ਸੂਰਜ ਦੀ ਝੀਲ
ਪਾਵਨ ਝੀਲ ਆਪਣੇ ਜਲੌਅ ਦਾ ਇਕ ਛੋਟਾ ਜਿਹਾ ਹਿੱਸਾ ਹੀ ਪ੍ਰਗਟਾਉਂਦੀ ਸੀ। ਧਰਤੀ ਦਾ ਨਿੱਕਾ ਜਿਹਾ ਹਿੱਸਾ ਜਿਹੜਾ ਪੂਨੋ ਦੀ ਖਾੜੀ ਦੇ ਦੁਆਲੇ ਹੈ, ਇਸ ਦ੍ਰਿਸ਼ ਤੋਂ ਨਹੀਂ ਦਿਸਦਾ। ਨੜਿਆਂ ਤੋਂ ਬਣੀਆਂ ਛੋਟੀਆਂ ਕਿਸ਼ਤੀਆਂ ਸ਼ਾਂਤ ਪਾਣੀ ਵਿਚ ਇੰਧਰ- ਉੱਧਰ ਖਿੱਲਰੀਆਂ ਦਿਸਦੀਆਂ ਹਨ, ਇਸਦੇ ਨਾਲ ਹੀ ਮੱਛੀਆਂ ਫੜਨ ਵਾਲੀਆਂ ਕੁਝ ਬੇੜੀਆਂ ਝੀਲ ਦੇ ਦਾਖ਼ਲੇ 'ਤੇ ਦਿਖਾਈ ਦਿੱਤੀਆਂ । ਹਵਾ ਬਹੁਤ ਜ਼ਿਆਦਾ ਠੰਡੀ ਤੇ ਸਾਹ ਘੁੱਟਣ ਵਾਲੀ ਸੀ । ਬੋਝਲ ਅਸਮਾਨ ਜਿਵੇਂ ਸਾਡੀ ਦਿਮਾਗੀ ਸਥਿਤੀ ਦੀ ਨਕਲ ਕਰ ਰਿਹਾ ਸੀ। ਅਸੀਂ ਬੇਸ਼ੱਕ ਪੂਨੋ ਤੱਕ ਸਿੱਧੇ ਬਿਨਾਂ ਇਲਾਵ ਵਿਚ ਰੁਕੇ ਆਏ ਸਾਂ ਅਤੇ ਆਪਣੇ ਰੋਟੀ ਪਾਣੀ ਤੇ ਅਸਥਾਈ ਟਿਕਾਣੇ ਦਾ ਪ੍ਰਬੰਧ ਇਕ ਸਥਾਨਕ ਬੈਰਕ ਵਿਚ ਕਰ ਚੁੱਕੇ ਸਾਂ। ਪਰ ਲਗਦਾ ਸੀ ਕਿ ਸਾਡੀ ਕਿਸਮਤ ਸਾਡੇ ਤੋਂ ਪਿੱਛਾ ਛੁਡਾਉਣ ਦੀ ਤਾਕ ਵਿਚ ਸੀ। ਕਮਾਂਡਿੰਗ ਅਫ਼ਸਰ ਨੇ ਬਹੁਤ ਸਪਸ਼ਟਤਾ ਨਾਲ ਇਹ ਕਹਿੰਦੇ ਹੋਏ ਸਾਨੂੰ ਬਾਹਰ ਜਾਣ ਦਾ ਰਸਤਾ ਦਿਖਾਇਆ ਕਿ ਇਹ ਸੀਮਾ ਦੀ ਚੌਕੀ ਹੈ ਤੇ ਬਦੇਸ਼ੀ ਨਾਗਰਿਕਾਂ ਦੇ ਇੱਥੇ ਰਾਤ ਠਹਿਰਣ ਦੀ ਸਖ਼ਤੀ ਨਾਲ ਮਨਾਹੀ ਹੈ।
ਅਸੀਂ ਝੀਲ ਦਾ ਅਨੰਦ ਲਏ ਬਿਨਾਂ ਨਹੀਂ ਜਾਣਾ ਚਾਹੁੰਦੇ ਸਾਂ, ਸੋ ਇਸ ਆਸ ਨਾਲ ਪੱਤਣ ਵੱਲ ਗਏ ਕਿ ਸ਼ਾਇਦ ਕੋਈ ਬੇੜੀ ਸਾਨੂੰ ਬਿਠਾ ਲਵੇ ਤੇ ਇਸ ਝੀਲ ਦੀ ਸਮੁੱਚੀ ਖ਼ੂਬਸੂਰਤੀ ਦਾ ਆਨੰਦ ਮਾਣ ਸਕੀਏ । ਇਸ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਇਕ ਦੁਭਾਸ਼ੀਏ ਦੀ ਸਹਾਇਤਾ ਲਈ ਕਿਉਂਕਿ ਉੱਥੇ ਸਾਰੇ ਮਛੇਰੇ ਆਇਮਾਰਾ ਜਾਤੀ ਦੇ ਸਨ ਤੇ ਕਿਸੇ ਨੂੰ ਵੀ ਸਪੇਨੀ ਭਾਸ਼ਾ ਨਹੀਂ ਆਉਂਦੀ ਸੀ। ਪੰਜ ਸੋਲੋ ਦੀ ਨਿਗੂਣੀ ਰਕਮ ਬਦਲੇ ਆਪਣੇ ਨਾਲ ਚਿੰਬੜੇ ਹੋਏ ਗਾਈਡ ਸਣੇ ਦੋਵਾਂ ਜਣਿਆਂ ਨੇ ਇਹ ਪ੍ਰਬੰਧ ਕਰ ਲਿਆ। ਪਹਿਲਾਂ ਤਾਂ ਅਸੀਂ ਝੀਲ ਵਿਚ ਨਹਾਉਣ ਦਾ ਵਿਚਾਰ ਵੀ ਬਣਾਇਆ ਸੀ, ਪਰ ਆਪਣੀਆਂ ਛੋਟੀਆਂ ਉਂਗਲਾਂ ਦੇ ਪੋਟਿਆਂ ਰਾਹੀਂ ਤਾਪਮਾਨ ਨੂੰ ਮਹਿਸੂਸ ਕਰਨ ਤੋਂ ਬਾਦ ਇਹ ਵਿਚਾਰ ਤਿਆਗ ਦਿੱਤਾ (ਇਸੇ ਦੌਰਾਨ ਅਲਬਰਟੋ ਨੇ ਆਪਣੀ ਜੁੱਤੀ ਤੇ ਕੱਪੜੇ ਉਤਾਰਨ ਤੇ ਫਿਰ ਪਹਿਨਣ ਲਈ ਬੜਾ ਤਮਾਸ਼ਾ ਕੀਤਾ)
ਥੋੜ੍ਹੀ ਹੀ ਦੂਰ ਜਾਣ ਤੋਂ ਬਾਦ ਝੀਲ ਦੀ ਸਤਹ ਉੱਪਰ ਨਜ਼ਰ ਆਉਂਦੇ ਛੋਟੇ- ਛੋਟੇ ਭੂਰੇ ਟਿਮਕਣੇ ਟਾਪੂਆਂ ਵਿਚ ਵਟਣ ਲੱਗ ਪਏ। ਸਾਡੇ ਗਾਈਡ ਨੇ ਸਾਨੂੰ ਮਛੇਰਿਆਂ ਦੀ ਜ਼ਿੰਦਗੀ ਬਾਰੇ ਵਿਸਥਾਰ ਵਿਚ ਦੱਸਿਆ। ਜਿਨ੍ਹਾਂ ਵਿੱਚੋਂ ਸ਼ਾਇਦ ਹੀ ਕਿਸੇ ਨੇ ਕਦੇ ਗੋਰੇ ਰੰਗ ਦੇ ਵਿਅਕਤੀ ਨੂੰ ਦੇਖਿਆ ਹੋਵੇ, ਜਿਹੜੇ ਪੁਰਾਣੇ ਤਰਜ਼ ਦੀ ਜ਼ਿੰਦਗੀ ਜੀ ਰਹੇ ਸਨ, ਪੁਰਾਣੇ ਤਰੀਕੇ ਨਾਲ ਖਾਂਦੇ-ਪੀਂਦੇ ਸਨ, 500 ਸਾਲ ਪੁਰਾਣੀਆਂ ਤਕਨੀਕਾਂ ਨਾਲ ਮੱਛੀਆਂ ਫੜਦੇ ਸਨ ਤੇ ਆਪਣੇ ਰਸਮਾਂ-ਰਿਵਾਜ ਤੇ ਰਵਾਇਤਾਂ ਨੂੰ ਜ਼ਿੰਦਾ ਰੱਖ ਰਹੇ ਸਨ।