ਪਾਚਾਮਾਮਾ ਦੇ ਇਲਾਕੇ ਵਿਚ
ਪੇਰੂ ਪੁਲਿਸ ਦੇ ਕੰਬਲਾਂ ਨੇ ਤੜਕੇ ਤਿੰਨ ਵਜੇ ਆਪਣੀ ਕੀਮਤ ਮਹਿਸੂਸ ਕਰਾਈ ਜਦੋਂ ਇਨ੍ਹਾਂ ਦੀ ਗਰਮੀ ਵਿਚ ਸਾਨੂੰ ਮੁੜ੍ਹਕਾ ਆ ਗਿਆ। ਉਦੋਂ ਹੀ ਪਹਿਰੇ ਵਾਲੇ ਸਿਪਾਹੀ ਨੇ ਸਾਨੂੰ ਉਠਾ ਦਿੱਤਾ ਕਿਉਂਕਿ ਇਕ ਟਰੱਕ ਇਲਾਵ ਵੱਲ ਜਾ ਰਿਹਾ ਸੀ। ਅਸੀਂ ਉਨ੍ਹਾਂ ਨੂੰ ਪਿੱਛੇ ਛੱਡ ਕੇ ਜਾਂਦੇ ਸਮੇਂ ਥੋੜ੍ਹੇ ਜਿਹੇ ਉਦਾਸ ਮਹਿਸੂਸ ਕਰਨ ਲੱਗੇ । ਭਿਆਨਕ ਸਰਦੀ ਦੇ ਬਾਵਜੂਦ ਰਾਤ ਬਹੁਤ ਸ਼ਾਨਦਾਰ ਸੀ। ਸਾਡੇ ਲਈ ਵਿਸ਼ੇਸ਼ ਸਹੂਲਤ ਵਜੋਂ ਬੈਠਣ ਲਈ ਕੁਝ ਤਖ਼ਤੇ ਦੇ ਦਿੱਤੇ ਗਏ, ਇਸ ਨਾਲ ਅਸੀਂ ਬਹੁਤ ਭੈੜੀ ਬਦਬੂ ਅਤੇ ਪਿੱਸੂਆਂ ਨਾਲ ਭਰੇ ਮਨੁੱਖੀ ਝੁੰਡ ਤੋਂ ਅੱਡ ਹੋ ਗਏ। ਉਸ ਝੁੰਡ ਕੋਲੋਂ ਜਾਨਵਰਾਂ ਵਾਲੀ ਤੇਜ਼ ਪਰ ਨਿੱਘੀ ਦੁਰਗੰਧ ਆ ਰਹੀ ਸੀ । ਜਦੋਂ ਟਰੱਕ ਨੇ ਆਪਣੀ ਰਫ਼ਤਾਰ ਫੜੀ ਤਾਂ ਉਦੋਂ ਸਾਨੂੰ ਆਪਣੀ ਸਥਿਤੀ ਦੀ ਸੁਖੈਨਤਾ ਦਾ ਅਹਿਸਾਸ ਹੋਇਆ । ਅਸੀਂ ਬਦਬੂ ਤੋਂ ਬਚ ਗਏ ਸਾਂ ਤੇ ਪਿੱਸੂ ਵੀ ਸਾਡੇ ਤੱਕ ਉੱਛਲ ਕੇ ਨਹੀਂ ਆ ਸਕਦੇ ਸਨ । ਦੂਜੇ ਪਾਸੇ ਠੰਢੀ ਹਵਾ ਵਿਚ ਛੇਤੀ ਹੀ ਸਾਡੇ ਜਿਸਮ ਜੰਮ ਗਏ। ਟਰੱਕ ਨੇ ਚੜ੍ਹਾਈ 'ਤੇ ਚੜ੍ਹਨਾ ਜਾਰੀ ਰੱਖਿਆ ਅਤੇ ਗੁਜ਼ਰਦੇ ਹਰ ਪਲ ਨਾਲ ਸਰਦੀ ਹੋਰ ਵੀ ਵੱਧ ਰਹੀ ਸੀ। ਆਪਣੇ ਆਪ ਨੂੰ ਡਿੱਗਣ ਤੋਂ ਬਚਾਉਣ ਲਈ ਸਾਨੂੰ ਆਪਣੇ ਹੱਥਾਂ ਨੂੰ ਥੋੜ੍ਹਾ-ਬਹੁਤਾ ਕੰਬਲਾਂ ਤੋਂ ਬਾਹਰ ਰੱਖਣਾ ਪੈਂਦਾ ਸੀ। ਸਾਡੇ ਸਿਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਰਹੇ ਸਨ, ਇਸ ਲਈ ਆਪਣੀ ਜਗ੍ਹਾ ਨੂੰ ਮਾੜਾ-ਮੋਟਾ ਬਦਲਣਾ ਵੀ ਅਸੰਭਵ ਸੀ। ਸਵੇਰਾ ਹੁੰਦੇ-ਹੁੰਦੇ ਟਰੱਕ ਦੇ ਕਾਰਬੋਰੇਟਰ ਵਿਚ ਕੋਈ ਨੁਕਸ ਪੈ ਗਿਆ, ਜਿਸ ਕਰਕੇ ਟਰੱਕ ਨੂੰ ਰੁਕਣਾ ਪੈ ਗਿਆ। ਅਸੀਂ ਸੜਕ ਦੇ ਸਿਖਰਲੇ ਬਿੰਦੂ ਦੇ ਆਸ-ਪਾਸ ਹੀ ਸਾਂ ਜਿੱਥੇ ਉਚਾਈ 5,000 ਮੀਟਰ ਸੀ। ਅਸਮਾਨ ਦੇ ਕਿਸੇ ਕੋਨੇ ਵਿਚ ਸੂਰਜ ਉਦੈ ਹੋ ਰਿਹਾ ਸੀ, ਜਿਸ ਦੀ ਹਲਕੀ ਰੌਸ਼ਨੀ ਨੇ ਸਾਡੇ ਵਿਚਕਾਰ ਪਸਰੇ ਹਨ੍ਹੇਰੇ ਦੀ ਜਗ੍ਹਾ ਲੈ ਲਈ ਸੀ। ਸੂਰਜ ਦੀ ਰੌਸ਼ਨੀ ਦਾ ਮਨੋਵਿਗਿਆਨਕ ਪ੍ਰਭਾਵ ਵੀ ਕਮਾਲ ਹੁੰਦਾ ਹੈ। ਸੂਰਜ ਅਜੇ ਦੁਮੇਲਾਂ 'ਤੇ ਪੂਰੀ ਤਰ੍ਹਾਂ ਦਿਖਾਈ ਵੀ ਨਹੀਂ ਦਿੱਤਾ ਸੀ ਕਿ ਅਸੀਂ ਅਨੰਦਦਾਇਕ ਮਹਿਸੂਸ ਕਰ ਰਹੇ ਸਾਂ ਤੇ ਕਲਪਨਾਸ਼ੀਲ ਸਾਂ ਕਿ ਜਲਦੀ ਹੀ ਧੁੱਪ ਦਾ ਨਿੱਘ ਵੀ ਆਵੇਗਾ।
ਸੜਕ ਦੇ ਇਕ ਪਾਸੇ ਉੱਗ ਰਹੀਆਂ ਅਰਧ-ਗੋਲਾਕਾਰ ਖੁੰਬਾਂ ਇਸ ਖੇਤਰ ਦੀ ਇਕ ਮਾਤਰ ਹਰਿਆਲੀ ਸਨ। ਅਸੀਂ ਇਨ੍ਹਾਂ ਦੀ ਸਹਾਇਤਾ ਨਾਲ ਲਿੱਸੀ ਜਿਹੀ ਅੱਗ ਜਲਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਹ ਥੋੜ੍ਹੀ ਜਿਹੀ ਬਰਫ਼ ਨੂੰ ਪਾਣੀ ਵਿਚ ਬਦਲਣ ਜੋਗੀ ਗਰਮੀ ਹੀ ਪੈਦਾ ਕਰ ਸਕੀ। ਸਾਨੂੰ ਦੋਵਾਂ ਜਣਿਆਂ ਨੂੰ ਪੀਣ ਲਈ ਕੋਟੀ ਚੀਜ਼ ਤਿਆਰ ਕਰਦਿਆਂ ਦੇਖਣਾ ਇੰਡੀਅਨ ਲੋਕਾਂ ਲਈ ਓਨਾ ਹੀ ਅਚੰਭੇ ਵਾਲਾ ਸੀ, ਜਿੰਨੀ ਹੈਰਾਨੀਜਨਕ ਸਾਡੇ ਲਈ ਉਨ੍ਹਾਂ ਦੀ ਰਵਾਇਤੀ ਪੋਸ਼ਾਕ ਸੀ ।
ਇਕ ਪਲ ਵੀ ਨਹੀਂ ਬੀਤਿਆ।