ਭਰ ਯਾਦ ਰੱਖੇਂਗਾ।"
ਹਾਥੀ ਕੁਝ ਨਹੀਂ ਬੋਲਿਆ : ਉਸਨੇ ਚੁੱਪ-ਚਾਪ ਆਪਣੀ ਸੁੰਢ ਬਘਿਆੜ ਦੇ ਲੱਕ ਦੁਆਲੇ ਲਪੇਟੀ ਅਤੇ ਚੁੱਕ ਕੇ ਬਦਬੂਦਾਰ ਪਾਣੀ ਵਿੱਚ ਸੁੱਟ ਦਿੱਤਾ, ਫਿਰ ਉਹ ਬਘਿਆੜ ਦੀ ਗੁਫ਼ਾ 'ਤੇ ਬੈਠ ਗਿਆ।
"ਇਹ ਹੈ ਤੇਰਾ ਨਵਾਂ ਘਰ !" ਹਾਥੀ ਨੇ ਬਘਿਆੜ ਨੂੰ ਕਿਹਾ ਅਤੇ ਚਲਿਆ ਗਿਆ।
"ਮੈਂ ਕੁੱਝ ਵੀ ਨਹੀਂ ਸਮਝ ਰਿਹਾ" ਹੌਲ਼ੀ-ਹੌਲ਼ੀ ਹੋਸ਼ ਵਿੱਚ ਆਉਣ ਤੇ ਹੈਰਾਨ ਹੋਏ ਬਘਿਆੜ ਨੇ ਕਿਹਾ, "ਹਾਥੀ ਪਹਿਲਾਂ ਮੈਥੋਂ ਡਰਿਆ, ਮਾਫ਼ੀ ਮੰਗੀ, ਫਿਰ ਗਿਆ ਅਤੇ ਇਹ ਕਰ ਦਿੱਤਾ। ਨਹੀਂ, ਨਹੀਂ, ਸੱਚੀਂ ਹੀ ਮੈਂ ਹਾਲੇ ਵੀ ਕੁੱਝ ਨਹੀਂ ਸਮਝਿਆ।"
"ਓਹ ਮੂਰਖਾ!" ਬੁੱਢਾ ਕਾਲਾ ਕਾਂ ਚੀਕਿਆ ਜੋ ਇਹ ਸਭ ਕੁੱਝ ਦੇਖ ਰਿਹਾ ਸੀ। "ਤੂੰ ਡਰੂਪੂਣੇ ਅਤੇ ਭਲੇਮਾਣਸੀ 'ਚ ਫ਼ਰਕ ਨਹੀਂ ਸਮਝਦਾ। "
ਸ਼ੀਸ਼ਾ
ਬਹੁਤ ਪਹਿਲਾਂ ਇੱਕ ਬੁਰੀ ਆਦਤ ਵਾਲਾ ਦਰਿਆਈ ਘੋੜਾ ਰਹਿੰਦਾ ਸੀ, ਲੋਕਾਂ ਨੂੰ ਖਿਝਾਉਣਾ ਉਹਨੂੰ ਚੰਗਾ ਲਗਦਾ ਸੀ।
"ਓ ਕੁੱਬੇ !" ਊਠ ਨੂੰ ਦੇਖਕੇ ਉਹ ਚੀਕਦਾ।
"ਕੌਣ ਕੁੱਬਾ ? ਮੈਂ ?" ਊਠ ਗੁੱਸੇ 'ਚ ਕਹਿੰਦਾ।
"ਵਾਹ, ਜੇ ਮੇਰੇ ਤਿੰਨ ਕੁੱਬ ਹੁੰਦੇ ਤਾਂ ਮੈਂ ਹੋਰ ਵੀ ਜ਼ਿਆਦਾ ਸੋਹਣਾ ਦਿਸਦਾ।”
"ਓ ਮੋਟੂ!" ਉਹ ਹਾਥੀ ਨੂੰ ਅਵਾਜ਼ ਮਾਰਦਾ, "ਤੇਰਾ ਅੱਗਾ ਕਿੱਧਰ ਹੈ ਅਤੇ ਪਿੱਛਾ ਕਿੱਧਰ ? ਦੋਵੇਂ ਇੱਕੋ ਜਿਹੇ ਦਿਸਦੇ ਨੇ!"
ਚੰਗੇ ਸੁਭਾਅ ਵਾਲਾ ਹਾਥੀ ਖੁਦ ਨੂੰ ਕਹਿੰਦਾ, "ਮੈਂ ਹੈਰਾਨ ਆਂ ਕਿ ਉਹ ਮੈਨੂੰ ਤੰਗ ਕਿਉਂ ਕਰੀ ਜਾਂਦਾ ਏ ? ਮੈਂ ਆਪਣੀ ਸੁੰਢ ਨੂੰ ਪਸੰਦ ਕਰਦਾ ਹਾਂ ਅਤੇ ਇਹ ਮੇਰੀ ਪੂੰਛ ਵਰਗੀ ਨਹੀਂ ਲਗਦੀ।"
"ਸੇਮ ਦੀ ਡੰਡੀ!” ਕਹਿ ਕੇ ਉਹ ਜਿਰਾਫ 'ਤੇ ਹੱਸਦਾ।
"ਅਜੀਬ ਰੰਗ-ਰੂਪ ਵਾਲਾ ਤਾਂ ਤੂੰ ਏਂ", ਜ਼ਿਰਾਫ ਦਰਿਆਈ ਘੋੜੇ ਨੂੰ ਹੇਠੋਂ ਉੱਪਰ ਤੱਕ ਦੇਖਦੇ
ਹੋਏ ਕਹਿੰਦਾ, "ਖੁਦ ਨੂੰ ਦੇਖਿਆ ਹੈ ਕਦੇ?"
ਸਾਰੇ ਜਾਨਵਰਾਂ ਨੂੰ ਇੱਕ ਸ਼ੀਸ਼ਾ ਮਿਲ ਗਿਆ ਅਤੇ ਉਹ ਦਰਿਆਈ ਘੋੜੇ ਨੂੰ ਲੱਭਣ ਤੁਰ ਪਏ। ਉਸੇ ਸਮੇਂ ਉਹ ਸ਼ਤਰਮੁਰਗ ਨੂੰ ਖਿਝਾਉਂਦੇ ਹੋਏ ਕਹਿ ਰਿਹਾ ਸੀ-
"ਓ ਸੁੱਕੀਆਂ ਨੰਗੀਆਂ ਲੱਤਾਂ ਵਾਲੇ ਜੀਵ। ਤੈਨੂੰ ਪੰਛੀ ਮੰਨਿਆ ਜਾ ਸਕਦਾ ਹੈ ਪਰ ਤੂੰ ਉੱਡ ਨਹੀਂ ਸਕਦਾ।"
ਸ਼ੁਤਰਮੁਰਗ ਇੰਨਾ ਦੁਖੀ ਹੋਇਆ ਕਿ ਉਹਨੇ ਆਪਣਾ ਸਿਰ ਰੇਤੇ ਵਿੱਚ ਗੱਡ ਦਿੱਤਾ।
"ਓ, ਸੁਣ", ਊਠ ਉਹਦੇ ਕੋਲ ਆ ਕੇ ਬੋਲਿਆ, "ਤੂੰ ਕੀ ਸੋਚਦਾ ਏਂ ਕਿ ਤੂੰ ਬਹੁਤ ਸੋਹਣਾ ਏ ?"
"ਬਿਲਕੁਲ" ਦਰਿਆਈ ਘੋੜੇ ਨੇ ਜਵਾਬ ਦਿੱਤਾ, "ਇਹਦੇ ਵਿੱਚ ਕੋਈ ਸ਼ੱਕ ਏ ?"
