ਚਿੱਲੀ ਯਾਤਰਾ ਦੀ ਸਮਾਪਤੀ
ਆਇਕਨ ਅਤੇ ਐਰੀਕਾ ਵਿਚਕਾਰ ਮੀਲਾਂ ਲੰਮਾ ਰਸਤਾ ਪੂਰਾ ਸਮਾਂ ਚੜ੍ਹਾਈਆਂ ਤੇ ਉਤਰਾਈਆਂ ਵਾਲਾ ਸੀ। ਅਸੀਂ ਉਜਾੜ ਪਠਾਰਾਂ ਤੋਂ ਚੱਲੇ ਅਤੇ ਵਾਦੀਆਂ ਵੱਲ ਜਾ ਰਹੇ ਸਾਂ। ਪੂਰੇ ਰਸਤੇ ਦੇ ਨਾਲ-ਨਾਲ ਪਾਣੀ ਦੀ ਇਕ ਪਤਲੀ ਧਾਰਾ ਵਹਿ ਰਹੀ ਸੀ। ਕਿਨਾਰਿਆਂ 'ਤੇ ਉੱਗੀਆਂ ਝਾੜੀਆਂ ਤੇ ਛੋਟੇ ਪੌਦਿਆਂ ਲਈ ਇਸਦਾ ਪਾਣੀ ਕਾਫ਼ੀ ਸੀ । ਸਾਰਾ ਦਿਨ ਇੱਥੋਂ ਦੇ ਉਜਾੜ ਮੈਦਾਨ ਭਾਰੀ ਗਰਮੀ ਪੈਦਾ ਕਰਦੇ ਹਨ । ਪਰ ਸਾਰੇ ਮਾਰੂਥਲਾਂ ਵਾਂਗ ਰਾਤ ਦਾ ਮੌਸਮ ਕੁਝ ਠੰਢਾ ਹੋ ਜਾਂਦਾ ਹੈ। ਇਸ ਵਿਚਾਰ ਨੇ ਸਾਡੇ ਉੱਪਰ ਡੂੰਘਾ ਪ੍ਰਭਾਵ ਪਾਇਆ ਕਿ ਰਾਹ ਵਿਚ ਵੈਲਡੀਵੀਆ ਆਉਂਦਾ ਹੈ ਜਿੱਥੋਂ ਦੇ ਮੁੱਠੀ ਭਰ ਲੋਕ ਪਾਣੀ ਦੀ ਤਲਾਸ਼ ਵਿਚ ਬਿਨਾਂ ਰੁਕੇ ਰੋਜ਼ਾਨਾ 50-60 ਕਿਲੋਮੀਟਰ ਤੁਰਦੇ ਹਨ। ਦਿਨ ਦੇ ਸਭ ਤੋਂ ਗਰਮ ਪਲਾਂ ਵਿਚ ਇਹ ਲੋਕ ਝਾੜੀਆਂ ਦੀ ਛਾਵੇਂ ਪਨਾਹ ਲੈਂਦੇ ਹਨ । ਬਾਸ਼ਿੰਦਿਆਂ ਬਾਰੇ ਇਹ ਜਾਣਕਾਰੀ ਉਨ੍ਹਾਂ ਧਾੜਵੀਆਂ ਨੇ ਫੈਲਾਈ ਜਿਹੜੇ ਸਪੇਨੀ ਬਸਤੀਵਾਦੀਆਂ ਦੇ ਰੂਪ ਵਿਚ ਵੈਲਡੀਵੀਆ ਨੂੰ ਕੁਚਲਣ ਲਈ ਆਏ ਸਨ। ਇਹ ਬਿਨਾਂ ਸ਼ੱਕ ਅਮਰੀਕੀ ਇਤਿਹਾਸ ਦੇ ਉੱਚਤਮ ਧਾੜਵੀ ਸਨ, ਜਿਨ੍ਹਾਂ ਨੇ ਅਮੀਰ ਰਿਆਸਤਾਂ ਦੀ ਖੋਜ ਕੀਤੀ ਤੇ ਆਪਣੀਆਂ ਦਲੇਰਾਨਾ ਜੰਗਾਂ ਖਤਮ ਕਰਕੇ ਇੱਥੋਂ ਦੇ ਪਸੀਨੇ ਨੂੰ ਸੋਨੇ ਵਿਚ ਬਦਲ ਲਿਆ ਸੀ।
