ਐਰਿਕਾ ਛੋਟਾ ਜਿਹਾ ਪਿਆਰਾ ਬੰਦਰਗਾਹ ਹੈ। ਇੱਥੋਂ ਇਸਦੇ ਪੁਰਾਣੇ ਮਾਲਕ ਪੇਰੂ ਦੀਆਂ ਯਾਦਾਂ ਅਜੇ ਮਿਟੀਆਂ ਨਹੀਂ। ਇਹ ਦੋ ਦੇਸ਼ਾਂ ਦਾ ਮਿਲਨ ਬਿੰਦੂ ਵੀ ਹੈ। ਸੋ ਭੂਗੋਲਿਕ ਸਮੀਪਤਾ ਤੇ ਸਾਂਝੇ ਅਤੀਤ ਦੇ ਬਾਵਜੂਦ ਭਿੰਨ ਹੈ। ਇੱਥੇ ਦਾ ਟਿੱਲਾ ਜੋ ਕਸਬੇ ਦਾ ਗੋਰਵ ਹੈ 100 ਮੀਟਰ ਸਿੱਧੀ ਪੜ੍ਹੀ ਚਟਾਨ ਹੈ। ਖਜੂਰ ਦੇ ਰੁੱਖ, ਗਰਮੀ ਅਤੇ ਬਾਜ਼ਾਰ ਵਿਚ ਵਿਕਦੇ ਖ਼ੁਸ਼ਕ ਮੇਵੇ ਇਸ ਸ਼ਹਿਰ ਨੂੰ ਇਕ ਕੈਰੇਬੀਅਨ ਸ਼ਹਿਰ ਵਰਗੀ ਦਿੱਖ ਪ੍ਰਦਾਨ ਕਰਦੇ ਹਨ ਜੋ ਇੱਥੋਂ ਦੇ ਹੋਰ ਦੱਖਣੀ ਸ਼ਹਿਰਾਂ ਤੋਂ ਬਿਲਕੁਲ ਵੱਖਰੇ ਸੁਭਾਅ ਵਾਲਾ ਹੈ।
ਇੱਥੇ ਇਕ ਡਾਕਟਰ ਨੇ ਸਾਡੀ ਉਸੇ ਤਰ੍ਹਾਂ ਬੇਇਜ਼ਤੀ ਕੀਤੀ ਜਿਵੇਂ ਕੋਈ ਸਥਾਪਿਤ ਅਤੇ ਆਰਥਿਕ ਰੂਪ ਵਿਚ ਮਜ਼ਬੂਤ ਬੁਰਜੂਆ, ਘੁਮੱਕੜਾਂ ਦੀ ਉਪਾਧੀ ਰੱਖਣ ਵਾਲਿਆਂ ਦੀ ਕਰ ਸਕਦਾ ਹੈ। ਇਸ ਦੇ ਬਾਵਜੂਦ ਉਸਨੇ ਸ਼ਹਿਰ ਦੇ ਹਸਪਤਾਲ ਵਿਚ ਸਾਨੂੰ ਸੌਣ ਦੀ ਆਗਿਆ ਦੇ ਦਿੱਤੀ। ਅਗਲੇ ਦਿਨ ਅਸੀਂ ਉਸ ਨਾ ਚਾਹੁਣ ਵਾਲੇ ਸਥਾਨ ਤੋਂ ਤੜਕੇ ਹੀ ਪੇਰੂ ਦੀ ਸਰਹੱਦ ਵੱਲ ਚਲ ਪਏ। ਇਸ ਤੋਂ ਪਹਿਲਾਂ ਅਸੀਂ ਪੈਸੇਫਿਕ ਸਾਗਰ ਨੂੰ ਸਾਬਣ ਤੇ ਹੋਰ ਚੀਜ਼ਾਂ ਸਮੇਤ ਨਹਾ ਕੇ ਅਲਵਿਦਾ ਕਹੀ। ਇਸ ਨਾਲ ਅਲਬਰਟੋ ਵਿਚ ਸਾਲਾਂ ਤੋਂ ਸੁੱਤੀ ਇਕ ਲਾਲਸਾ ਜਾਗ ਪਈ, ਸਮੁੰਦਰੀ ਭੋਜਨ ਖਾਣ ਦੀ ਲਾਲਸਾ। ਅਸੀਂ ਠਰੰਮੇ ਨਾਲ ਸਿੱਪੀਆਂ ਤੇ ਹੋਰ ਸਮੁੰਦਰੀ ਚੀਜ਼ਾਂ ਦੀ ਤਲਾਸ਼ ਕਰਨ ਲੱਗ ਪਏ। ਕੁਝ ਨਮਕੀਨ ਅਤੇ ਲਿਜਲਿਜੀਆਂ ਚੀਜ਼ਾਂ ਖਾਧੀਆਂ, ਪਰ ਇਸ ਨਾਲ ਨਾ ਸਾਡੀ ਭੁੱਖ ਮਿਟੀ ਅਤੇ ਨਾ ਹੀ ਅਲਬਰਟੋ ਦੀ ਲਾਲਸਾ ਸ਼ਾਂਤ ਹੋਈ। ਇਹ ਭੋਜਨ ਤਾਂ ਕਿਸੇ ਕੈਦੀ ਨੂੰ ਖੁਸ਼ ਕਰਨ ਯੋਗ ਵੀ ਨਹੀਂ ਸੀ। ਲਿਜਲਿਜੀਆਂ ਚੀਜ਼ਾਂ ਚਿੱਕੜ ਵਰਗੀਆਂ ਘਿਨੌਣੀਆਂ ਸਨ ਤੇ ਇਨ੍ਹਾਂ ਵਿਚ ਕੁਝ ਵੀ ਨਹੀਂ ਸੀ। ਸਭ ਬੇਕਾਰ ਸੀ।
ਪੁਲਿਸ ਥਾਣੇ ਤੋਂ ਖਾਣਾ ਖਾ ਕੇ ਅਸੀਂ ਮਿੱਥੇ ਸਮੇਂ 'ਤੇ ਚੱਲ ਪਏ। ਸਮੁੰਦਰ ਦੇ ਕਿਨਾਰੇ ਆਪਣੇ ਪੈਰਾਂ ਦੇ ਨਿਸ਼ਾਨ ਛੱਡਦੇ ਸੀਮਾ ਤੱਕ ਗਏ। ਖ਼ੈਰ । ਇਕ ਵੈਨ ਨੇ ਸਾਨੂੰ ਚੁੱਕਿਆ ਅਤੇ ਅਸੀਂ ਸੀਮਾ ਚੌਕੀ ਤਕ ਆਰਾਮ ਨਾਲ ਪਹੁੰਚ ਗਏ । ਸਾਨੂੰ ਇਕ ਕਸਟਮ ਅਧਿਕਾਰੀ ਮਿਲਿਆ ਜਿਸਨੇ ਕਦੇ ਅਰਜਨਟੀਨਾ ਦੀ ਸਰਹੱਦ 'ਤੇ ਕੰਮ ਕੀਤਾ ਸੀ। ਉਹ ਮੇਟ ਪੀਣ ਲਈ ਸਾਡੇ ਉਤਸ਼ਾਹ ਅਤੇ ਜਨੂੰਨ ਤੋਂ ਪ੍ਰਭਾਵਿਤ ਹੋਇਆ। ਉਸਨੇ ਸਾਨੂੰ ਗਰਮ ਪਾਣੀ ਤੇ ਕੁਝ ਬਿਸਕੁਟ ਦਿੱਤੇ ਅਤੇ ਸਭ ਤੋਂ ਚੰਗੀ ਗੱਲ ਟਾਕਨਾ ਤੱਕ ਸਾਡੇ ਲਈ ਸਵਾਰੀ ਲੱਭ ਦਿੱਤੀ। ਪੁਲਿਸ ਮੁਖੀ ਨੇ ਸਰਹੱਦ ਉੱਪਰ ਸਾਡਾ ਸ਼ਾਂਤੀਪੂਰਵਕ ਸਵਾਗਤ ਕੀਤਾ ਅਤੇ ਪੇਰੂ ਵਿਚਲੇ ਅਰਜਨਟੀਨੀ ਲੋਕਾਂ ਬਾਰੇ ਫੋਕੀਆਂ ਡੀਗਾਂ ਮਾਰਦਿਆਂ ਹੱਥ ਮਿਲਾਇਆ। ਅਸੀਂ ਚਿੱਲੀ ਦੀ ਧਰਤੀ ਦੀ ਸ਼ਾਨਦਾਰ ਮੇਜ਼ਬਾਨੀ ਨੂੰ ਵਿਦਾ ਆਖਿਆ।
-0-