ਇੱਕ ਕ੍ਰਾਂਤੀਕਾਰੀ ਦੀ ਸਿਰਜਣਾ ਦਾ ਦਸਤਾਵੇਜ਼
‘ਮੋਟਰਸਾਈਕਲ ਡਾਇਰੀ' ਦੀ ਗੁਵੇਰਾ ਦੇ ਲਿਖੇ ਉਹ ਦਸਤਾਵੇਜ਼ੀ ਸਫ਼ਰੀ ਵੇਰਵੇ ਹਨ, ਜਿਹੜੇ ਉਸਨੇ ਦਿਸੰਬਰ 1951 ਤੋਂ ਅਗਸਤ 1952 ਦੀ ਦੱਖਣੀ ਅਮਰੀਕੀ ਮੋਟਰਸਾਈਕਲ ਯਾਤਰਾ ਦੌਰਾਨ ਲਿਖੇ । ਉਹਨੀ ਦਿਨੀਂ ਉਹ ਯੂਨੀਵਰਸਿਟੀ ਆਫ਼ ਬਿਊਨਸ ਆਇਰਸ ਦੇ ਮੈਡੀਕਲ ਸਕੂਲ ਦੇ ਵਿਦਿਆਰਥੀ ਵਜੋਂ ਪੜ੍ਹ ਰਿਹਾ ਸੀ । ਸੱਚੀ ਗੱਲ ਤਾਂ ਇਹ ਹੈ ਕਿ ਉਹ ਸਾਰੇ ਮਾਹੌਲ ਤੋਂ ਅੱਕਿਆ ਪਿਆ ਸੀ । ਉਹ ਰੁਟੀਨ ਤੋਂ ਪਰ੍ਹੇ ਭੱਜ ਕੇ ਘੁਮੱਕੜੀ, ਬੇਤਰਤੀਬੀ ਤੇ ਰੁਮਾਂਚ ਰਾਹੀਂ ਦੁਨੀਆਂ ਨੂੰ ਦੇਖਣਾ ਚਾਹੁੰਦਾ ਸੀ। 1950 ਵਿਚ 21 ਸਾਲ ਦੀ ਉਮਰ ਵਿਚ ਉਸਨੇ ਆਪਣੀ ਪਹਿਲੀ ਮੋਟਰਸਾਈਕਲ ਯਾਤਰਾ ਮੱਧ-ਅਰਜਨਟੀਨੀ ਖੇਤਰ ਵਿਚ ਕੀਤੀ। ਇਹ ਸਫ਼ਰ 4 ਹਜ਼ਾਰ ਕਿਲੋਮੀਟਰ ਲੰਮਾ ਸੀ। ਇਸ ਸਫ਼ਰ ਦੌਰਾਨ ਉਸਨੇ ਸੰਯੁਕਤ ਰਾਜ ਅਮਰੀਕਾ ਦੇ ਲਾਤੀਨੀ ਦੇਸ਼ਾਂ ਵਿਚ ਵਧਦੇ ਆਰਥਿਕ ਪ੍ਰਭਾਵ ਤੇ ਇਸਦੇ ਭੈੜੇ ਨਤੀਜਿਆਂ ਨੂੰ ਮਹਿਸੂਸ ਕੀਤਾ । ਸਫ਼ਰ ਦੇ ਅੰਤ 'ਤੇ ਉਹ ਕੋਰਡੋਬਾ ਵਿਚ ਆਪਣੇ ਮਿੱਤਰ ਤੋਮਾਸ਼ ਤੇ ਅਲਬਰਟੋ ਗਰੇਨਾਡੋ ਨੂੰ ਮਿਲਿਆ। ਅਲਬਰਟੋ ਉਸ ਨਾਲੋਂ ਛੇ ਸਾਲ ਵੱਡਾ ਸੀ ਤੇ ਕੋਹੜ ਰੋਗ 'ਤੇ ਡਾਕਟਰੀ-ਖੋਜ ਨਾਲ ਜੁੜਿਆ ਹੋਇਆ ਸੀ। ਇਹੀ ਅਲਬਰਟੋ 'ਚੀ' ਦਾ ਮੋਟਰਸਾਈਕਲ ਡਾਇਰੀ ਵਾਲੀ ਯਾਤਰਾ ਦਾ ਸਾਥੀ ਬਣਿਆ।
