ਲੋਕਾਂ ਨੇ ਛੋਟੀ ਭੂਰੀ ਤੇ ਊਨੀ ਪੋਂਚਾ ਪਹਿਨੀ ਹੋਈ ਸੀ। ਨਾਲ ਹੀ ਭੀੜੀ ਖੁੱਚਾਂ ਤਕ ਲੰਮੀ ਪਜਾਮੀ ਅਤੇ ਪੈਰਾਂ ਵਿਚ ਰੱਸੀ ਜਾਂ ਪੁਰਾਣੇ ਕਾਰ ਦੇ ਟਾਇਰਾਂ ਤੋਂ ਬਣੀਆਂ ਚੱਪਲਾਂ ਪਹਿਨੀਆਂ ਸਨ। ਅਜਿਹੀਆਂ ਸਾਰੀਆਂ ਦੇਖੀਆਂ ਚੀਜ਼ਾਂ ਨੂੰ ਆਪਣੇ ਅੰਦਰ ਸਮੇਂਦੇ ਹੋਏ ਅਸੀਂ ਟਾਰਟਾ ਦੀ ਵਾਦੀ ਵੱਲ ਵਧਣਾ ਜਾਰੀ ਰੱਖਿਆ। ਆਇਮਾਰਾ
, ਜਿਸ ਦਾ ਅਰਥ ਚੋਟੀ ਜਾਂ ਮਿਲਾਪ ਸਥਾਨ ਹੁੰਦਾ ਹੈ ਤੇ ਇਹ ਨਾਂ 'ਵੀ' (V) ਆਕਾਰ ਦੀਆਂ ਪਹਾੜੀ ਲੜੀਆਂ ਤੋਂ ਪਿਆ ਜੋ ਸ਼ਹਿਰ ਦੀ ਰਖਵਾਲੀ ਕਰਨ ਵਾਲੀਆਂ ਹਨ। ਇਹ ਬਹੁਤ ਪ੍ਰਾਚੀਨ ਸਾਧਾਰਨ ਜਿਹਾ ਪਿੰਡ ਹੈ, ਜਿੱਥੇ ਜ਼ਿੰਦਗੀ ਸਦੀਆਂ ਤੋਂ ਇਕ ਯਾਤਰਾ ਵਾਂਗ ਜਾਰੀ ਹੈ। ਇੱਥੇ ਬਸਤੀਵਾਦੀ ਕਾਲ ਦਾ ਬਣਿਆ ਗਿਰਜਾ-ਘਰ ਬਿਨਾਂ ਸ਼ੱਕ ਇਕ ਪੁਰਾਤਨ ਸਥਾਨ ਹੈ । ਪਰ ਆਪਣੀ ਪੁਰਾਤਨਤਾ ਨਾਲੋਂ ਵਧੇਰੇ ਇਹ ਯੂਰਪੀਨ ਕਲਾ ਦੀ ਸਥਾਨਕ ਲੋਕਾਂ ਦੀ ਭਾਵਨਾ ਨਾਲ ਸੰਗਮ ਦਾ ਪ੍ਰਤੀਕ ਹੈ। ਕਸਬੇ ਦੀਆਂ ਭੀੜੀਆਂ ਗਲੀਆਂ ਤੋਂ ਲੈ ਕੇ ਸਥਾਨਕ ਪੱਥਰ ਤੋਂ ਬਣੀਆਂ ਉੱਘੜ-ਦੁੱਘੜੀਆਂ ਵੱਡੀਆਂ ਸੜਕਾਂ ਤਕ ਇੱਥੋਂ ਦੀਆਂ ਔਰਤਾਂ ਪਿੱਠ 'ਤੇ ਲੱਦੇ ਬੱਚਿਆਂ ਨਾਲ ਦਿਸਦੀਆਂ ਹਨ.... । ਸੰਖੇਪ ਵਿਚ ਕਿਹਾ ਜਾਵੇ ਤਾਂ ਕਸਬੇ ਦਾ ਹਰ ਰਵਾਇਤੀ ਦ੍ਰਿਸ਼ ਹਰ ਸਾਹ ਨਾਲ ਸਪੇਨੀ ਬਸਤੀਵਾਦ ਤੋਂ ਪਹਿਲਾਂ ਦੇ ਦੌਰ ਨੂੰ ਪ੍ਰਤੱਖ ਕਰਦਾ ਹੈ। ਪਰ ਸਾਡੇ ਸਾਮ੍ਹਣੇ ਜੀ ਰਹੇ ਲੋਕ ਆਪਣੇ ਉਸ ਨਸਲੀ ਗੌਰਵ ਤੋਂ ਕੋਰੇ ਸਨ ਜਿਸਨੇ ਇੱਕਾ ਦੇ ਸ਼ਾਸਨ ਕਾਲ ਵਿਚ ਇਨ੍ਹਾਂ ਲੋਕਾਂ ਨੂੰ ਆਪਣੀਆਂ ਸੀਮਾਵਾਂ ਦੀ ਰੱਖਿਆ ਲਈ ਪੱਕੀ ਫੌਜ ਦੇ ਗਠਨ ਲਈ ਪ੍ਰੇਰਿਤ ਕੀਤਾ ਸੀ।
ਸਾਡੇ ਸਾਮ੍ਹਣੇ ਗਲੀਆਂ ਵਿਚ ਤੁਰੇ ਫਿਰਦੇ ਲੋਕ ਹਾਰੀ ਹੋਈ ਨਸਲ ਨਾਲ ਸੰਬੰਧਿਤ ਸਨ। ਉਨ੍ਹਾਂ ਦੀ ਦੇਖਣੀ ਦੱਬੂ ਜਿਹੀ ਹੈ, ਡਰੀ ਹੋਈ ਅਤੇ ਬਾਹਰੀ ਦੁਨੀਆਂ ਤੋਂ ਇਕਦਮ ਬੇਲਾਗ । ਕੁਝ ਲੋਕਾਂ ਨੇ ਤਾਂ ਇਹ ਪ੍ਰਭਾਵ ਦਿੱਤਾ ਕਿ ਉਹ ਇਕ ਆਦਤ ਵਾਂਗ ਜੀ ਰਹੇ ਹਨ, ਕਿਉਂਕਿ ਕੋਈ ਬਦਲਾਅ ਸੰਭਵ ਨਹੀਂ ਹੈ। ਪਹਿਰੇਦਾਰ ਸਾਨੂੰ ਸਥਾਨਕ ਥਾਣੇ ਲੈ ਗਿਆ, ਜਿੱਥੇ ਉਨ੍ਹਾਂ ਲੋਕਾਂ ਨੇ ਸਾਡੀ ਰਿਹਾਇਸ਼ ਦਾ ਪ੍ਰਬੰਧ ਕੀਤਾ ਅਤੇ ਕੁਝ ਅਧਿਕਾਰੀਆਂ ਨੇ ਖਾਣੇ ਲਈ ਸੱਦਾ ਦਿੱਤਾ। ਅਸੀਂ ਸ਼ਹਿਰ ਵਿਚ ਘੁੰਮਦੇ ਰਹੇ ਅਤੇ ਉਸ ਤੋਂ ਬਾਦ ਉਦੋਂ ਤਕ ਆਰਾਮ ਕਰਦੇ ਰਹੇ ਜਦ ਤਕ ਤੜਕੇ ਦੇ ਤਿੰਨ ਨਹੀਂ ਵੱਜ ਗਏ। ਇਕ ਸਵਾਰੀ-ਟਰੱਕ 'ਤੇ ਅਸੀਂ ਪੂਨੋ ਲਈ ਨਿਕਲ ਪਏ। ਇਸ ਮੁਫ਼ਤ ਸਵਾਰੀ ਲਈ ਪਹਿਰੇਦਾਰ ਦਾ ਧੰਨਵਾਦ ਕੀਤਾ।
-0-