ਦੁਨੀਆਂ ਦੀ ਧੁੰਨੀ ਵੱਲ
ਟਰੱਕ ਚਾਲਕ ਵਲੋਂ ਸਾਨੂੰ ਜੁਲਿਆਕਾ ਛੱਡਣ ਤੱਕ ਸਾਡੇ ਸਫ਼ਰ ਦਾ ਪਹਿਲਾ ਦੌਰ ਵਧੇਰੇ ਲੰਮਾ ਨਹੀਂ ਸੀ। ਉੱਥੋਂ ਹੀ ਅਸੀਂ ਉੱਤਰ ਦਿਸ਼ਾ ਵੱਲ ਜਾਣ ਵਾਲੇ ਕਿਸੇ ਟਰੱਕ ਦੀ ਭਾਲ ਕਰਨੀ ਸੀ। ਪੂਨੋ ਦੇ ਨਾਗਰਿਕ ਰੱਖਿਅਕ ਦੀ ਸਲਾਹ ਮੁਤਾਬਕ ਅਸੀਂ ਪੁਲਿਸ ਬਾਣੇ ਗਏ ਜਿੱਥੇ ਨਸ਼ੇ ਵਿਚ ਬੁਰੀ ਤਰ੍ਹਾ ਰੱਜਿਆ ਹੋਇਆ ਇਕ ਸਿਪਾਹੀ ਮਿਲਿਆ। ਉਸਨੇ ਸਾਡੇ ਵੱਲ ਭਰਪੂਰਤਾ ਨਾਲ ਦੇਖਿਆ ਤੇ ਸਾਨੂੰ ਦਾਰੂ ਪੀਣ ਲਈ ਸੱਦਾ ਦਿੱਤਾ। ਉਸਨੇ ਬੀਅਰ ਮੰਗਾਈ। ਮੇਰੇ ਤੋਂ ਬਿਨਾਂ ਸਭ ਨੇ ਇੱਕੋ ਝਟਕੇ ਵਿਚ ਬੀਅਰ ਮੁਕਾ ਦਿੱਤੀ ਜਦ ਕਿ ਮੇਰੀ ਬੋਤਲ ਮੇਜ਼ ਤੇ ਭਰੀ ਪਈ ਸੀ।
"ਕੀ ਗੱਲ ਹੈ, ਮੇਰੇ ਅਰਜਨਟੀਨੀ ਮਿੱਤਰ ? ਕੀ ਤੂੰ ਨਹੀਂ ਪੀਂਦਾ ?”
"ਨਹੀਂ, ਇਹ ਗੱਲ ਨਹੀਂ ! ਮੇਰੇ ਦੇਸ਼ ਵਿਚ ਅਸੀਂ ਆਮ ਤੌਰ 'ਤੇ ਏਦਾਂ ਨਹੀਂ ਪੀਂਦੇ। ਬੁਰਾ ਨਾ ਮੰਨੀ। ਅਸੀਂ ਕੁਝ ਖਾਂਦੇ ਹੋਏ ਹੀ ਪੀਂਦੇ ਹਾਂ।”
ਉਸਨੇ ਆਪਣੇ ਨੱਕ ਵਿਚੋਂ ਤਿੱਖੀ ਧੁਨੀ ਉਚਾਰੀ, ਜੋ ਸਾਡੇ ਦੇਸ਼ ਵਿਚ ਉਪਨਾਮਾਂ ਦੀ ਨਕਲ ਸਮੇਂ ਕੱਢੀ ਜਾਂਦੀ ਸੀ, “ਪਰ ਚੀ ਈ ਈ ... ਤੂੰ ਪਹਿਲਾਂ ਕਿਉਂ ਨਹੀਂ ਦੱਸਿਆ।” ਉਸਨੇ ਤਾੜੀ ਵਜਾ ਕੇ ਪਨੀਰ ਸੈਂਡਵਿਚ ਲਿਆਉਣ ਲਈ ਹੁਕਮ ਦਿੱਤਾ। ਮੈਂ ਇੰਜ ਪੂਰੀ ਤਰ੍ਹਾਂ ਸੰਤੁਸ਼ਟ ਸਾਂ । ਇਸ ਤੋਂ ਬਾਦ ਉਹ ਪੁਲਿਸ ਵਾਲੇ ਆਨੰਦਪੂਰਨ ਤਰੀਕੇ ਨਾਲ ਆਪਣੀ ਬਹਾਦਰੀ ਦੇ ਨਾਇਕਤਵੀ ਕਿੱਸਿਆਂ 'ਤੇ ਇਸ ਇਲਾਕੇ ਦੇ ਲੋਕਾਂ ਵਿਚ ਮਸ਼ਹੂਰ ਉਸਦੀ ਨਿਸ਼ਾਨੇਬਾਜ਼ੀ ਬਾਰੇ ਸ਼ੇਖੀਆਂ ਮਾਰਨ ਲੱਗਾ। ਇਹ ਸਾਬਿਤ ਕਰਨ ਲਈ ਉਸਨੇ ਆਪਣੀ ਬੰਦੂਕ ਖਿੱਚੀ ਤੇ ਅਲਬਰਟੋ ਨੂੰ ਕਿਹਾ, “ਦੇਖੋ ਚੀ ! ਵੀਹ ਮੀਟਰ ਦੂਰ ਆਪਣੇ ਮੂੰਹ ਵਿਚ ਸਿਗਰਟ ਲੈ ਕੇ ਖੜ੍ਹਾ ਹੋ ਜਾਹ ! ਜੇ ਮੈਂ ਪਹਿਲੀ ਹੀ ਗੋਲੀ ਨਾਲ ਇਹ ਸਿਗਰਟ ਨਾ ਜਲਾ ਦਿੱਤੀ ਤਾਂ ਮੈਂ ਤੈਨੂੰ ਪੰਜਾਹ ਸੋਲ ਦੇਵਾਂਗਾ।” ਅਲਬਰਟੋ ਨੇ ਏਨੇ ਕੁ ਪੈਸੇ ਨੂੰ ਪਸੰਦ ਨਹੀਂ ਕੀਤਾ ਤੇ ਉਹ ਕੁਰਸੀ ਤੋਂ ਹਿੱਲਿਆ ਵੀ ਨਹੀਂ।” ਚੱਲ ਵੀ ਚੀ, ਚੱਲ ਸੌ ਲੈ ਲਵੀਂ।" ਅਲਬਰਟੋ ਫੇਰ ਵੀ ਅਹਿੱਲ ਰਿਹਾ।
ਜਦ ਉਸਦੀ ਬੋਲੀ 200 ਸੋਲਜ਼ ਤੱਕ ਵਧ ਗਈ ਤਾਂ ਅਲਬਰਟੋ ਦੀਆਂ ਅੱਖਾਂ ਹੈਰਾਨੀ ਨਾਲ ਝਪਕਣ ਲੱਗੀਆਂ, ਪਰ ਉਸਦੀ ਸਵੈ-ਸੰਜਮ ਦੀ ਸ਼ਕਤੀ ਕਮਾਲ ਦੀ ਸੀ ਤੇ ਉਹ ਅਜੇ ਵੀ ਨਹੀਂ ਹਿੱਲਿਆ ਸੀ। ਇਸ ਮੌਕੇ ਸਾਰਜੇਂਟ ਨੇ ਆਪਣੀ ਟੋਪੀ ਲਾਹੀ, ਸ਼ੀਸ਼ੇ ਵਿਚ ਦੇਖਦਿਆਂ ਟੋਪੀ ਉਛਾਲੀ ਤੇ ਟੋਪੀ 'ਤੇ ਗੋਲੀ ਚਲਾ ਦਿੱਤੀ। ਟੋਪੀ ਤਾਂ ਅਜੇ ਵੀ ਠੀਕ-ਠਾਕ ਹਾਲਤ ਵਿਚ ਹੀ ਸੀ ਪਰ ਪਿਛਲੀ ਕੰਧ ਦੀ ਹਾਲਤ ਬੁਰੀ ਹੋ ਗਈ ਸੀ। ਸ਼ਰਾਬਖਾਨੇ ਦਾ ਮਾਲਕ ਤੇਜ਼ੀ ਨਾਲ ਬਾਹਰ ਨਿਕਲਿਆ ਤੇ ਫੁਰਤੀ ਨਾਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਹਵਾ ਹੋ ਗਿਆ।