ਵੈਲਡੀਵੀਆ ਦੀਆਂ ਕਾਰਵਾਈਆਂ ਧਰਤੀਆਂ 'ਤੇ ਕਾਬਜ਼ ਹੋਣ ਦੀ ਮਨੁੱਖ ਦੀ ਅਤ੍ਰਿਪਤ ਇੱਛਾ ਦਾ ਪ੍ਰਤੀਕ ਹਨ। ਕਿਵੇਂ ਉਹ ਕਬਜ਼ਾ ਕਰਨ ਲਈ ਆਪਣੀ ਸਾਰੀ ਤਾਕਤ ਦੀ ਵਰਤੋਂ ਕਰ ਸਕੇ। ਇਕ ਕਹਾਵਤ ਸੀਜ਼ਰ ਦੀ ਵਿਸ਼ੇਸ਼ਤਾ ਪ੍ਰਗਟਾਉਂਦੀ ਹੈ। ਇਸ ਵਿਚ ਦੱਸਿਆ ਹੈ ਕਿ ਉਹ ਰੋਮ ਦੇ ਦੂਜੇ ਦਰਜੇ ਦੇ ਨਿਮਰ ਅਧਿਕਾਰੀ ਹੋਣ ਨਾਲੋਂ ਪਹਿਲੇ ਦਰਜੇ ਦਾ ਅਧਿਕਾਰੀ ਹੋਣਾ ਪਸੰਦ ਕਰੇਗਾ। ਇਹ ਮੁਹਾਵਰਾ ਘੱਟ ਹੰਕਾਰ ਪਰ ਵੱਧ ਪ੍ਰਭਾਵਸ਼ਾਲੀ ਤਰੀਕੇ ਨਾਲ ਚਿੱਲੀ ਦੀਆਂ ਮੁਹਿੰਮਾਂ ਵਿਚ ਦੁਹਰਾਇਆ ਗਿਆ। ਜੇਕਰ ਹਮਲਾਵਰਾਂ ਨੂੰ ਕਿਤੇ ਅਰਾਕਾਨੀ ਕਾਊਪੋਲਿਕਨ* ਹੱਥੋਂ ਫਾਹੇ ਵੀ ਲੱਗਣਾ ਪਿਆ ਤਾਂ ਵੀ ਉਹ ਸ਼ਿਕਾਰੀ ਜਾਨਵਰ ਵਾਂਗ ਰੋਹ ਵਿਚ ਨਹੀਂ ਆਏ। ਮੈਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਮੁਲੰਕਣ ਕਰਦਿਆਂ ਕੋਈ ਸ਼ੱਕ ਨਹੀਂ, ਵੈਲਡੀਵੀਆ ਮਹਿਸੂਸ ਕਰਦਾ ਹੋਵੇਗਾ ਕਿ ਉਸਦੀ ਮੌਤ ਬਿਲਕੁਲ ਸਹੀ ਹੈ। ਉਹ ਮਨੁੱਖਾਂ ਦੀ ਵਿਸ਼ੇਸ਼ ਜਮਾਤ ਨਾਲ ਸੰਬੰਧਤ ਸਨ, ਅਜਿਹੀ ਪ੍ਰਜਾਤੀ ਨਾਲ ਸੰਬੰਧਿਤ ਜਿਸ ਵਿਚ ਅਸੀਮਤ ਤਾਕਤ ਪ੍ਰਾਪਤ ਕਰਨ ਦੀ ਤੀਬਰ ਇੱਛਾ ਹੁੰਦੀ ਹੈ। ਇਸ ਇੱਛਾ ਲਈ ਉਨ੍ਹਾਂ ਨੂੰ ਹਰ ਤਕਲੀਫ਼ ਕੁਦਰਤੀ ਲਗਦੀ ਹੈ। ਇੰਜ ਹੀ ਉਹ ਇਕ ਲੜਾਕੂ ਦੇਸ਼ ਦੇ ਸ਼ਾਸਕ ਬਣੇ ਸਨ।
––––––––––––––––––
ਕਾਊਪੋਲਿਕਨ (ਮੌਤ 1558) ਮਾਪੁਚੇ ਪ੍ਰਮੁੱਖ ਅਤੇ ਚਿੱਲੀ 'ਤੇ ਹਮਲਾ ਕਰਨ ਵਾਲੇ ਬਸਤੀਵਾਦੀਆਂ ਵਿਰੁੱਧ ਲੜਨ ਵਾਲਾ ਨੇਤਾ।