਹਿੱਸੇ ਤੋਂ ਕਾਫੀ ਨੀਵੀਂ ਜਗ੍ਹਾ 'ਤੇ ਸਥਿਤ ਸੀ। ਉੱਥੇ ਅਸੀਂ ਇਕ ਹੋਰ ਝੀਲ ਪਾਰ ਕੀਤੀ ਜਿਹੜੀ ਰੀਓ ਟਰੋਨੇਡਰੋ ਨਾਂ ਦੇ ਕੁਦਰਤੀ ਜਵਾਲਾਮੁਖੀ ਤੋਂ ਆਉਂਦੇ ਪਾਣੀ ਨਾਲ ਬਣੀ ਹੈ। ਏਸਮੇਰਾਲਡਾ ਨਾਂ ਦੀ ਇਹ ਝੀਲ ਅਰਜਨਟੀਨੀ ਝੀਲਾਂ ਤੋਂ ਵੱਖਰੀ ਸੀ, ਕੋਸਾ ਪਾਣੀ ਨਹਾਉਣ ਦੀ ਕਿਰਿਆ ਨੂੰ ਅਨੰਦਮਈ ਤੇ ਨਿੱਘੀ ਬਣਾ ਦਿੰਦਾ ਹੈ। ਕੋਰਡੀਲੈਰਾ ਕੋਲ ਕਾਸਾ ਪੇਰਾ ਨਾਂ ਦੀ ਇਕ ਉੱਚੀ ਜਿਹੀ ਜਗ੍ਹਾ ਤੋਂ ਚਿੱਲੀ ਦਾ ਖ਼ੂਬਸੂਰਤ ਦ੍ਰਿਸ਼ ਦਿਖਾਈ ਦਿੰਦਾ ਹੈ। ਇਹ ਇਕ ਚੌਰਾਹੇ ਵਾਂਗ ਦਿਸਦਾ ਹੈ ਜੋ ਉਸ ਸਮੇਂ ਮੇਰੇ ਅੰਦਰ ਵੀ ਸੀ । ਮੈਂ ਚਿੱਲੀ ਦੀਆਂ ਨਿੱਕੀਆਂ ਰੁਕਾਵਟਾਂ ਵਿੱਚੋਂ ਭਵਿੱਖ ਬਾਰੇ ਸੋਚ ਰਿਹਾ ਸਾਂ । ਅੱਗੇ ਕੀ ਹੈ, ਇਹ ਸੋਚਦਿਆਂ ਓਟੇਰਾ ਸਿਲਵਾ ਦੀ ਕਵਿਤਾ ਮੇਰੇ ਮਨ ਵਿਚ ਘੁੰਮ ਰਹੀ ਸੀ।

 

 

-0-

31 / 147
Previous
Next