ਧੁੰਨੀ
ਕੁਜ਼ਕੋ ਸ਼ਹਿਰ ਦੀ ਸਭ ਤੋਂ ਪੂਰਨ ਵਿਆਖਿਆ ਲਈ ਸ਼ਬਦ ਹੈ ਜਜ਼ਬਾਤੀ ਉਭਾਰ। ਇਸਦੀਆਂ ਅਛੂਤੀਆਂ ਗਲੀਆਂ ਕਿਸੇ ਹੋਰ ਹੀ ਯੁੱਗ ਦੀ ਧੂੜ ਮਿੱਟੀ ਨਾਲ ਢਕੀਆਂ ਮਹਿਸੂਸ ਹੁੰਦੀਆਂ ਹਨ। ਜਦੋਂ ਤੁਸੀਂ ਇਨ੍ਹਾਂ ਦੇ ਤਲ ਨੂੰ ਛੂੰਹਦੇ ਹੋ ਤਾਂ ਇਵੇਂ ਲੱਗਦੈ ਜਿਵੇਂ ਕਿਸੇ ਨੇ ਚਿੱਕੜ ਭਰੀ ਝੀਲ ਦੇ ਤਲ ਦੀ ਮੈਲ ਨੂੰ ਬੇਅਰਾਮ ਕਰ ਦਿੱਤਾ ਹੋਵੇ। ਇੱਥੇ ਦੋ ਜਾਂ ਤਿੰਨ ਕੁਜ਼ਕੋ ਹਨ, ਜਾਂ ਇਹ ਕਹਿਣਾ ਬਿਹਤਰ ਹੋਵੇਗਾ ਇਸ ਸ਼ਹਿਰ ਨੂੰ ਸਮਝਣ ਦੇ ਦੋ ਜਾਂ ਤਿੰਨ ਰਸਤੇ ਹਨ। ਜਦ ਮਾਮਾ ਓਕਲੋ ਨੇ ਧਰਤੀ ਉੱਪਰ ਆਪਣਾ ਸੁਨਹਿਰੀ ਕਿੱਲ ਸੁੱਟਿਆ ਤਾਂ ਉਹ ਬਿਨਾਂ ਕਿਸੇ ਯਤਨ ਦੇ ਡੁੱਬ ਗਿਆ । ਤਦ ਪਹਿਲੇ ਇੰਕਾ ਨੂੰ ਇਹ ਪਤਾ ਲੱਗਾ ਕਿ ਇਹ ਜਗ੍ਹਾ ਵੀਰਾਕੋਂਚਾ ਨੇ ਆਪਣੇ ਲੋਕਾਂ ਦੇ ਰਹਿਣ ਲਈ ਚੁਣੀ ਹੈ। ਫਿਰ ਉਨ੍ਹਾਂ ਨੇ ਆਪਣਾ ਖ਼ਾਨਾਬਦੋਸ਼ੀ ਜੀਵਨ ਤਿਆਗ ਦਿੱਤਾ ਅਤੇ ਉਹ ਨਿਰਧਾਰਤ ਸਥਾਨ 'ਤੇ ਜੇਤੂਆਂ ਦੇ ਰੂਪ ਵਿਚ ਆ ਗਏ। ਜਿਵੇਂ-ਜਿਵੇਂ ਉਨ੍ਹਾਂ ਦਾ ਸਾਮਰਾਜ ਫੈਲਿਆ ਉਨ੍ਹਾਂ ਨੇ ਨਵੇਂ ਦਿਸਹੱਦਿਆਂ ਵੱਲ ਨੂੰ ਵਿਸਥਾਰ ਕੀਤਾ ਉਨ੍ਹਾਂ ਲੋਕਾਂ ਨੇ ਹਮੇਸ਼ਾ ਚਾਰੇ ਪਾਸੇ ਘਿਰੇ ਧੁੰਦਲੇ ਪਹਾੜਾਂ ਦੀ ਰੁਕਾਵਟ ਤੋਂ ਪਾਰ ਦੇਖਿਆ। ਖ਼ਾਨਾਬਦੋਸ਼ਾਂ ਤੋਂ ਰੂਪਾਂਤਰਿਤ ਹੋਣ ਵਾਲਿਆਂ ਨੇ ਆਪਣੇ ਆਪ ਨੂੰ ਤਾਹਾਨਤਿਨਸਿਓ ਦੇ ਰੂਪ ਵਿਚ ਪੇਸ਼ ਕੀਤਾ। ਉਨ੍ਹਾਂ ਨੇ ਆਪਣੇ ਜਿੱਤੇ ਹੋਏ ਕੇਂਦਰ ਦੁਨੀਆਂ ਦੀ ਧੁੰਨੀ ਕਹੇ ਜਾਣ ਵਾਲੇ ਕੁਜ਼ਕੋ* ਵਾਂਗ ਇਸ ਖੇਤਰ ਨੂੰ ਕਿਲੇ ਬੰਦ ਕੀਤਾ।
