ਸਾਨੂੰ ਚਿੱਲੀਅਨ ਤਰਜ਼ ਦੇ ਭੋਜਨ ਲਈ ਸੱਦਾ ਦਿੱਤਾ। ਫਿਰ ਤਾਂ ਬਸ ਇਹੀ ਕੁਝ ਹੋਇਆ "ਥੋੜਾ ਜਿਹਾ ਪੱਟ ਦਾ ਮਾਸ ਲਓ"
, "ਥੋੜ੍ਹਾ ਪਨੀਰ ਦੇਖੋ", "ਥੋੜ੍ਹੀ ਜਿਹੀ ਤਾਂ ਹੋਰ ਪੀਓ" ਅਤੇ ਇਸ ਤੋਂ ਬਾਦ ਜੇਕਰ ਤੁਸੀਂ ਉੱਠ ਸਕੋ ਤਾਂ ਉੱਠਣ 'ਤੇ ਤੁਹਾਡੀ ਛਾਤੀ ਦੀਆਂ ਨਸਾਂ ਪੂਰੀ ਤਰ੍ਹਾਂ ਤਣ ਜਾਂਦੀਆਂ ਹਨ। ਅਗਲੇ ਦਿਨ ਅਸੀਂ ਸ਼ਹਿਰ ਦੇ ਵਿਚਕਾਰਲੀ ਪਹਾੜੀ ਚਟਾਨ ਸਾਂਤਾ ਲੂਸੀਆ 'ਤੇ ਚੜ੍ਹਨ ਗਏ। ਇਸ ਦਾ ਇਕ ਵਿਲੱਖਣ ਇਤਿਹਾਸ ਹੈ। ਅਸੀਂ ਇੱਥੇ ਫੋਟੋਆਂ ਖਿੱਚਣ ਦੇ ਕੰਮ ਨੂੰ ਸਿਰੇ ਚੜ੍ਹਾ ਰਹੇ ਸਾਂ ਕਿ ਸੁਕੂਈਆ ਟੀਮ ਦੇ ਮੈਂਬਰ ਆ ਪਹੁੰਚੇ। ਉਨ੍ਹਾਂ ਨਾਲ ਸਥਾਨਕ ਕਲੱਬ ਦੇ ਕੁਝ ਦਿਲਕਸ਼ ਲੋਕ ਵੀ ਸਨ। ਉਨ੍ਹਾਂ ਨੇ ਸਾਨੂੰ ਬਾਦ ਵਿਚ ਦੱਸਿਆ ਕਿ ਉਹ ਇਸ ਗੱਲੋਂ ਕਾਫ਼ੀ ਸ਼ਰਮਿੰਦਾ ਸਨ ਕਿ ਉਹ ਸਾਡਾ ਤੁਆਰਫ਼ 'ਚਿੱਲੀ ਦੇ ਸਮਾਜ ਦੀਆਂ ਖ਼ਾਸ ਔਰਤਾਂ' ਨਾਲ ਕਰਾਉਣ ਜਾਂ ਨਾ, ਜਿਹਾ ਕਿ ਅੰਤ ਵਿਚ ਉਨ੍ਹਾਂ ਕੀਤਾ। ਜਾਂ ਫਿਰ ਉਹ ਸੋਚਦੇ ਸਨ ਕਿ ਕੀ ਉਹ ਸਾਡੇ ਬਾਰੇ ਗੁੰਗੇ ਬਣੇ ਰਹਿਣ ਤੇ ਇਸ ਤਰ੍ਹਾਂ ਦਰਸਾਉਣ ਕਿ ਉਹ ਸਾਨੂੰ ਜਾਣਦੇ ਹੀ ਨਹੀਂ (ਸਾਡੇ ਗੈਰ ਰਵਾਇਤੀ ਕੱਪੜਿਆਂ ਬਾਰੇ ਤਾਂ ਯਾਦ ਹੈ ਨਾ ?) ਪਰ ਉਨ੍ਹਾਂ ਨੇ ਇਸ ਤੰਗੀ ਦਾ ਬੜੀ ਮੁਹਾਰਤ ਨਾਲ ਸਾਮ੍ਹਣਾ ਕੀਤਾ ਤੇ ਦੋਸਤਾਨਾ ਤਰੀਕੇ ਨਾਲ ਪੇਸ਼ ਆਏ। ਏਨੇ ਦੋਸਤਾਨਾ ਤਰੀਕੇ ਨਾਲ ਜਿੰਨਾ ਕਿ ਦੁਨੀਆਂ ਦੇ ਦੋ ਵਿਭਿੰਨ ਹਿੱਸਿਆਂ ਤੋਂ ਆਏ ਲੋਕਾਂ ਵਿਚਕਾਰ ਹੋ ਸਕਦਾ ਸੀ।
ਆਖ਼ਿਰਕਾਰ ਮਹੱਤਵਪੂਰਨ ਦਿਨ ਆ ਹੀ ਗਿਆ। ਪ੍ਰਤੀਕਾਤਮਕ ਤੌਰ 'ਤੇ ਦੋ ਹੰਝੂ ਅਲਬਰਟੋ ਦੀਆਂ ਗੱਲ੍ਹਾਂ 'ਤੇ ਵਹਿ ਤੁਰੇ। ਲਾ ਪੇਦਰੋਸਾ ਨੂੰ ਆਖਰੀ ਵਿਦਾ ਕਹਿੰਦਿਆਂ ਗੈਰਾਜ ਵਿਚ ਹੀ ਛੱਡ ਦਿੱਤਾ ਗਿਆ। ਅਸੀਂ ਵੇਲਪਰੇਸੋ ਲਈ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ। ਅਸੀਂ ਖੂਬਸੂਰਤ ਪਹਾੜੀ ਰਸਤਿਆਂ ਥਾਣੀ ਜਾ ਰਹੇ ਸਾਂ । ਸਭ ਤੋਂ ਸੁੰਦਰ ਸਭਿਅਤਾ ਦੀ ਤੁਲਨਾ ਅਸਲੀ ਕੁਦਰਤੀ ਅਜੂਬਿਆਂ ਨਾਲ ਕੀਤੀ ਜਾ ਸਕਦੀ ਹੈ (ਜੋ ਮਨੁੱਖੀ ਤਬਾਹੀ ਤੋਂ ਬਚੇ ਹੋਏ ਹੋਣ)। ਅਸੀਂ ਉਸ ਟਰੱਕ 'ਤੇ ਸਵਾਰ ਸਾਂ, ਜਿਸ 'ਤੇ ਸਾਡੇ ਵਰਗੀਆਂ ਮੁਫ਼ਤ ਸਵਾਰੀਆਂ ਦਾ ਭਾਰਾ ਬੋਝ ਲੱਦਿਆ ਹੋਇਆ ਸੀ।