ਡਾਇਰੀ ਵਿਚ ਵਰਣਿਤ ਯਾਤਰਾ ਦੌਰਾਨ ਚੀ ਤੇ ਅਲਬਰਟੋ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਵਿਚ ਗਏ। ਅਰਜਨਟੀਨਾ ਤੋਂ ਸ਼ੁਰੂ ਹੋ ਕੇ ਚਿੱਲੀ, ਪੇਰੂ, ਕੋਲੰਬੀਆ, ਵੈਨਜ਼ੂਏਲਾ ਤੇ ਪੈਰਾਗੁਵੇ ਆਦਿ ਦੇਸ਼ਾਂ ਵਿਚ ਉਹ ਗਏ। 'ਲਾ ਪੇਦਰੋਸਾ' ਮਾਡਲ ਦਾ ਮੋਟਰਸਾਈਕਲ ਚਿੱਲੀ ਵਿਚ ਹੀ ਉਨ੍ਹਾਂ ਦਾ ਸਾਥ ਛੱਡ ਗਿਆ, ਪਰ ਉਨ੍ਹਾਂ ਆਪਣੀ ਘੁਮੱਕੜੀ ਜਾਰੀ ਰੱਖੀ। 'ਚੀ' ਨੇ ਲਾਤੀਨੀ ਅਮਰੀਕੀ ਦੇਸ਼ਾਂ ਦੇ ਮੂਲ ਸਭਿਆਚਾਰ ਨੂੰ ਸਮਝਿਆ, ਮੂਲ ਨਿਵਾਸੀਆਂ ਦੀ ਭਾਸ਼ਾ ਤੇ ਸੰਸਕ੍ਰਿਤੀ ਨੂੰ ਤਬਾਹ ਕੀਤੇ ਜਾਣ ਦੇ ਬਸਤੀਕਾਰੀ ਪ੍ਰਭਾਵਾਂ ਨੂੰ ਸਮਝਿਆ। ਉਦਯੋਗੀਕਰਨ ਦੇ ਨਾਂ ਹੇਠ ਹੋ ਰਹੀ ਕੁਦਰਤੀ ਤੇ ਆਰਥਿਕ ਵਸੀਲਿਆਂ ਦੀ ਲੁੱਟ ਨੂੰ ਜਾਣਿਆ ਤੇ ਅਮਰੀਕਾ ਵਲੋਂ ਇਨ੍ਹਾਂ ਦੇਸ਼ਾਂ ਵਿੱਚੋਂ ਹੂੰਝੀ ਜਾ ਰਹੀ ਪੂੰਜੀ ਤੇ ਵੰਡੀਆਂ ਜਾ ਰਹੀਆਂ ਬਿਮਾਰੀਆਂ ਨੂੰ ਨੇੜਿਓਂ ਦੇਖਿਆ। ਉਸਨੇ ਅਲਬਰਟੋ ਨਾਲ ਚਿੱਲੀ ਤੇ ਪੇਰੂ ਦੀਆਂ 'ਕੋਹੜ-ਬਸਤੀਆਂ ਦਾ ਦੌਰਾ ਕੀਤਾ। ਤੇ ਇਸ ਤਰਸਨਾਕ ਹਾਲਾਤ ਪ੍ਰਤੀ ਘ੍ਰਿਣਾ ਨਾਲ ਭਰ ਕੇ ਬਦਲਾਅ ਦੇ ਪੈਤੜਿਆਂ 'ਤੇ ਵਿਚਾਰ ਕੀਤੀ। ਦਮੇਂ ਕਾਰਨ ਬਦਤਰ ਸਰੀਰਕ ਹਾਲਤ ਦੇ ਬਾਵਜੂਦ ਚੀ ਨੇ ਇਹ ਯਾਤਰਾ ਪੂਰੀ ਕੀਤੀ ਤੇ ਵਿਸ਼ੇਸ਼ ਤਰ੍ਹਾਂ ਦੀ ਊਰਜਾ ਨਾਲ ਭਰ ਕੇ ਵਾਪਸ ਪਰਤਿਆ।
ਇਹ ਡਾਇਰੀ ਉਸ ਸਮੁੱਚੇ ਯਾਤਰਾ-ਬਿਰਤਾਂਤ ਨੂੰ ਪੇਸ਼ ਕਰਦੀ ਹੈ।‘ਚੀ ਗੁਵੇਰਾ’
ਇਹ ਕਿਤਾਬ ਮੈਂ ਦੋ ਕੁ ਸਾਲ ਪਹਿਲਾਂ ਪੜ੍ਹੀ। ਉਦੋਂ ਤੋਂ ਹੀ ਇਸਦੇ ਅਨੁਵਾਦ ਦੀ ਇੱਛਾ ਮਨ ਵਿਚ ਅੰਗੜਾਈਆਂ ਰਹੀ ਸੀ । ਇਸ ਕਿਤਾਬ ਦੇ ਅਨੁਵਾਦ ਤੋਂ ਪ੍ਰਕਾਸ਼ਨ ਤਕ ਮੇਰੇ ਬਹੁਤ ਸਾਰੇ ਸਹਿਕਰਮੀਆਂ, ਦੋਸਤਾਂ ਤੇ ਮੁਹੱਬਤੀ ਲੋਕਾਂ ਦੀ ਪ੍ਰੇਰਨਾ ਮਿਲਦੀ ਰਹੀ। ਕੁਝ ਨਾਵਾਂ ਤਕ ਸੀਮਤ ਕਰਕੇ ਮੈਂ ਭਾਵਨਾ ਦਾ ਅਨਾਦਰ ਨਹੀਂ ਕਰਨਾ ਚਾਹੁੰਦਾ। ਇਹ ਕੇਵਲ ਮਹਿਸੂਸ ਕਰਨ ਤੇ ਮਾਨਣ ਵਾਲੀ ਭਾਵਨਾ ਹੈ। ਸਿਰਜਣਾ, ਸਮੀਖਿਆ ਤੇ ਅਨੁਵਾਦ ਮੇਰੇ ਲਈ ਇੱਕੋ ਕਾਰਜ ਦੇ ਤਿੰਨ ਪਾਸਾਰ ਹਨ। ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ 'ਤੇ ਮੈਨੂੰ ਤਸੱਲੀ ਦਾ ਅਹਿਸਾਸ ਹੈ।
ਜਗਵਿੰਦਰ ਜੋਧਾ
ਮੋਟਰਸਾਈਕਲ ਡਾਇਰੀ
ਲਾਤੀਨੀ ਅਮਰੀਕੀ ਯਾਤਰਾ ਦੇ ਅਨੁਭਵ
ਇਸ ਤਰ੍ਹਾਂ ਅਸੀਂ ਜਾਣਿਆ ਇਕ ਦੂਸਰੇ ਨੂੰ
ਇਹ ਕਹਾਣੀ ਕਿਸੇ ਲਾਜਵਾਬ ਨਾਇਕਤਵ ਦੀ ਜਾਂ ਕਿਸੇ ਸਨਕੀ ਦੇ ਬਿਰਤਾਂਤ ਨਹੀਂ। ਘੱਟੋ ਘੱਟ ਮੇਰੀ ਲਿਖਤ ਦਾ ਅਜਿਹਾ ਕੋਈ ਉਦੇਸ਼ ਨਹੀਂ ਹੈ। ਇਹ ਉਨ੍ਹਾਂ ਦੋ ਲੋਕਾਂ ਦੇ ਜੀਵਨ ਦੀ ਝਲਕੀ ਹੈ ਜੋ ਕਿਸੇ ਖ਼ਾਸ ਸਮੇਂ ਸਮਾਂਤਰ ਜੀਵੇ ਜਦੋਂ ਉਨ੍ਹਾਂ ਦੀਆਂ ਆਸ਼ਾਵਾਂ ਤੇ ਭਵਿੱਖ ਦੇ ਸੁਪਨੇ ਇੱਕੋ ਜਿਹੇ ਸਨ।
