ਸੱਚ ਇਹੀ ਸੀ ਕਿ ਅਸੀਂ ਇਸ ਬਾਰੇ ਕੁਝ ਵੀ ਨਹੀਂ ਸੀ ਸੋਚਿਆ। ਉਸਨੇ ਜਹਾਜ਼ ਦੇ ਠੇਕੇਦਾਰ ਨੂੰ ਬੁਲਾ ਕੇ ਸਾਨੂੰ ਕੋਈ ਕੰਮ ਤੇ ਕੁਝ ਖਾਣ ਲਈ ਦੇਣ ਦਾ ਹੁਕਮ ਦਿੱਤਾ। ਅਸੀਂ ਝੱਟ ਆਪਣਾ ਰਾਸ਼ਨ ਚੱਟਮ ਕਰ ਗਏ ਪਰ ਜਦੋਂ ਪਤਾ ਚੱਲਿਆ ਕਿ ਮੈਨੂੰ ਸਾਂਝੇ ਟੱਟੀਖਾਨੇ ਦੀ ਸਫ਼ਾਈ ਕਰਨੀ ਪਵੇਗੀ ਤਾਂ ਖਾਣਾ ਮੇਰੇ ਸੰਘ ਵਿਚ ਹੀ ਅਟਕ ਗਿਆ। ਜਿਵੇਂ ਹੀ ਸਹੁੰ ਚੁੱਕਣ ਵਾਲਿਆਂ ਵਾਂਗ ਮੈਂ ਬੁੱਲ੍ਹ ਮੀਟੀ ਥੱਲ੍ਹੇ ਗਿਆ ਅਲਬਰਟੋ ਦੀ ਮਨੋਰੰਜਕ ਛਵੀ ਦਿਖਾਈ ਦਿੱਤੀ ਜਿਸਨੂੰ ਆਲੂ ਛਿੱਲਣ ਦਾ ਕੰਮ ਸੌਂਪਿਆ ਗਿਆ ਸੀ । ਮੈਂ ਸਵੀਕਾਰ ਕਰਦਾਂ ਕਿ ਮੈਂ ਮਿੱਤਰਤਾ ਬਾਰੇ ਲਿਖੇ ਸਾਰੇ ਕਾਇਦਿਆਂ ਨੂੰ ਭੁੱਲ ਕੇ ਕੰਮਾਂ ਦੀ ਅਦਲਾ- ਬਦਲੀ ਦੀ ਬੇਨਤੀ ਕੀਤੀ। ਪਰ ਇੱਥੇ ਵੀ ਕੋਈ ਇਨਸਾਫ਼ ਨਹੀਂ ਹੋਇਆ, ਉਸਨੇ ਗੰਦਗੀ ਦੇ ਅੰਬਾਰ ਵਿਚ ਕਾਫ਼ੀ ਵਾਧਾ ਕੀਤਾ ਤੇ ਮੈਂ ਉਸਨੂੰ ਸਾਫ਼ ਕੀਤਾ।
ਪੂਰੀ ਰੂਹ ਨਾਲ ਸਾਡੇ ਕੰਮ ਖ਼ਤਮ ਹੋਣ ਤੋਂ ਬਾਦ ਕਪਤਾਨ ਨੇ ਸਾਨੂੰ ਦੁਬਾਰਾ ਤਲਬ ਕੀਤਾ। ਉਸਨੇ ਤਜਵੀਜ਼ ਦਿੱਤੀ ਕਿ ਅਸੀਂ ਆਪਣੀ ਪਿਛਲੀ ਮੁਲਾਕਾਤ ਬਾਰੇ ਕਿਸੇ ਨੂੰ ਕੁਝ ਨਹੀਂ ਕਹਾਂਗੇ ਤੇ ਇੰਜ ਉਹ ਪੱਕਾ ਕਰੇਗਾ ਕਿ ਬੇੜੇ ਦੇ ਐਥੋਫਗਾਸਟਾ ਪਹੁੰਚਣ 'ਤੇ ਸਾਡੇ ਨਾਲ ਕੁਝ ਨਾ ਵਾਪਰੇ। ਉਸਨੇ ਸਾਨੂੰ ਛੁੱਟੀ ’ਤੇ ਗਏ ਕਿਸੇ ਅਧਿਕਾਰੀ ਦੇ ਕਮਰੇ ਵਿਚ ਸੌਣ ਦਿੱਤਾ ਤੇ ਉਸੇ ਰਾਤ ਕਾਨਾਸਟਾ ਖੇਡਣ ਤੇ ਇਕ ਦੋ ਜਾਮ ਪੀਣ ਲਈ ਸੱਦਾ ਦਿੱਤਾ। ਇਕ ਦੁਬਾਰਾ ਜਵਾਨ ਕਰਨ ਵਾਲੀ ਨੀਂਦ ਤੋਂ ਬਾਦ ਅਸੀਂ ਇਸ ਵਾਕ ਨੂੰ ਅਮਲ ਵਿਚ ਸਵੀਕਾਰ ਕਰਦੇ ਹੋਏ ਕਿ, "ਨਵੇਂ ਝਾੜੂ ਸਫ਼ਾਈ ਨਾਲ ਸੰਭਰਦੇ ਹਨ" ਉੱਠ ਪਏ। ਅਸੀਂ ਆਪਣੀ ਯਾਤਰਾ ਦਾ ਮੁੱਲ ਤਾਰਨ ਲਈ ਵਧੇਰੇ ਈਮਾਨਦਾਰੀ ਅਤੇ ਸਮਰਪਣ ਨਾਲ ਕੰਮ ਵਿਚ ਜੁੱਟ ਪਏ। ਹਾਲਾਂਕਿ ਦਿਨ ਦੇ ਅੱਧ ਵਿਚ ਜਾ ਕੇ ਅਸੀਂ ਮਹਿਸੂਸ ਕੀਤਾ ਕਿ ਲੋੜ ਤੋਂ ਵਾਧੂ ਕੰਮ ਕਰ ਰਹੇ ਹਾਂ ਅਤੇ ਸ਼ਾਮ ਤੱਕ ਅਸੀਂ ਚੰਗੀ ਤਰ੍ਹਾਂ ਮਹਿਸੂਸ ਕਰ ਲਿਆ ਕਿ ਇੱਥੇ ਸਭ ਤੋਂ ਖ਼ਰੇ ਲੋਕਾਂ ਦੀ ਜੋੜੀ ਹਾਂ । ਸਾਨੂੰ ਲੱਗਿਆ ਸਾਨੂੰ ਰੱਜ ਕੇ ਸੌਣਾ ਚਾਹੀਦਾ ਹੈ ਤਾਂ ਕਿ ਅਸੀਂ ਆਉਣ ਵਾਲੇ ਦਿਨ ਵਿਚ ਭਰਪੂਰ ਕੰਮ ਲਈ ਤਿਆਰ ਹੋ ਜਾਈਏ। ਅਸੀਂ ਆਪਣੇ ਗੰਦੇ ਕੱਪੜਿਆਂ ਦੀ ਧੁਆਈ ਬਾਰੇ ਧਿਆਨ ਨਹੀਂ ਦੇ ਸਕੇ । ਕਪਤਾਨ ਨੇ ਦੁਬਾਰਾ ਸਾਨੂੰ ਪੱਤੇ ਖੇਡਣ ਲਈ ਬੁਲਾ ਕੇ ਸਾਡੀਆਂ ਚੰਗੀਆਂ ਇੱਛਾਵਾਂ ਨੂੰ ਮਾਰ ਦਿੱਤਾ।
ਜਹਾਜ਼ ਦਾ ਠੇਕੇਦਾਰ ਕਾਫ਼ੀ ਖੁਸ਼ਕ ਬੰਦਾ ਸੀ। ਉਸਨੇ ਸਾਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਉੱਪਰ ਲਿਜਾਣ ਵਿਚ ਕਰੀਬ ਇਕ ਘੰਟਾ ਲਾ ਦਿੱਤਾ। ਮੇਰਾ ਕੰਮ ਮਿੱਟੀ ਦੇ ਤੇਲ ਨਾਲ ਜਹਾਜ਼ ਦੇ ਡੈੱਕ ਦੀ ਸਫਾਈ ਕਰਨਾ ਸੀ। ਇਹ ਐਸਾ ਕੰਮ ਸੀ ਜਿਸ ਵਿਚ ਮੈਂ