ਸਵੇਰੇ ਛੇ ਵਜੇ ਅਸੀਂ ਸੜਕ ਕਿਨਾਰੇ ਦੋ ਝੌਂਪੜੀਆਂ ਦੇਖੀਆਂ ਜੋ ਤੜਕੇ ਦੀ ਭੂਰੀ ਰੌਸ਼ਨੀ ਵਿਚ ਸਪਸ਼ਟ ਨਜ਼ਰ ਆਈਆਂ। ਆਖਰੀ ਕੁਝ ਮੀਟਰ ਤਾਂ ਅਸੀਂ ਅੱਖ ਦੇ ਫੋਰ ਵਿਚ ਤੈਅ ਕਰ ਲਏ ਜਿਵੇਂ ਸਾਡੀ ਪਿੱਠ 'ਤੇ ਕੋਈ ਭਾਰ ਹੀ ਨਾ ਹੋਵੇ । ਇਸ ਤਰ੍ਹਾਂ ਲੱਗਿਆ ਜਿਵੇਂ ਐਸੇ ਦੋਸਤਾਨਾ ਭਾਵ ਨਾਲ ਕਦੇ ਸਾਡਾ ਸਵਾਗਤ ਹੋਇਆ ਹੀ ਨਾ ਹੋਵੇ ਨਾ ਹੀ ਅਸੀਂ ਕਦੇ ਇਸ ਤਰ੍ਹਾਂ ਦੀ ਰੋਟੀ ਤੇ ਪਨੀਰ ਖਾਧਾ ਸੀ ਜਿਸ ਤਰ੍ਹਾਂ ਦਾ ਉਨ੍ਹਾਂ ਸਾਨੂੰ ਵੇਚਿਆ। ਨਾ ਹੀ ਕਦੇ ਅਜਿਹੀ ਮੇਟ ਪੀਤੀ ਸੀ। ਅਸੀਂ ਉਨ੍ਹਾਂ ਸਾਦੇ ਲੋਕਾਂ ਲਈ ਦੇਵਤਿਆਂ ਵਾਂਗ ਸਾਂ । ਅਲਬਰਟੋ ਨੇ ਆਪਣੇ ਡਾਕਟਰੀ ਦੇ ਸਰਟੀਫਿਕੇਟ ਨਾਲ ਉਨ੍ਹਾਂ ਉੱਪਰ ਰੋਅਬ ਪਾਇਆ ਤੇ ਇਸ ਤੋਂ ਵੀ ਵਧੇਰੇ ਗੱਲ ਕਿ ਅਸੀਂ ਉਨ੍ਹਾਂ ਲਈ ਇਕ ਸ਼ਾਨਦਾਰ ਦੇਸ਼ ਅਰਜਨਟੀਨਾ ਤੋਂ ਆਏ ਸਾਂ, ਜਿੱਥੇ ਪੇਰੋਨ ਆਪਣੀ ਪਤਨੀ ਏਵੀਟਾ ਨਾਲ ਰਹਿੰਦਾ ਹੈ। ਜਿੱਥੋਂ ਦੇ ਗਰੀਬ ਲੋਕ ਵੀ ਅਮੀਰਾਂ ਵਾਂਗ ਰਹਿੰਦੇ ਹਨ। ਉੱਥੋਂ ਦੇ ਸਥਾਨਕ ਵਸਨੀਕਾਂ ਨਾਲ ਵੀ ਇਸ ਦੇਸ਼ ਵਾਂਗ ਗੁਲਾਮੀ ਵਾਲਾ ਵਿਹਾਰ ਨਹੀਂ ਕੀਤਾ ਜਾਂਦਾ। ਅਲਬਰਟੋ ਨੇ ਉਨ੍ਹਾਂ ਲੋਕਾਂ ਦੇ ਹਜ਼ਾਰਾਂ ਸਵਾਲਾਂ ਦਾ ਜਵਾਬ ਦਿੱਤਾ ਜੋ ਸਾਡੇ ਦੇਸ਼ ਤੇ ਉੱਥੋਂ ਦੀ ਤਰਜ਼ੇ-ਜ਼ਿੰਦਗੀ ਬਾਰੇ ਸਨ । ਰਾਤ ਦੀ ਠੰਢਕ ਸਾਡੀਆਂ ਹੱਡੀਆਂ ਦੀ ਗਹਿਰਾਈ ਵਿਚ ਪ੍ਰਵੇਸ਼ ਕਰ ਚੁੱਕੀ ਸੀ ਤੇ ਸਾਡੀ ਗੁਲਾਬੀ ਰੰਗ ਵਾਲੀ ਕਲਪਨਾ ਨੇ ਅਰਜਨਟੀਨਾ ਨੂੰ ਅਤੀਤ ਦੇ ਮਨਮੋਹਕ ਦੇਸ਼ ਵਿਚ ਤਬਦੀਲ ਕਰ ਦਿੱਤਾ ਸੀ। ਸਾਡੀਆਂ ਭਾਵਨਾਵਾਂ ਨੂੰ ਚੋਲਾਂ* ਦੀ ਸੰਕੋਚੀ ਦਿਆਲੂਤਾ ਨੇ ਸਿਖਰ 'ਤੇ ਪਹੁੰਚਾ ਦਿੱਤਾ ਸੀ। ਨੇੜੇ ਹੀ ਅਸੀਂ ਇੱਕ ਸੁੱਕੇ ਦਰਿਆ ਦੀ ਰੇਤ ਨੂੰ ਆਪਣਾ ਬਿਸਤਰ ਬਣਾਇਆ, ਉਸ ਉੱਪਰ ਆਪਣੇ ਕੰਬਲ ਵਿਛਾਏ ਅਤੇ ਚੜ੍ਹਦੇ ਸੂਰਜ ਦੀ ਪਲੋਸਦੀ ਰੌਸ਼ਨੀ ਵਿਚ ਆਰਾਮ ਨਾਲ ਸੁੱਤੇ।
12 ਵਜੇ ਅਸੀਂ ਦੁਬਾਰਾ ਚੱਲ ਪਏ। ਅਸੀਂ ਖੁਸ਼ ਸਾਂ, ਪਿਛਲੀ ਰਾਤ ਦੀਆਂ ਦੁਸ਼ਵਾਰੀਆਂ ਭੁਲਾ ਚੁੱਕੇ ਸਾਂ। ਬੁੱਢੇ ਵਿਜ਼ਕਾਜਾਦੀ ਸਲਾਹ ਮੰਨਦੇ ਹੋਏ ਅੱਗੇ ਵੱਲ
––––––––––––––––
* ਸਥਾਨਕ ਨਿਵਾਸੀ ਇੰਡੀਅਨ
** ਅਰਜਨਟੀਨੀ ਲੇਖਕ ਜੋਸ ਹਰਨਾਂਡੇਜ਼ ਦੀ ਮਹਾਂਕਾਵਿਕ ਕਵਿਤਾ 'ਮਾਰਟਿਨ ਫਿਏਰੋ' ਦਾ ਇਕ ਪਾਤਰ।