ਮਨੁੱਖ ਆਪਣੀ ਜ਼ਿੰਦਗੀ ਦੇ ਨੌਂ ਮਹੀਨਿਆਂ ਵਿਚ ਬਹੁਤ ਸਾਰੀਆਂ ਚੀਜ਼ਾਂ ਬਾਰੇ ਸੋਚ ਸਕਦਾ ਹੈ। ਉਹ ਆਪਣੇ ਆਪ ਨੂੰ ਸਿਰੇ ਦੇ ਦਾਰਸ਼ਨਿਕ ਵਿਚਾਰਾਂ 'ਤੇ ਇਕਾਗਰ ਕਰਨ ਤੋਂ ਲੈ ਕੇ ਆਪਣੇ ਪੇਟ ਦੀ ਸਥਿਤੀ ਮੁਤਾਬਕ ਸੂਪ ਦੇ ਪਿਆਲੇ ਦੀ ਹੇਠਲੇ ਦਰਜੇ ਦੀ ਇੱਛਾ ਤੱਕ ਸਭ ਕੁਝ ਸੋਚ ਸਕਦਾ ਹੈ। ਅਤੇ ਹਾਂ, ਜੇਕਰ ਨਾਲ ਹੀ ਉਹ ਵਿਅਕਤੀ ਰੋਮਾਂਚਕ ਪ੍ਰਵਿਰਤੀ ਵਾਲਾ ਵੀ ਹੈ ਤਾਂ ਉਹ ਬਾਕੀ ਜਣਿਆਂ ਲਈ ਕੁਝ ਜੀਵੰਤ ਪ੍ਰਸੰਗਾਂ ਨੂੰ ਸਾਮ੍ਹਣੇ ਲਿਆ ਸਕਦਾ ਹੈ। ਜੋ ਆਮ ਵਰਣਿਤ ਵੇਰਵਿਆਂ ਵਰਗੇ ਹੀ ਹੋਣਗੇ।
ਇਹ ਬਿਲਕੁਲ ਉਵੇਂ ਹੈ, ਜਿਸ ਤਰ੍ਹਾਂ ਕੋਈ ਸਿੱਕਾ ਹਵਾ ਵਿਚ ਉਛਾਲਿਆ ਜਾਵੇ ਤਾਂ ਉਹ ਕਈ ਵਾਰ ਸਿੱਧਾ ਡਿੱਗਦਾ ਹੈ ਤੇ ਕਈ ਵਾਰ ਉਲਟਾ। ਆਦਮੀ, ਜੋ ਸਾਰੀਆਂ ਚੀਜ਼ਾਂ ਦਾ ਸਭ ਤੋਂ ਵੱਡਾ ਪੈਮਾਨਾ ਹੈ, ਉਹ ਆਦਮੀ ਜਿਸਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਮੇਰੀ ਜ਼ੁਬਾਨ ਰਾਹੀਂ, ਮੇਰੀ ਭਾਸ਼ਾ ਵਿਚ ਆਪਣੀ ਗੱਲ ਕਹਿੰਦਾ ਦਿਖਾਈ ਦੇ ਰਿਹਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਸਿੱਕੇ ਦਾ ਸਿੱਧਾ ਪਾਸਾ ਆਉਣ ਦੀਆਂ ਦਸ ਸੰਭਾਵਨਾਵਾਂ ਵਿੱਚੋਂ ਮੈਂ ਕੇਵਲ ਇਕ ਨੂੰ ਦੇਖਿਆ ਤੇ ਪੇਸ਼ ਕੀਤਾ ਹੋਵੇ। ਜਾਂ ਫਿਰ ਤੁਸੀਂ ਇਸ ਤੋਂ ਇਕਦਮ ਉਲਟ ਸਥਿਤੀ ਹੋਣ ਦੀ ਕਲਪਨਾ ਵੀ ਕਰ ਸਕਦੇ ਹੋ। ਇਸ ਦੀ ਅਸਲ ਵਿਚ ਸੰਭਾਵਨਾ ਵੀ ਹੈ ਅਤੇ ਮੈਨੂੰ ਇਸ ਦਾ ਕੋਈ ਅਫ਼ਸੋਸ ਵੀ ਨਹੀਂ ਹੈ ਕਿਉਂਕਿ ਬੁੱਲ੍ਹ ਉਹੀ ਵਰਣਨ ਕਰ ਸਕਦੇ ਹਨ ਜੋ ਅੱਖਾਂ ਨੇ ਦੇਖਿਆ ਹੋਵੇ। ਕੀ ਇਸੇ ਕਰਕੇ ਹੀ ਸਾਡਾ ਦ੍ਰਿਸ਼ਟੀਕੋਣ ਕਦੇ ਵੀ ਸੰਪੂਰਨ ਨਹੀਂ ਹੋ ਸਕਦਾ, ਕਿਉਂਕਿ ਇਹ ਵਧੇਰੇ ਕਰਕੇ ਅਸਥਾਈ ਅਤੇ ਪੂਰੀ ਤਰ੍ਹਾਂ ਸੂਚਨਾਤਮਕ ਨਹੀਂ ਹੁੰਦਾ । ਕੀ ਅਸੀਂ ਆਪਣੇ ਫੈਸਲਿਆਂ ਨੂੰ ਲੈ ਕੇ ਗੈਰ- ਸਮਝੌਤਾਪੂਰਨ ਰਵੱਈਆ ਰੱਖਦੇ ਹਾਂ ? ਠੀਕ ਹੈ, ਪਰ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਟਾਈਪਰਾਈਟਰ ਉਹੀ ਕੁਝ ਲਿਖਦਾ ਹੈ ਜੋ ਮੇਰੀਆਂ ਉਂਗਲੀਆਂ ਰਾਹੀਂ ਉਸਦੇ ਅੱਖਰਾਂ ਵਿਚ ਪਰਿਵਰਤਤ ਹੁੰਦਾ ਹੈ ਤੇ ਉਹ ਭਾਵਨਾਵਾਂ ਹੁਣ ਮ੍ਰਿਤਕ ਹਨ। ਵੱਡੀ ਗੱਲ ਇਹ ਹੈ ਕਿ ਇਸ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ।
ਜਿਸ ਵਿਅਕਤੀ ਨੇ ਇਹ ਨੋਟਿਸ ਲਿਖੇ ਉਹ ਉਸੇ ਪਲ ਮਰ ਗਿਆ ਸੀ ਜਦ ਉਸਦੇ ਪੈਰਾਂ ਨੇ ਅਰਜਨਟੀਨਾ ਦੀ ਮਿੱਟੀ ਨੂੰ ਛੋਹਿਆ। ਜਿਸ ਬੰਦੇ ਨੇ ਇਨ੍ਹਾਂ ਨੋਟਿਸਾਂ ਨੂੰ
ਫੋਟੋਗ੍ਰਾਫ਼ੀ ਦੇ ਕਿਸੇ ਵੀ ਕਿਤਾਬਚੇ ਵਿਚ ਤੁਸੀਂ ਚਾਂਦਨੀ ਰਾਤ ਵਿਚ ਖਿੱਚੀਆਂ ਗਈਆਂ ਸਾਫ਼ ਤਸਵੀਰਾਂ ਬਾਰੇ ਸਪੱਸ਼ਟ ਤੌਰ 'ਤੇ ਜਾਣ ਸਕੋਗੇ। ਇਸ ਦੇ ਨਾਲ ਦਿੱਤੇ ਗਏ। ਸੂਚਨਾਤਮਕ ਪਾਠ ਵਿੱਚੋਂ ਤੁਸੀਂ 'ਸ਼ਾਮ ਦੇ ਧੁੰਦਲਕੇ' ਦੇ ਰਹੱਸਾਂ ਬਾਰੇ ਵੀ ਜਾਣ ਸਕਦੇ ਹੋ। ਪਰ ਇਸ ਕਿਤਾਬ ਦੇ ਪਾਠਕਾਂ ਨੂੰ ਮੇਰੀ ਦ੍ਰਿਸ਼ਟੀ ਦੀ ਸੰਵੇਦਨਸ਼ੀਲਤਾ ਨਾਲ ਜ਼ਿਆਦਾ ਵਾਕਫ਼ੀ ਨਹੀਂ ਹੋਵੇਗੀ, ਮੈਨੂੰ ਵੀ ਇਸਦਾ ਅਹਿਸਾਸ ਮੁਸ਼ਕਲ ਨਾਲ ਹੀ ਹੁੰਦਾ ਹੈ। ਇਸ ਲਈ ਪਾਠਕ ਇਹ ਨਹੀਂ ਜਾਣ ਸਕਣਗੇ ਕਿ ਠੀਕ ਉਸ ਸਮੇਂ ਹੀ ਫੋਟੋਗ੍ਰਾਫ਼ਿਕ ਪਲੇਟ ਦੇ ਖਿਲਾਫ਼ ਕੀ ਕਿਹਾ ਗਿਆ ਜਦੋਂ ਅਸਲ ਵਿੱਚ ਮੇਰੀ ਹਰ ਫੋਟੋ ਖਿੱਚੀ ਗਈ ਸੀ ਤਾਂ ਤੁਸੀਂ ਮੇਰੇ 'ਤੇ ਯਕੀਨ ਵੀ ਕਰ ਸਕਦੇ ਹੋ ਤੇ ਨਹੀਂ ਵੀ। ਮੇਰੇ ਲਈ ਇਹ ਜ਼ਿਆਦਾ ਮਾਅਨੇ ਨਹੀਂ ਰੱਖਦਾ, ਜਦੋਂ ਤੱਕ ਤੁਸੀਂ ਉਸ ਦ੍ਰਿਸ਼ ਨੂੰ ਨਹੀਂ ਜਾਣਨਾ ਚਾਹੁੰਦੇ ਜਿਸ ਦੀ 'ਫੋਟੋਕਾਰੀ' ਮੈਂ ਆਪਣੇ ਨੋਟਿਸਾਂ ਵਿਚ ਕੀਤੀ ਹੈ। ਮੈਂ ਤੁਹਾਨੂੰ ਜੋ ਸੱਚਾਈ ਦੱਸਣ ਜਾ ਰਿਹਾ ਹਾਂ, ਉਸਦਾ ਬਦਲ ਤਲਾਸ਼ਣਾ ਤੁਹਾਡੇ ਲਈ ਬਹੁਤ ਮੁਸ਼ਕਿਲ ਹੋਵੇਗਾ। ਪਰ, ਹੁਣ ਮੈਂ ਤੁਹਾਨੂੰ ਉਸ ਬੰਦੇ ਨਾਲ ਛੱਡਦਾ ਹਾਂ ਜੋ ਮੈਂ ਹੋਣਾ ਚਾਹਿਆ ਸੀ।
-0-