ਕਾਨਾਸਟਾ ਦੀ ਥਕਾ ਦੇਣ ਵਾਲੀ ਖੇਡ ਤੋਂ ਬਾਦ ਰਾਤ ਨੂੰ ਅਸੀਂ ਸਫੈਦ ਧੱਬਿਆਂ ਅਤੇ ਹਰੇ ਪ੍ਰਤੀਬਿੰਬਾਂ ਵਾਲੇ ਸਮੁੰਦਰ ਨੂੰ ਦੇਖ ਸਕੇ। ਅਸੀਂ ਦੋਵੇਂ ਜੰਗਲੇ 'ਤੇ ਕੋਲ ਕੋਲ ਖੜੇ ਸਾਂ, ਪਰ ਇਕ ਦੂਸਰੇ ਤੋਂ ਬਹੁਤ ਦੂਰ ਸਾਂ । ਆਪਣੇ-ਆਪਣੇ ਖਿਆਲਾਂ 'ਤੇ ਸਵਾਰ ਹੋ ਕੇ ਇੱਕੋ ਵਾਯੂਮੰਡਲ ਵਿਚ ਉੱਡਦੇ। ਤਦ ਸਾਨੂੰ ਯਾਦ ਆਇਆ ਕਿ ਸਾਡਾ ਕਿੱਤਾ, ਸਾਡਾ ਅਸਲ ਕਿੱਤਾ ਦੁਨੀਆਂ ਦੇ ਸਮੁੰਦਰਾਂ ਅਤੇ ਧਰਤੀਆਂ ਦੀ ਅਟੱਲਤਾ ਨਾਲ ਜੁੜਿਆ ਹੋਇਆ ਹੈ। ਹਮੇਸ਼ਾ ਜਗਿਆਸੂ, ਜੋ ਵੀ ਸਾਹਮਣੇ ਆਉਂਦਾ ਉਸਨੂੰ ਦੇਖਦੇ ਅਤੇ ਹਰ ਕੋਨੇ ਨੂੰ ਸੁੰਘਦੇ । ਪਰ ਹਲਕੇ ਜਿਹੇ ਤਰੀਕੇ ਨਾਲ। ਕਿਸੇ ਵੀ ਥਾਂ ਤੇ ਜੜ੍ਹਾਂ ਨਹੀਂ ਜਮਾਉਂਦੇ, ਨਾ ਹੀ ਜ਼ਿਆਦਾ ਦੇਰ ਰੁਕਦੇ ਹਾਂ, ਚੀਜ਼ਾਂ ਨੂੰ ਗਹਿਰਾਈ ਵਿਚ ਸਮਝਣ ਲਈ। ਸਾਡੀ ਗੱਲਬਾਤ ਦੀਆਂ ਸਾਰੀਆਂ ਭਾਵਨਾਵਾਂ ਨੂੰ ਸਮੁੰਦਰ ਪ੍ਰੇਰਿਤ ਕਰ ਰਿਹਾ ਸੀ। ਉੱਤਰ-ਪੂਰਬ ਵੱਲ ਕੁਝ ਹੀ ਦੂਰੀ 'ਤੇ ਐਥੋਂਫਗਾਸਟਾ ਦੀਆਂ ਬੱਤੀਆਂ ਦਿਸਣੀਆਂ ਸ਼ੁਰੂ ਹੋ ਗਈਆਂ ਸਨ। ਇਹ ਸਾਡੀ ਬੇਟਿਕਟੀ ਯਾਤਰਾ ਦੇ ਰੁਮਾਂਚ ਦੀ ਸਮਾਪਤੀ ਸੀ । ਜਾਂ ਇਸ ਤੌਖ਼ਲੇ ਦਾ ਅੰਤ ਸੀ ਕਿ ਸਾਡੀ ਕਿਸ਼ਤੀ ਕਿਤੇ ਵੈਲਪਰੇਸੋ ਨੂੰ ਵਾਪਸ ਤਾਂ ਨਹੀਂ ਮੁੜ ਰਹੀ।
-0-