

ਪਹਿਲੀ ਨਜ਼ਰੇ ਭਾਵੇਂ ਇਹ ਦੁਰਘਟਨਾ ਛੋਟੀ ਜਿਹੀ ਦਿਖਾਈ ਦੇ ਰਹੀ ਸੀ, ਪਰ ਛੇਤੀ ਹੀ ਸਪਸ਼ਟ ਹੋ ਗਿਆ ਕਿ ਅਸੀਂ ਨੁਕਸਾਨ ਨੂੰ ਘੱਟ ਕਰਕੇ ਦੇਖ ਰਹੇ ਸਾਂ। ਪਹਾੜ 'ਤੇ ਚੜ੍ਹਦਿਆਂ ਮੋਟਰਸਾਈਕਲ ਅਜੀਬ ਤਰ੍ਹਾਂ ਪੇਸ਼ ਆ ਰਹੀ ਸੀ। ਮਲੈਕੋ ਦੇ ਸਿਖਰ 'ਤੇ ਆ ਕੇ, ਜਿੱਥੇ ਚਿੱਲੀ ਵਾਲਿਆਂ ਨੇ ਅਮਰੀਕਾ ਦਾ ਸਭ ਤੋਂ ਉੱਚਾ ਰੇਲ ਮਾਰਗ ਵਿਛਾਇਆ ਹੈ, ਮੋਟਰਸਾਈਕਲ ਨੇ ਬਿਲਕੁਲ ਜਵਾਬ ਦੇ ਦਿੱਤਾ ਸੀ । ਪੂਰਾ ਦਿਨ ਅਸੀਂ ਕਿਸੇ ਦਾਨੀ ਆਤਮਾ ਨੂੰ ਉਡੀਕਦੇ ਰਹੇ, ਜੋ ਸਾਡਾ ਬੋਝ ਟਰੱਕ ਵਿਚ ਲੱਦ ਕੇ ਲਿਜਾ ਸਕੇ। ਉਸ ਰਾਤ ਅਸੀਂ ਕੁਲੀਪੁਲੀ ਸ਼ਹਿਰ ਵਿਚ ਸੁੱਤੇ ਅਤੇ ਲਿਫਟ ਮਿਲਣ ਦੀ ਇੱਛਾ ਨਾਲ ਜਲਦੀ ਚੱਲ ਪਏ। ਇਕ ਅਨਜਾਣਿਆ ਡਰ ਸਾਡੇ ਵਜੂਦ 'ਤੇ ਛਾਇਆ ਹੋਇਆ ਸੀ । ਪਹਾੜੀ ਸੜਕ ਦੀਆਂ ਕਈ ਢਲਾਨਾਂ ਵਿੱਚੋਂ ਪਹਿਲੀ 'ਤੇ ਹੀ ਲਾ ਪੇਦਰੋਸਾ ਨੂੰ ਆਖ਼ਿਰਕਾਰ ਪਨਾਹ ਮਿਲ ਗਈ। ਇਕ ਟਰੱਕ ਸਾਨੂੰ ਲਾਸ ਏਂਜਲਸ ਤੱਕ ਲੈ ਗਿਆ, ਜਿੱਥੇ ਅਸੀਂ ਸਵਾਰੀ ਨੂੰ ਇਕ ਫਾਇਰ ਸਟੇਸ਼ਨ 'ਤੇ ਛੱਡ ਦਿੱਤਾ। ਅਸੀਂ ਚਿੱਲੀ ਦੀ ਫੌਜ ਦੇ ਇਕ ਲੈਫਟੀਨੈਂਟ ਦੇ ਘਰ ਸੁੱਤੇ, ਜੋ ਸਾਡੇ ਦੇਸ਼ ਅਰਜਨਟੀਨਾ ਵਿਚ ਮਿਲੇ ਚੰਗੇ ਵਿਹਾਰ ਕਾਰਨ ਬਹੁਤ ਧੰਨਵਾਦੀ ਦਿਖਾਈ ਦਿੱਤਾ। ਸਾਨੂੰ ਖ਼ੁਸ਼ ਕਰਨ ਲਈ ਉਹ ਤਾਂ ਵੀ ਬਹੁਤ ਕੁਝ ਨਹੀਂ ਕਰ ਸਕਿਆ। ਮੋਟਰ 'ਤੇ ਸਵਾਰ ਸਾਡੇ ਚਿੱਤੜਾਂ ਲਈ ਇਹ ਆਖ਼ਰੀ ਦਿਨ ਸੀ । ਅਗਲਾ ਪੜਾਅ ਮੋਟਰ ਤੋਂ ਬਗੈਰ ਚਿੱਤੜਾਂ ਲਈ ਬੇਹੱਦ ਮੁਸ਼ਕਿਲ ਹੋਣ ਵਾਲਾ ਸੀ।
-0-