"ਠੀਕ ਏ, ਤੂੰ ਖੁਦ ਨੂੰ ਦੇਖ ਲੈ।" ਅਤੇ ਹਾਥੀ ਨੇ ਉਹਦੇ ਹੱਥ ਵਿੱਚ ਸ਼ੀਸ਼ਾ ਫੜਾ ਦਿੱਤਾ।
ਦਰਿਆਈ ਘੋੜੇ ਨੇ ਸ਼ੀਸ਼ੇ ਵਿੱਚ ਦੇਖਿਆ ਤੇ ਹੱਸਣਾ ਸ਼ੁਰੂ ਕਰ ਦਿੱਤਾ।
"ਹਾ-ਹਾ-ਹਾ! ਹੋ-ਹੋ-ਹੋ! ਕੌਣ ਏ ਇਹ ਬਦਸੂਰਤ ਜੀਵ ?"
ਜਿਵੇਂ-ਜਿਵੇਂ ਉਹ ਸ਼ੀਸ਼ੇ ਵਿੱਚ ਖੁਦ ਨੂੰ ਦੇਖਦਾ ਜਾ ਰਿਹਾ ਸੀ, ਅਤੇ ਹੱਸਦੇ ਹੋਏ ਗੱਲ ਨੂੰ ਟਾਲ ਰਿਹਾ ਸੀ, ਹਾਥੀ, ਜ਼ਿਰਾਫ, ਊਠ ਅਤੇ ਸ਼ੁਤਰਮੁਰਗ ਸਮਝ ਗਏ ਕਿ ਅਸਲ ਵਿੱਚ ਦਰਿਆਈ ਘੋੜਾ ਹੱਕਾ ਬੱਕਾ ਰਹਿ ਗਿਆ ਹੈ।
ਉਸ ਦਿਨ ਤੋਂ ਉਹਨਾਂ ਨੇ ਉਸਦੇ ਮਜ਼ਾਕਾਂ ਉੱਪਰ ਧਿਆਨ ਦੇਣਾ ਛੱਡ ਦਿੱਤਾ।
ਜਿਹਾ ਕਰੋਗੇ ਤਿਹਾ ਭਰੋਗੇ
ਖ਼ਰਗੋਸ਼ ਅਤੇ ਉਸਦੀ ਪਤਨੀ ਨੇ ਜੰਗਲ ਵਿੱਚ ਆਪਣੇ ਲਈ ਇੱਕ ਛੋਟਾ ਜਿਹਾ ਘਰ ਬਣਾਇਆ। ਉਹਨਾਂ ਨੇ ਝਾੜੂ ਫੇਰ ਕੇ ਮੈਦਾਨ ਨੂੰ ਸਾਫ਼ ਕੀਤਾ। ਹੁਣ ਉਹਨਾਂ ਦੇ ਕਰਨ ਲਈ ਇੱਕ ਵੱਡਾ ਕੰਮ ਬਾਕੀ ਬਚਿਆ ਸੀ- ਰਸਤੇ 'ਚ ਪਏ ਵੱਡੇ ਪੱਥਰ ਨੂੰ ਪਾਸੇ ਕਰਨਾ।
"ਚਲੋ ਆਪਾਂ ਰਲਕੇ ਧੱਕਾ ਲਗਾਉਂਦੇ ਹਾਂ ਅਤੇ ਇਸਨੂੰ ਰਸਤੇ 'ਚੋਂ ਪਾਸੇ ਕਰ ਦਿੰਦੇ ਹਾਂ," ਖ਼ਰਗੋਸ਼ ਦੀ ਪਤਨੀ ਨੇ ਕਿਹਾ।
"ਕਿਉਂ ਪ੍ਰੇਸ਼ਾਨ ਹੁੰਨੀ ਏਂ ?” ਖ਼ਰਗੋਸ਼ ਨੇ ਕਿਹਾ, "ਉਹਨੂੰ ਉਥੇ ਹੀ ਪਿਆ ਰਹਿਣ ਦੇ, ਜੇ ਕਿਸੇ ਨੇ ਲੰਘਣਾ ਹੋਇਆ ਤਾਂ ਉਹਦੇ ਪਾਸਿਓਂ ਦੀ ਲੰਘ ਸਕਦਾ ਹੈ।"
ਅਤੇ ਇਸ ਤਰ੍ਹਾਂ ਪੱਥਰ ਉਹਨਾਂ ਦੇ ਬਿਲਕੁਲ ਸਾਹਮਣੇ ਕੁੱਝ ਦੂਰੀ 'ਤੇ ਪਿਆ ਰਿਹਾ।
ਇੱਕ ਦਿਨ ਖ਼ਰਗੋਸ਼ ਬਗੀਚਿਓਂ ਉੱਛਲਦਾ-ਕੁੱਦਦਾ ਘਰ ਆ ਰਿਹਾ ਸੀ ਅਤੇ ਭੁੱਲ ਗਿਆ ਕਿ
ਰਸਤੇ 'ਚ ਪੱਥਰ ਪਿਆ ਹੈ। ਉਹ ਬੁਰੀ ਤਰ੍ਹਾਂ ਲੜਖੜਾ ਕੇ ਡਿਗ ਪਿਆ ਅਤੇ ਉਸਦਾ ਨੱਕ ਟੁੱਟ ਗਿਆ।
'ਚਲੋ ਪੱਥਰ ਪਾਸੇ ਕਰੀਏ," ਉਸਦੀ ਪਤਨੀ ਨੇ ਫਿਰ ਕਿਹਾ, "ਦੇਖ ਤੂੰ ਖੁਦ ਨੂੰ ਜ਼ਖਮੀਂ ਕਰ ਲਿਆ ਏ।"
"ਤਾਂ ਕੀ ਹੋਇਆ।” ਖ਼ਰਗੋਸ਼ ਨੇ ਕਿਹਾ, "ਮੈਨੂੰ ਕੋਈ ਬਹੁਤੀ ਸੱਟ ਨਹੀਂ ਵੱਜੀ।"
ਥੋੜੀ ਦੇਰ ਬਾਅਦ ਖ਼ਰਗੋਸ਼ ਦੀ ਪਤਨੀ ਇੱਕ ਭਾਂਡੇ ਵਿੱਚ ਗਰਮ ਸੂਪ ਲੈ ਕੇ ਆਈ ਅਤੇ ਉਹਨੂੰ ਬਾਹਰ ਮੇਜ਼ 'ਤੇ ਰੱਖ ਦਿੱਤਾ। ਖ਼ਰਗੋਸ਼ ਬੇਚੈਨੀ ਨਾਲ ਮੇਜ਼ 'ਤੇ ਚਮਚਾ ਖੜਕਾ ਰਿਹਾ ਸੀ, ਉਹ ਖ਼ਰਗੋਸ਼ ਨੂੰ ਦੇਖਣ ਲੱਗੀ ਅਤੇ ਸਾਹਮਣੇ ਪਏ ਪੱਥਰ ਨੂੰ ਭੁੱਲ ਗਈ ਅਤੇ
ਉਸ ਨਾਲ ਟਕਰਾ ਗਈ ਜਿਸ ਨਾਲ ਸਾਰਾ ਸੂਪ ਡੁੱਲ ਗਿਆ ਅਤੇ ਉਹ ਮੱਚ ਗਈ। ਪੱਥਰ ਉਹਨਾਂ ਲਈ ਇੱਕ ਅਜਿਹੀ ਮੁਸੀਬਤ ਬਣ ਗਿਆ ਸੀ ਜਿਸਦਾ ਕੋਈ ਅੰਤ ਨਹੀਂ ਸੀ।
“ਚੱਲ ਇਸ ਪੱਥਰ ਨੂੰ ਪਾਸੇ ਕਰ ਦੇਈਏ।" ਖ਼ਰਗੋਸ਼ ਦੀ ਪਤਨੀ ਨੇ ਤਰਲਾ ਕੀਤਾ, "ਅਣਜਾਣੇ ਵਿੱਚ ਕਿਸੇ ਦਾ ਵੀ ਸਿਰ ਇਸ ਨਾਲ ਜ਼ਖਮੀਂ ਹੋ ਸਕਦਾ ਹੈ।
"ਉਹਨੂੰ ਉੱਥੇ ਹੀ ਪਿਆ ਰਹਿਣ ਦੇ, ਜਿੱਥੇ ਉਹ ਹੈ!" ਅੜੀਅਲ ਖ਼ਰਗੋਸ਼ ਨੇ ਜਵਾਬ ਦਿੱਤਾ।