ਇੱਥੇ ਹੀ ਰਿਆਸਤ ਦੀ ਜ਼ਰੂਰੀ ਸੁਰੱਖਿਆ ਲਈ ਸਾਕਸਾਹਮਾਨ ਦਾ ਨਿਰਮਾਣ ਕੀਤਾ ਗਿਆ। ਜਿਸ ਨਾਲ ਸ਼ਹਿਰ 'ਤੇ ਉਚਾਈ ਤੋਂ ਪ੍ਰਭਾਵ ਬਣਾਈ ਰੱਖਿਆ ਜਾ ਸਕਦਾ ਸੀ ਅਤੇ ਰਿਆਸਤ ਦੇ ਦੁਸ਼ਮਣਾਂ ਤੋਂ ਮੰਦਰਾਂ ਅਤੇ ਮਹਿਲਾਂ ਦੀ ਸੁਰੱਖਿਆ ਹੋ ਸਕਦੀ ਸੀ। ਕੁਜ਼ਕੋ ਦਾ ਇਹ ਅਫੋਸਨਾਕ ਦ੍ਰਿਸ਼ ਜਾਹਿਲ, ਅਨਪੜ੍ਹ ਅਤੇ ਬੇਰਹਿਮ ਸਪੇਨੀ ਹਮਲਾਵਰਾਂ ਵਲੋਂ ਤਬਾਹ ਕੀਤੇ ਕਿਲ੍ਹਿਆਂ ਦੇ ਖੰਡਰਾਂ, ਮੰਦਰਾਂ ਦੀ ਭਿਆਨਕ ਤਬਾਹੀ ਅਤੇ ਹਿੰਸਾ ਦਾ ਸ਼ਿਕਾਰ ਹੋਈਆਂ ਨਸਲਾਂ ਦੇ ਰੂਪ ਵਿਚ ਸਾਮ੍ਹਣੇ ਆਉਂਦਾ ਹੈ। ਇਹ ਉਹ ਕੁਜ਼ਕੋ ਹੈ ਜੋ ਤੁਹਾਨੂੰ ਰੱਖਿਆ ਲਈ ਲੜਾਕੂ ਬਣਨ ਲਈ ਬੁਲਾਉਂਦਾ ਹੈ, ਹੱਥਾਂ ਨਾਲ ਹੱਥ ਮਿਲਾ ਕੇ ਇਕਾ ਜੀਵਨ ਦੀ ਰੱਖਿਆ ਲਈ ਸੱਦਦਾ ਹੈ।
–––––––––––––––––––
ਮਾਮਾ ਓਕਲੋ ਮਾਨਕੋ ਕਾਪਾਕ ਦੀ ਭੈਣ/ਪਤਨੀ ਸੀ ਜੋ ਇਕ ਦੰਤ ਕਥਾ ਮੁਤਾਬਿਕ ਪਹਿਲਾਂ ਇਕਾ ਰਾਜਾ ਸੀ। ਇਹ ਦੋਵੇਂ ਟਿਟੀਕਾਨਾ ਝੀਲ ਦੇ ਕੋਲ ਪੈਦਾ ਹੋਏ ਤੇ ਪਲੇ। ਇਨ੍ਹਾਂ ਨੂੰ ਤਾਕਤ ਤੇ ਨਾਰੀਤਵ ਦੇ ਪ੍ਰਤੀਕ ਕਿਹਾ ਜਾਂਦਾ ਹੈ। ਵੀਰਾਕੋਂਚਾ ਇਕਾਵਾਂ ਦਾ ਦੇਵਤਾ ਸੀ। ਚਾਰ ਹਿੱਸਿਆਂ ਵਿੱਚ ਵੰਡਿਆ। ਤਾਹਾਨਾਤਿਨਸਿਓ ਇਕਾਵਾਂ ਦਾ ਸੰਸਾਰ ਸੀ, ਜਿਸਦਾ ਕੇਂਦਰ ਕੁਜ਼ਕੋ ਸੀ।