

ਲਾ ਪੇਦਰੋਸਾ-II* ਦੀ ਅੰਤਿਮ ਯਾਤਰਾ
ਮੋਟਰਸਾਈਕਲ ਦੀ ਮੁਰੰਮਤ ਨੂੰ ਅੰਤਿਮ ਛੋਹਾਂ ਦੇਣ ਲਈ ਅਸੀਂ ਛੇਤੀ ਉੱਠੇ ਤੇ ਉਸ ਥਾਂ ਤੋਂ ਨਿਕਲ ਪਏ ਜਿਹੜੀ ਹੁਣ ਸਾਡੇ ਲਈ ਵਧੀਆ ਮੇਜ਼ਬਾਨੀ ਵਾਲੀ ਨਹੀਂ ਸੀ ਰਹੀ। ਪਰ ਗੈਰਾਜ ਦੇ ਕੋਲ ਹੀ ਰਹਿਣ ਵਾਲੇ ਪਰਿਵਾਰ ਦਾ ਦੁਪਹਿਰ ਦੇ ਖਾਣੇ ਦਾ ਸੱਦਾ ਸਵੀਕਾਰਨ ਤੋਂ ਬਾਦ।
ਕਿਸੇ ਅਗੇਤੀ ਸੂਹ ਦੇ ਕਾਰਨ ਅਲਬਰਟੋ ਬਾਈਕ ਚਲਾਉਣਾ ਨਹੀਂ ਸੀ ਚਾਹੁੰਦਾ। ਸੋ ਮੈਨੂੰ ਅਗਲੀ ਸੀਟ 'ਤੇ ਬੈਠਣਾ ਪਿਆ । ਅਸੀਂ ਅਜੇ ਕੁਝ ਕਿਲੋਮੀਟਰ ਹੀ ਗਏ ਸਾਂ ਕਿ ਸਾਨੂੰ ਖ਼ਰਾਬ ਗੇਅਰ ਬਾਕਸ ਠੀਕ ਕਰਨਾ ਪੈ ਗਿਆ । ਥੋੜ੍ਹੀ ਹੀ ਦੂਰ ਜਦੋਂ ਅਸੀਂ ਇਕ ਤਿੱਖੇ ਮੋੜ 'ਤੇ ਤੇਜ਼ ਰਫ਼ਤਾਰ ਨਾਲ ਮੁੜ ਰਹੇ ਸਾਂ ਤਾਂ ਪਿਛਲੀ ਬਰੇਕ ਦਾ ਪੇਚ ਨਿਕਲ ਕੇ ਡਿੱਗ ਪਿਆ। ਮੋੜ ਦੇ ਦੂਸਰੇ ਪਾਸੇ ਇਕ ਗਾਂ ਦਾ ਸਿਰ ਨਜ਼ਰੀ ਪਿਆ, ਫਿਰ ਹੋਰ ਤੇ ਫਿਰ ਬਹੁਤ ਸਾਰੀਆਂ ਗਾਵਾਂ। ਫਿਰ ਮੈਨੂੰ ਹੱਥ ਬਰੇਕ ਲਾਉਣੀ ਪਈ, ਇਹ ਬਰੇਕ ਵੀ ਫੌਰਨ ਟੁੱਟ ਕੇ ਔਹ ਗਈ। ਕੁਝ ਸਮੇਂ ਲਈ ਮੈਂ ਜਾਨਵਰਾਂ ਦੇ ਧੁੰਦਲੇ ਆਕਾਰ ਚਾਰੇ ਪਾਸਿਓਂ ਪਿੱਛੇ ਵੱਲ ਜਾਂਦੇ ਵੇਖ ਰਿਹਾ ਸਾਂ । ਜਦਕਿ ਵਿਚਾਰਾ ਪੇਦਰੋਸਾ ਉਤਰਾਈ ਵੱਲ ਵਧਦਾ ਹੋਰ ਤੇਜ਼ ਹੋਈ ਜਾਂਦਾ ਸੀ। ਕਿਸੇ ਚਮਤਕਾਰ ਵਾਂਗ ਅਸੀਂ ਇਸ ਵਿਚ ਕਾਮਯਾਬ ਰਹੇ ਕਿ ਕੇਵਲ ਆਖ਼ਰੀ ਗਾਂ ਦੇ ਪੈਰ 'ਤੇ ਹੀ ਇਕ ਝਰੀਟ ਆਈ। ਕੁਝ ਹੀ ਦੂਰੀ ਤੇ ਇਕ ਦਰਿਆ ਪੂਰੀ ਰਫ਼ਤਾਰ ਨਾਲ ਸਾਡੇ ਸਾਮ੍ਹਣੇ ਵਹਿ ਰਿਹਾ ਸੀ। ਮੈਂ ਸੜਕ ਵਾਲੇ ਪਾਸੇ ਨੂੰ ਘੁੰਮਿਆ ਤੇ ਅੱਖ ਦੇ ਝਮਕਾਰੇ ਵਿਚ ਹੀ ਮੋਟਰਸਾਈਕਲ ਦੋ ਮੀਟਰ ਉੱਚੇ ਪਹਾੜੀ ਟਿੱਲੇ 'ਤੇ ਚੜ੍ਹ ਗਿਆ। ਅਸੀਂ ਦੋ ਪੱਥਰਾਂ ਵਿਚਾਲੇ ਫਸ ਗਏ, ਪਰ ਨਾਲ ਹੀ ਵਾਲ-ਵਾਲ ਬਚ ਗਏ।
'ਪ੍ਰੈਸ' ਵਲੋਂ ਸਾਡੇ ਲਈ ਦਿੱਤੀ ਸਿਫਾਰਸ਼ੀ ਚਿੱਠੀ ਕਾਰਨ ਕੁਝ ਜਰਮਨਾਂ ਨੇ ਸਾਨੂੰ ਚੁੱਕਿਆ ਤੇ ਸਾਡੇ ਨਾਲ ਵਧੀਆ ਵਰਤਾਅ ਕੀਤਾ। ਰਾਤ ਦੇ ਦੌਰਾਨ ਮੈਨੂੰ ਪਿਸ਼ਾਬ ਲਈ ਉੱਠਣਾ ਪਿਆ ਜਦੋਂ ਮੈਂ ਬਿਸਤਰੇ ਹੇਠਲੇ ਭਾਂਡੇ ਵਿਚ ਅਜਿਹੀ ਕੋਈ ਨਿਸ਼ਾਨੀ ਛੱਡਣ ਦੀ ਸ਼ਰਮਿੰਦਗੀ ਤੋਂ ਬਚਣਾ ਚਾਹੁੰਦਾ ਸਾਂ । ਆਖ਼ਿਰਕਾਰ ਮੈਂ ਖਿੜਕੀ 'ਤੇ ਚੜ੍ਹ ਗਿਆ ਤੇ ਆਪਣੀ ਸਾਰੀ ਤਕਲੀਫ਼ ਹਨੇਰੇ ਨੂੰ ਸੌਂਪ ਦਿੱਤੀ। ਅਗਲੀ ਸਵੇਰ ਮੈਂ ਆਪਣੇ ਰਾਤ ਵਾਲੇ ਕੰਮ ਦੇ ਪ੍ਰਭਾਵ ਦੇਖਣ ਲਈ ਬਾਹਰ ਝਾਕਿਆ। ਉੱਥੇ ਦੋ ਮੀਟਰ ਹੇਠਾਂ ਟੀਨ ਦੀ ਇਕ ਚਾਦਰ ਉੱਪਰ ਧੁੱਪ ਕੁਝ ਗਿੱਲੇ ਧੱਬਿਆਂ ਨੂੰ ਸੁਕਾ ਰਹੀ ਸੀ । ਇਹ ਪ੍ਰਭਾਵਸ਼ਾਲੀ ਤਮਾਸ਼ੇ ਵਾਂਗ ਸੀ। ਅਸੀਂ ਤੇਜ਼ੀ ਨਾਲ ਉੱਥੋਂ ਨਿਕਲ ਗਏ।
–––––––––––––––––––
1941 ਮਾਡਲ ਦਾ ਮੋਟਰ ਸਾਈਕਲ ਜਿਸ ਉਪਰ ਇਹ ਯਾਤਰਾ ਸ਼ੁਰੂ ਹੋਈ ਸੀ।