ਮਾਹਿਰ
ਚਿੱਲੀ ਦੇ ਲੋਕਾਂ ਦੀ ਮੇਜ਼ਬਾਨੀ ਲਾਜਵਾਬ ਹੈ। ਮੈਂ ਇਹ ਕਹਿੰਦਿਆਂ ਕਦੇ ਥੱਕਦਾ ਨਹੀਂ, ਇਸਦਾ ਇਕ ਕਾਰਨ ਇਹ ਹੈ ਕਿ ਸਾਡੇ ਇਸ ਗੁਆਂਢੀ ਦੇਸ਼ ਦੀ ਯਾਤਰਾ ਕਿੰਨੀ ਆਨੰਦਾਇਕ ਹੈ ਅਤੇ ਅਸੀਂ ਇਸਦਾ ਭਰਪੂਰ ਆਨੰਦ ਮਾਣਿਆ। ਚਾਦਰ ਥੱਲਿਓਂ ਹੌਲੀ ਜਿਹੀ-ਜਾਗਦੇ ਸਮੇਂ ਮੈਂ ਚੰਗੇ ਬਿਸਤਰੇ ਦੀ ਵੁੱਕਤ ਨੂੰ ਜਾਣਿਆ ਅਤੇ ਪਿਛਲੀ ਰਾਤ ਦੇ ਖਾਣੇ ਵਿਚਲੀਆਂ ਕੈਲਰੀਆਂ ਦਾ ਹਿਸਾਬ-ਕਿਤਾਬ ਲਗਾਇਆ। ਮੈਂ ਤਾਜ਼ਾ ਘਟਨਾਵਾਂ ਬਾਰੇ ਦੁਬਾਰਾ ਸੋਚਿਆ, ਮੋਟਰਸਾਈਕਲ ਦੇ ਪਹੀਏ ਦਾ ਭਿਆਨਕ ਪੰਚਰ, ਜਿਸ ਦੇ ਕਾਰਨ ਅਸੀਂ ਵਰ੍ਹਦੇ ਮੀਂਹ ਵਿਚ ਉਜਾੜ ਥਾਂ ਫਸ ਗਏ ਸਾਂ, ਰਾਊਲ ਦੀ ਦਿਆਲੂਤਾਪੂਰਨ ਸਹਾਇਤਾ, ਜਿਹੜਾ ਉਸ ਬਿਸਤਰੇ ਦਾ ਮਾਲਿਕ ਹੈ ਅਸੀਂ ਹੁਣ ਜਿਸ ਵਿਚ ਸੁੱਤੇ ਪਏ ਹਾਂ ਅਤੇ ਟੈਮੂਕੋ ਦੇ ਇਕ ਅਖ਼ਬਾਰ 'ਅਲ ਔਸਟਰਲ' ਨੂੰ ਦਿੱਤੀ ਇੰਟਰਵਿਊ। ਰਾਊਲ ਪਸ਼ੂ-ਇਲਾਜ ਦਾ ਇਕ ਵਿਦਿਆਰਥੀ ਸੀ, ਭਾਵੇਂ ਉਹ ਇਸ ਸੰਬੰਧੀ ਵਿਸ਼ੇਸ਼ ਸੰਜੀਦਾ ਨਹੀਂ ਲੱਗਦਾ, ਜਿਸਨੇ ਸਾਡੇ ਵਿਚਾਰੇ ਮੋਟਰਸਾਈਕਲ ਨੂੰ ਆਪਣੇ ਟਰੱਕ ਵਿਚ ਲੱਦ ਕੇ ਚਿੱਲੀ ਦੇ ਵਿਚਕਾਰ ਇਸ ਖਾਮੋਸ਼ ਸ਼ਹਿਰ ਤੱਕ ਪੁਚਾਇਆ। ਇਮਾਨਦਾਰੀ ਨਾਲ ਕਹਾਂ ਤਾਂ ਇਕ ਜਾਂ ਦੋ ਪਲ ਐਸੇ ਵੀ ਹੋਣਗੇ ਜਦੋਂ ਸਾਡੇ ਇਸ ਦੋਸਤ ਨੇ ਸੋਚਿਆ ਹੋਵੇਗਾ ਕਿ ਉਹ ਸਾਨੂੰ ਕਿਉਂ ਮਿਲ ਪਿਆ, ਜਦੋਂ ਅਸੀਂ ਉਸਦੀ ਨੀਂਦ ਹੀ ਖ਼ਰਾਬ ਕਰ ਛੱਡੀ ਸੀ। ਪਰ ਇਸ ਲਈ ਉਹ ਖ਼ੁਦ ਹੀ ਜ਼ਿੰਮੇਵਾਰ ਸੀ। ਔਰਤਾਂ ਉੱਪਰ ਖਰਚੇ ਪੈਸਿਆਂ ਦੀ ਸ਼ੇਖੀ ਮਾਰਦਿਆਂ ਉਸਨੇ ਸਾਨੂੰ ਇਕ ਰਾਤ 'ਕੈਬਰੇ' ਦੇਖਣ ਦਾ ਸੱਦਾ ਦਿੱਤਾ। ਜਿਹੜਾ ਬਿਨਾਂ ਸ਼ੱਕ ਉਸਦੇ ਖਰਚੇ 'ਤੇ ਹੀ ਹੋਣਾ ਸੀ। ਇਸ ਸੱਦੇ ਦਾ ਇਕ ਕਾਰਨ ਇਹ ਵੀ ਸੀ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਪਾਬਲੋ ਨੇਰੂਦਾ ਦੀ ਧਰਤੀ 'ਤੇ ਸਾਂ ਅਤੇ ਐਸੀਆਂ ਸ਼ੇਖੀਆਂ ਵਿਚ ਸ਼ਾਮਿਲ ਰਹਿ ਚੁੱਕੇ ਸਾਂ। ਬਿਨਾਂ ਸ਼ੱਕ ਆਖ਼ਿਰਕਾਰ ਉਹ ਸਾਡੀ ਸਭ ਤੋਂ ਵੱਡੀ ਸਮੱਸਿਆ ਧਨ ਦੀ ਕਮੀ ਸਾਮ੍ਹਣੇ ਹਾਰ ਗਿਆ ਅਤੇ ਸਾਨੂੰ ਦਿਲਚਸਪ ਸਥਾਨ 'ਤੇ ਜਾ ਕੇ ਮਨੋਰੰਜਨ ਕਰਨ ਦੇ ਆਪਣੇ ਵਿਚਾਰ ਨੂੰ ਮੁਲਤਵੀ ਕਰਨਾ ਪਿਆ। ਮੁਆਵਜ਼ੇ ਵਜੋਂ ਉਸਨੇ ਸਾਨੂੰ ਰਹਿਣ ਅਤੇ ਸੌਣ ਦੀ ਜਗ੍ਹਾ ਮੁਹੱਈਆ ਕਰਵਾਈ। ਸੋ, ਸਵੇਰ ਵੇਲੇ ਅਸੀਂ ਜਿੱਥੇ ਵੀ ਸਾਂ, ਸਵੈ-ਸੰਤੁਸ਼ਟੀ ਮਹਿਸੂਸ ਕਰ ਰਹੇ ਸਾਂ ਅਤੇ ਮੇਜ਼ 'ਤੇ ਮੌਜੂਦ ਹਰ ਚੀਜ਼ ਛੱਕ ਗਏ ਸਾਂ । ਇਹ ਵੀ ਕਾਫ਼ੀ ਸੀ ਪਰ ਅਸੀਂ ਬਾਦ ਵਿਚ ਆਇਆ ਸਮਾਨ ਵੀ ਖਾ ਲਿਆ। ਇਸ ਤੋਂ ਬਾਦ ਅਸੀਂ ਆਪਣੇ ਮੇਜ਼ਬਾਨ ਦਾ ਬਿਸਤਰਾ ਹੀ ਮੱਲ ਲਿਆ, ਕਿਉਂਕਿ ਉਸਦੇ ਪਿਤਾ ਦੀ ਬਦਲੀ ਸਾਂਤਿਆਗੋ ਦੀ ਹੋ ਗਈ ਸੀ ਅਤੇ ਘਰ ਵਿਚ ਜ਼ਿਆਦਾ ਫਰਨੀਚਰ ਨਹੀਂ ਬਚਿਆ ਸੀ।
ਅਹਿੱਲ ਪਿਆ ਅਲਬਰਟੋ ਸੂਰਜ ਦੀ ਧੁੱਪ ਵਲੋਂ ਉਸਦੀ ਨੀਂਦ ਵਿਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿਚ ਸੀ। ਜਦੋਂ ਕਿ ਮੈਂ ਹੌਲੀ ਹੌਲੀ ਤਿਆਰ ਹੋਇਆ।